For the best experience, open
https://m.punjabitribuneonline.com
on your mobile browser.
Advertisement

ਵੜਿੰਗ ਦੇ ਪੋਸਟਰਾਂ ਤੋਂ ਸੀਨੀਅਰ ਆਗੂਆਂ ਦੀਆਂ ਤਸਵੀਰਾਂ ਗਾਇਬ

08:08 AM May 10, 2024 IST
ਵੜਿੰਗ ਦੇ ਪੋਸਟਰਾਂ ਤੋਂ ਸੀਨੀਅਰ ਆਗੂਆਂ ਦੀਆਂ ਤਸਵੀਰਾਂ ਗਾਇਬ
ਲੁਧਿਆਣਾ ਵਿੱਚ ਲੱਗੇ ਹੋਏ ਰਾਜਾ ਵੜਿੰਗ ਦੇ ਪੋਸਟਰ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਮਈ
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸ਼ਹਿਰ ’ਚ ਲੱਗੇ ਪੋਸਟਰਾਂ ਤੋਂ ਨਵੀਂ ਚਰਚਾ ਛਿੜ ਗਈ ਹੈ। ਸ਼ਹਿਰ ’ਚ ਲੱਗੇ ਪੋਸਟਰਾਂ ’ਤੇ ਰਾਜਾ ਵੜਿੰਗ ਨੂੰ ਛੱਡ ਕੇ ਬਾਕੀ ਸਾਰੇ ਹੀ ਸੀਨੀਅਰ ਆਗੂਆਂ ਦੀਆਂ ਤਸਵੀਰਾਂ ਗਾਇਬ ਹਨ। ਪੋਸਟਰਾਂ ’ਤੇ ਕਿਸੇ ਵੱਡੇ ਆਗੂ ਦੀ ਤਸਵੀਰ ਨਾ ਲਾਉਣ ’ਤੇ ਕਾਂਗਰਸ ਛੱਡ ਭਾਜਪਾ ’ਚ ਗਏ ਰਾਜਾ ਵੜਿੰਗ ਦੇ ਪੁਰਾਣੇ ਸਾਥੀ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਰਾਹੀਂ ਤਨਜ਼ ਕੱਸਿਆ। ਉਨ੍ਹਾਂ ਸ਼ਹਿਰ ’ਚ ਲੱਗੇ ਪੋਸਟਰਾਂ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਰਾਜਾ ਵੜਿੰਗ ਨੂੰ ਰਗੜੇ ਲਗਾਏ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਖੁਦ ਨੂੰ ‘ਵਨ ਮੈਨ ਆਰਮੀ’ ਸਮਝ ਰਹੇ ਹਨ ਤੇ ਕਿਸੇ ਵੱਡੇ ਆਗੂ ਨੂੰ ਤਰਜੀਹ ਨਹੀਂ ਦਿੱਤੀ ਗਈ। ਜਾਣਕਾਰੀ ਅਨੁਸਾਰ ਸ਼ਹਿਰ ’ਚ ਰਾਜਾ ਵੜਿੰਗ ਦੇ ਪ੍ਰਚਾਰ ਲਈ ਪੋਸਟਰ ਲਾਏ ਗਏ ਹਨ, ਜੋ ਪੋਸਟਰ ਲਾਏ ਗਏ ਹਨ, ਉਸ ’ਤੇ ਸਿਰਫ਼ ਰਾਜਾ ਵੜਿੰਗ ਦੀ ਤਸਵੀਰ ਹੈ ਤੇ ਚੋਣ ਚਿੰਨ੍ਹ ਦੇ ਨਾਲ ਨਾਲ ਹੱਥ ਬਦਲੇਗਾ ਹਾਲਾਤ ਲਿਖਿਆ ਹੈ। ਪੋਸਟਰ ਸ਼ਹਿਰ ਦੀਆਂ ਕੰਧਾਂ ’ਤੇ ਚਿਪਕਾਏ ਗਏ ਹਨ ਜਿਸ ’ਤੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਕਿਹਾ, ‘‘ਤੁਹਾਡੇ ਪੋਸਟਰਾਂ ਤੋਂ ਗਾਂਧੀ ਪਰਿਵਾਰ ਦੀਆਂ ਗਾਇਬ ਤਸਵੀਰਾਂ ਉਨ੍ਹਾਂ ਦੀ ਘਟ ਰਹੀ ਲੋਕਪ੍ਰਿਯਤਾ ਨੂੰ ਦਰਸਾ ਰਹੀਆਂ ਹਨ।’’ ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਆਪਣੇ ਕਿਸੇ ਵੀ ਪੋਸਟਰ ’ਤੇ ਕਿਸੇ ਵੀ ਆਗੂ ਦੀ ਤਸਵੀਰ ਨਹੀਂ ਲਗਾਈ, ਜਿਸ ਤੋਂ ਪਤਾ ਲਗਦਾ ਹੈ ਕਿ ਗਾਂਧੀ ਪਰਿਵਾਰ ਤੋਂ ਰਾਜਾ ਵੜਿੰਗ ਨੂੰ ਡਰ ਲੱਗਦਾ ਹੈ, ਕਿਉਂਕਿ ਲੋਕ ਗਾਂਧੀ ਪਰਿਵਾਰ ਤੋਂ ਦੂਰੀ ਬਣਾ ਰਹੇ। ਇਸੇ ਕਰਕੇ ਉਨ੍ਹਾਂ ਨੇ ਗਾਂਧੀ ਪਰਿਵਾਰ ਸਣੇ ਹੋਰ ਵੀ ਸੀਨੀਅਰ ਆਗੂਆਂ ਦੀਆਂ ਤਸਵੀਰਾਂ ਆਪਣੇ ਪੋਸਟਰਾਂ ਤੋਂ ਗਾਇਬ ਕਰ ਦਿੱਤੀਆਂ ਹਨ।

Advertisement

Advertisement
Author Image

sukhwinder singh

View all posts

Advertisement
Advertisement
×