For the best experience, open
https://m.punjabitribuneonline.com
on your mobile browser.
Advertisement

ਪੰਜਾਬ ਭਵਨ ’ਚ ਪੰਜਾਬੀ ਸਾਹਿਤਕਾਰਾਂ ਦੀਆਂ ਤਸਵੀਰਾਂ ਲਾਈਆਂ

08:06 AM Nov 15, 2024 IST
ਪੰਜਾਬ ਭਵਨ ’ਚ ਪੰਜਾਬੀ ਸਾਹਿਤਕਾਰਾਂ ਦੀਆਂ ਤਸਵੀਰਾਂ ਲਾਈਆਂ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਨਵੰਬਰ
ਭਾਸ਼ਾ ਵਿਭਾਗ ਨੇ ਇੱਥੇ ਅੱਜ ਪੰਜਾਬੀ ਸਾਹਿਤਕਾਰਾਂ ਦੀਆਂ 10 ਤਸਵੀਰਾਂ ਪੰਜਾਬ ਭਵਨ ਦੇ ਏ-ਬਲਾਕ ਦੇ ਵਰਾਂਡਿਆਂ ਅਤੇ ਗੈਲਰੀਆਂ ਵਿੱਚ ਲਗਾਈਆਂ। ਕੁਝ ਸਮਾਂ ਪਹਿਲਾਂ ਭਾਸ਼ਾ ਵਿਭਾਗ ਨੇ ਦਿੱਲੀ ਵਿੱਚ ਸਥਿਤ ਪੰਜਾਬ ਭਵਨ ਵਿੱਚ ਪੰਜਾਬੀ ਸਾਹਿਤ, ਭਾਸ਼ਾ ਅਤੇ ਚਿੰਤਨ ਦੇ ਉੱਘੇ ਸਿਤਾਰਿਆਂ ਦੀਆਂ ਤਸਵੀਰਾਂ ਲਗਾਉਣ ਦਾ ਫ਼ੈਸਲਾ ਕੀਤਾ ਸੀ। ਪ੍ਰਵੇਸ਼ ਮੰਜ਼ਿਲ ’ਤੇ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਅਤੇ ਪੰਜਾਬੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ। ਪਹਿਲੀ ਮੰਜ਼ਿਲ ’ਤੇ ਮੁੱਖ ਮੰਤਰੀ ਪੰਜਾਬ ਦੇ ਦਫ਼ਤਰੀ ਕਮਰੇ ਨੇੜੇ ਸ਼ਿਵ ਕੁਮਾਰ ਬਟਾਲਵੀ, ਪਾਸ਼ ਅਤੇ ਸੁਰਜੀਤ ਪਾਤਰ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਇਸੇ ਤਰ੍ਹਾਂ ਦੂਜੀ ਮੰਜ਼ਿਲ ’ਤੇ ਪੰਜਾਬੀ ਨਾਟਕ ਦੇ ਪਿਤਾਮਾ ਈਸ਼ਵਰ ਚੰਦਰ ਨੰਦਾ ਅਤੇ ਪੰਜਾਬੀ ਕਲਾ ਦੇ ਸ਼ਾਹਜਹਾਂ ਡਾ. ਮਹਿੰਦਰ ਸਿੰਘ ਰੰਧਾਵਾ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਤੀਜੀ ਮੰਜ਼ਿਲ ’ਤੇ ਪ੍ਰਗਤੀਵਾਦੀ ਸ਼ਾਇਰਾਂ ਬਾਵਾ ਬਲਵੰਤ, ਲਾਲ ਸਿੰਘ ਦਿਲ ਦੇ ਨਾਲ-ਨਾਲ ਕਵੀ ਫਿਰੋਜ਼ਦੀਨ ਸ਼ਰਫ਼ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।
ਇਸ ਮੌਕੇ ਰੈਜ਼ੀਡੈਂਟ ਕਮਿਸ਼ਨਰ ਸ਼ਰੂਤੀ ਸਿੰਘ ਨੇ ਦੱਸਿਆ ਕਿ ਪੰਜਾਬ ਭਵਨ ਦੇ ਕਮਰਿਆਂ ਵਿੱਚ ਵੀ ਪੰਜਾਬ ਦੀ ਰੂਹ ਨੂੰ ਦਰਸਾਉਂਦੀਆਂ ਕਲਾ ਕਿਰਤਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਸ ਮੌਕੇ ਡਿਪਟੀ ਰੈਜੀਡੈਂਟ ਕਮਿਸ਼ਨਰ ਸ੍ਰੀਮਤੀ ਅਸਿਤਾ ਸ਼ਰਮਾ, ਭਾਸ਼ਾ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਅਲੋਕ ਚਾਵਲਾ ਅਤੇ ਸਥਾਨਕ ਦਫਤਰ ਦੀ ਇੰਚਾਰਜ ਕਰੁਣਾ ਵੀ ਮੌਜੂਦ ਸਨ।

Advertisement

ਸੌ ਦੇ ਕਰੀਬ ਹੋਰ ਤਸਵੀਰਾਂ ਬਣਨਗੀਆਂ ਪੰਜਾਬ ਭਵਨ ਦਾ ਸ਼ਿੰਗਾਰ: ਜ਼ਫ਼ਰ

ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਕੁੱਲ 100 ਦੇ ਕਰੀਬ ਪੰਜਾਬੀ ਦੇ ਸਵਰਗੀ ਕਵੀਆਂ, ਲੇਖਕਾਂ, ਚਿੰਤਕਾਂ ਅਤੇ ਭਾਸ਼ਾ ਕਰਮੀਆਂ ਦੀਆਂ ਤਸਵੀਰਾਂ ਪੰਜਾਬ ਭਵਨ ਦੇ ਦੋਵਾਂ ਬਲਾਕਾਂ ਦੀਆਂ ਸਾਰੀਆਂ ਮੰਜ਼ਿਲਾਂ ’ਤੇ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਭਵਨ ਦੀ ਡਿਓਢੀ ਵਿੱਚ ਭਾਸ਼ਾ ਵਿਭਾਗ ਦੀਆਂ ਪ੍ਰਕਾਸ਼ਿਤ ਪੁਸਤਕਾਂ ਦੀ ਪ੍ਰਦਰਸ਼ਨੀ ਲੱਗਣ ਨਾਲ ਵਿਭਾਗ ਦੇ ਸਥਾਨਕ ਦਫਤਰ ਅਤੇ ਕਿਤਾਬਾਂ ਦੇ ਵਿਕਰੀ ਕੇਂਦਰ ਵਿੱਚ ਪਾਠਕਾਂ ਦਾ ਰੁਝਾਨ ਕਾਫ਼ੀ ਵਧਿਆ ਹੈ ਅਤੇ ਕਿਤਾਬਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ।

Advertisement

Advertisement
Author Image

sukhwinder singh

View all posts

Advertisement