For the best experience, open
https://m.punjabitribuneonline.com
on your mobile browser.
Advertisement

ਰਿਸ਼ਤਿਆਂ ਦੀ ਤਸਵੀਰ

07:31 AM Oct 06, 2024 IST
ਰਿਸ਼ਤਿਆਂ ਦੀ ਤਸਵੀਰ
Advertisement

ਜਸਬੀਰ ਭੁੱਲਰ

Advertisement

ਮੇਰੇ ਤਰਨ ਤਾਰਨ ਵਾਲੇ ਘਰ ਦੀ ਬੈਠਕ ਵਿੱਚ ਕੰਧ ਉੱਤੇ ਇੱਕ ਤਸਵੀਰ ਲਟਕੀ ਹੋਈ ਹੁੰਦੀ ਸੀ। ਉਹ ਤਸਵੀਰ ਇਕੋਤਰ ਸੌ ਵਰ੍ਹੇ ਪੁਰਾਣੀ ਸੀ। ਉਨ੍ਹਾਂ ਇਕੋਤਰ ਸੌ ਵਰ੍ਹਿਆਂ ਵਿੱਚ ਹੁਣ ਮੇਰੀ ਉਮਰ ਵੀ ਜਮ੍ਹਾਂ ਹੋ ਗਈ ਹੈ।
ਪੁਰਾਣੇ ਸਮਿਆਂ ਵਿੱਚ ਤਸਵੀਰ ਖਿਚਵਾਉਣਾ ਜ਼ਿੰਦਗੀ ਦੀ ਅਹਿਮ ਘਟਨਾ ਹੁੰਦੀ ਸੀ। ਪੂਰੀ ਉਮਰ ਵਿੱਚ ਇੱਕ ਜਣੇ ਦੀਆਂ ਮਸਾਂ ਦੋ ਕੁ ਤਸਵੀਰਾਂ ਹੀ ਉੱਤਰਦੀਆਂ ਸਨ, ਇੱਕ ਬਚਪਨ ਵਿੱਚ ਤੇ ਦੂਸਰੀ ਆਖ਼ਰੀ ਵੇਲੇ। ਕਈਆਂ ਦੇ ਨਸੀਬ ਵਿੱਚ ਤਾਂ ਇੱਕ ਤਸਵੀਰ ਵੀ ਨਹੀਂ ਸੀ ਹੁੰਦੀ।
ਤਸਵੀਰ ਖਿਚਵਾਉਣ ਵਾਲੇ ਨੂੰ ਫੋਟੋਗਰਾਫਰ ਤਸਵੀਰ ਦੀਆਂ ਤਿੰਨ ਕਾਪੀਆਂ ਦਿੰਦਾ ਸੀ। ਉਸ ਤਸਵੀਰ ਦੀਆਂ ਵੀ ਜ਼ਰੂਰ ਤਿੰਨ ਕਾਪੀਆਂ ਹੀ ਹੋਣਗੀਆਂ। ਇੱਕ ਤਸਵੀਰ ਮੇਰੇ ਘਰ ਦੀ ਕੰਧ ਉੱਤੇ ਸੀ। ਬਾਕੀ ਦੀਆਂ ਦੋ ਤਸਵੀਰਾਂ ਦੀ ਮੈਨੂੰ ਕਦੀ ਸੂਹ ਨਹੀਂ ਮਿਲੀ।
ਉਹ ਤਸਵੀਰ ਮੇਰੀ ਰਹਿਤਲ ਦੇ ਪਾਤਰਾਂ ਦੀ ਸੀ। ਜਦੋਂ ਮੈਂ ਕੁਝ ਵੱਡਾ ਹੋਇਆ ਤਾਂ ਤਸਵੀਰ ਆਪਣੇ ਬਾਰੇ ਆਪੇ ਦੱਸਣ ਲੱਗ ਪਈ ਸੀ।
ਤਸਵੀਰ ਵਿੱਚ ਦੋ ਜਣੇ ਕੁਰਸੀਆਂ ਉੱਤੇ ਬੈਠੇ ਹੋਏ ਹਨ। ਇੱਕ ਕੁਰਸੀ ਉੱਤੇ ਮੇਰੇ ਨਾਨਾ ਗੁਜਰ ਸਿੰਘ ਸੰਧੂ ਤੇ ਦੂਜੀ ਉੱਤੇ ਨਾਨੀ ਇੰਦਰ ਕੌਰ। ਨਾਨੇ ਦੀਆਂ ਲੱਤਾਂ ਵਿੱਚ ਸੁਰਮੁਖ ਸਿੰਘ ਖੜ੍ਹਾ ਹੈ ਤੇ ਨਾਨੀ ਦੀ ਗੋਦੀ ਵਿੱਚ ਜਗਜੀਤ ਸਿੰਘ। ਇਹ ਮੇਰੇ ਦੋ ਮਾਮਿਆਂ ਦੀ ਤਸਵੀਰ ਸੀ, ਨਿੱਕੇ ਹੁੰਦਿਆਂ ਦੀ। ਮੈਨੂੰ ਇਹੀ ਦੱਸਿਆ ਗਿਆ ਸੀ।
ਤਸਵੀਰ ਦਾ ਕੋਈ ਵੀ ਪਾਤਰ ਹੁਣ ਇਸ ਦੁਨੀਆ ਵਿੱਚ ਨਹੀਂ।
ਉਸ ਤਸਵੀਰ ਵਿੱਚ ਮੇਰੀ ਮਾਂ ਕਿੱਧਰੇ ਵੀ ਨਹੀਂ। ਉਦੋਂ ਤਕ ਮੇਰੀ ਮਾਂ ਇਸ ਦੁਨੀਆ ਵਿੱਚ ਨਹੀਂ ਸੀ ਆਈ।
ਇਹ ਤਸਵੀਰ ਮਲਾਇਆ ਦੇਸ਼ ਦੇ ਸ਼ਹਿਰ ਪੀਨਾਂਗ ਦੇ ਕਿਸੇ ਨੇੜਲੇ ਕਸਬੇ ਵਿੱਚ ਉਤਰਵਾਈ ਗਈ ਸੀ।
ਸੁਰਮੁਖ ਸਿੰਘ ਦਾ ਜਨਮ 6 ਜਨਵਰੀ 1908 ਦਾ ਹੈ (ਅਸਲੀ ਵਰ੍ਹਾ 1906)। ਤਸਵੀਰ ਵਿੱਚ ਸੁਰਮੁਖ ਸਿੰਘ ਦੀ ਉਮਰ ਸੱਤ ਕੁ ਸਾਲ ਦੀ ਪ੍ਰਤੀਤ ਹੁੰਦੀ ਹੈ। ਅਨੁਮਾਨ ਅਨੁਸਾਰ ਤਸਵੀਰ ਉਤਰਵਾਉਣ ਦਾ ਵਰ੍ਹਾ 1914 ਦੇ ਨੇੜੇ ਦਾ ਜਾਪਦਾ ਹੈ।
ਨਾਨਾ ਗੁਜਰ ਸਿੰਘ ਦੇ ਮਲਾਇਆ ਵਿੱਚ ਰਬੜ ਦੇ ਬਾਗ਼ ਸਨ। ਉਹ ਜ਼ਿਆਦਾਤਰ ਉੱਥੇ ਹੀ ਰਹਿੰਦੇ ਸਨ ਤੇ ਵਿੱਚ ਵਿਚਾਲੇ ਆਪਣੇ ਪਿੰਡ ਮੋਹਨਪੁਰ ਆ ਜਾਂਦੇ ਸਨ। ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਉਨ੍ਹਾਂ ਇੱਕ ਵਿਧਵਾ ਨਾਲ ਵਿਆਹ ਕੀਤਾ ਸੀ। ਸੁਰਮੁਖ ਸਿੰਘ ਨਾਨੀ ਇੰਦਰ ਕੌਰ ਦੇ ਪਹਿਲੇ ਵਿਆਹ ਵਿੱਚੋਂ ਸੀ।
ਨਾਨਾ ਗੁਜਰ ਸਿੰਘ ਨੇ ਸੁਰਮੁਖ ਸਿੰਘ ਨੂੰ ਆਪਣੇ ਪੁੱਤਰ ਵਜੋਂ ਹੀ ਅਪਣਾ ਲਿਆ ਸੀ। ਉਨ੍ਹਾਂ ਨਾਨੀ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਸੀ ਕਿ ਸੁਰਮੁਖ ਸਿੰਘ ਨੂੰ ਉਨ੍ਹਾਂ ਦੀ ਜ਼ਮੀਨ ਦਾ ਵੀ ਪੂਰਾ ਹਿੱਸਾ ਮਿਲੂ।
ਉਨ੍ਹਾਂ ਨਾਨੀ ਇੰਦਰ ਕੌਰ ਨੂੰ ਕਹੀ ਹੋਈ ਗੱਲ ਪੁਗਾ ਵੀ ਦਿੱਤੀ ਸੀ।…
ਆਪਣੇ ਨਾਨਕਾ ਪਿਛੋਕੜ ਦੀਆਂ ਇਹ ਸਾਰੀਆਂ ਗੱਲਾਂ ਮੈਂ ਮਾਂ ਦੇ ਮੂੰਹੋਂ ਸੁਣੀਆਂ ਸਨ।
ਫੇਰ ਮੈਂ ਉਸ ਉਮਰ ਨੂੰ ਪਹੁੰਚ ਗਿਆ ਸਾਂ ਜਦੋਂ ਜਗਿਆਸਾ ਨੇ ਮੇਰੇ ਅੰਦਰ ਅੱਖਾਂ ਖੋਲ੍ਹ ਲਈਆਂ ਸਨ। ਜਗਿਆਸਾ ਵੀ ਮੇਰੀ ਉਸ ਉਮਰ ਵਰਗੀ ਸੀ, ਬੜੀ ਪ੍ਰਬਲ।
ਮੈਨੂੰ ਮਾਂ ਨੇ ਦੱਸਿਆ ਸੀ ਕਿ ਕੰਧ ਵਾਲੀ ਤਸਵੀਰ ਦੇ ਉਹ ਦੋ ਬਾਲ ਮੇਰੇ ਮਾਮਾ ਜੀ ਸਨ।
ਸਕੂਲ ਦੀਆਂ ਸਾਲਾਨਾ ਛੁੱਟੀਆਂ ਮੈਂ ਅਕਸਰ ਮਾਮਾ ਜੀ ਜਗਜੀਤ ਸਿੰਘ ਸੰਧੂ ਹੁਰਾਂ ਕੋਲ ਕੱਟਦਾ ਸੀ। ਮਾਮਾ ਜੀ ਸੁਰਮੁਖ ਸਿੰਘ ਹੁਰਾਂ ਕੋਲ ਮੈਂ ਕਦੀ ਕਿਉਂ ਨਹੀਂ ਸਾਂ ਗਿਆ?
ਇੱਕ ਦਿਨ ਮੈਂ ਮਾਂ ਨੂੰ ਇਹ ਵੀ ਪੁੱਛਿਆ ਸੀ ਕਿ ਦਿੱਲੀ ਵਾਲੇ ਮਾਮਾ ਜੀ ਵਾਂਗੂੰ ਵੱਡੇ ਮਾਮਾ ਜੀ ਸਾਨੂੰ ਮਿਲਣ ਕਿਉਂ ਨਹੀਂ ਆਉਂਦੇ?
‘‘ਉਹ ਸ਼ਾਇਦ ਗੁੱਸੇ ਨੇ ਸਾਡੇ ਨਾਲ।’’ ਮਾਂ ਨੇ ਸੰਖੇਪ ਜਿਹਾ ਜਵਾਬ ਦਿੱਤਾ ਸੀ।
ਮੈਨੂੰ ਬਹੁਤ ਬਾਅਦ ਵਿੱਚ ਪਤਾ ਲੱਗਾ ਸੀ ਕਿ ਮਸ਼ਹੂਰ ਲੇਖਕ ਸ. ਸ. ਅਮੋਲ ਹੀ ਮੇਰੇ ਵੱਡੇ ਮਾਮਾ ਜੀ ਸਨ। ਉਦੋਂ ਤਕ ਮੈਂ ਉਨ੍ਹਾਂ ਨੂੰ ਬੱਸ ਸੁਰਮੁਖ ਸਿੰਘ ਦੇ ਨਾਂ ਨਾਲ ਹੀ ਜਾਣਦਾ ਸਾਂ।
ਜਦੋਂ ਮੈਂ ਲੇਖਕ ਹੋਣ ਵੱਲ ਅਹੁਲਿਆ ਤਾਂ ਮਾਮਾ ਜੀ ਸ. ਸ. ਅਮੋਲ ਨੂੰ ਮਿਲਣ ਅਤੇ ਜਾਣਨ ਦੀ ਇੱਛਾ ਤੀਬਰ ਹੋ ਗਈ। ਨਾਵਲ ‘ਗੁਲਾਬਾ’ ਸਮੇਤ ਮੈਂ ਉਨ੍ਹਾਂ ਦੀਆਂ ਕਈ ਕਿਤਾਬਾਂ ਪੜ੍ਹ ਲਈਆਂ।
ਮਾਮਾ ਜੀ ਜਗਜੀਤ ਸਿੰਘ ਸੰਧੂ ਦੀਆਂ ਰੁਚੀਆਂ ਵੀ ਸਾਹਿਤਕ ਸਨ। ਉਨ੍ਹਾਂ ਦੁਨੀਆ ਦਾ ਮਹਾਨ ਸਾਹਿਤ ਪੜ੍ਹਿਆ ਹੋਇਆ ਸੀ। ਉਹ ਅਮਰੀਕਨ ਸਫ਼ਾਰਤਖਾਨੇ ਵਿੱਚ ਨੌਕਰੀ ਕਰਦੇ ਸਨ। ਫੁਰਸਤ ਦੇ ਪਲਾਂ ਵਿੱਚ ਉਹ ਸਾਹਿਤ ਪੜ੍ਹਦੇ ਸਨ ਤੇ ਲਿਖਦੇ ਸਨ। ਉਨ੍ਹਾਂ ਦੀਆਂ ਰਚਨਾਵਾਂ ਗੁਰਬਖਸ਼ ਸਿੰਘ ਦੇ ਰਸਾਲੇ ‘ਪ੍ਰੀਤਲੜੀ’ ਵਿੱਚ ਛਪਦੀਆਂ ਸਨ। ਉਹ ਲੇਖਕ ਸਨ, ਪਰ ਸ.ਸ. ਅਮੋਲ ਵਾਂਗ ਮਸ਼ਹੂਰ ਲੇਖਕ ਨਹੀਂ ਸਨ।
ਫੇਰ ਸਬੱਬ ਬਣਿਆ। ਸ.ਸ. ਅਮੋਲ ਖਾਲਸਾ ਕਾਲਜ, ਤਰਨ ਤਾਰਨ ਦੇ ਪ੍ਰਿੰਸੀਪਲ ਬਣ ਕੇ ਆ ਗਏ।
ਉਦੋਂ ਤਕ ਅਸੀਂ ਪਿੰਡ ਛੱਡ ਕੇ ਤਰਨ ਤਾਰਨ ਆ ਕੇ ਰਹਿਣ ਲੱਗ ਪਏ ਸਾਂ। ਮਾਂ ਤੇ ਬਾਪੂ ਜੀ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਬਹੁਤ ਪੜ੍ਹਨ। ਇਹ ਤਰਨ ਤਾਰਨ ਰਹਿ ਕੇ ਹੀ ਸੰਭਵ ਸੀ।
ਪ੍ਰਿੰਸੀਪਲ ਸ. ਸ. ਅਮੋਲ ਸਾਨੂੰ ਮਿਲਣ ਨਹੀਂ ਸਨ ਆਏ। ਸ਼ਾਇਦ ਕਾਲਜ ਦੇ ਰੁਝੇਵਿਆਂ ਨੇ ਫੁਰਸਤ ਨਹੀਂ ਦਿੱਤੀ ਹੋਣੀ।
ਪਹਿਲ ਮੇਰੀ ਮਾਂ ਵੱਲੋਂ ਹੋਈ ਸੀ। ਰੱਖੜੀ ਵਾਲੇ ਦਿਨ ਉਨ੍ਹਾਂ ਵੱਡੇ ਭਰਾ ਦੇ ਨੌਂਗੇ ਦੀ ਰੱਖੜੀ ਖਰੀਦੀ। ਮੈਨੂੰ ਤੇ ਬਾਪੂ ਜੀ ਨੂੰ ਨਾਲ ਲੈ ਕੇ ਉਹ ਰੱਖੜੀ ਬੰਨ੍ਹਣ ਤੁਰ ਪਏ।
ਉਸ ਤੋਂ ਪਿੱਛੋਂ ਸ.ਸ. ਅਮੋਲ ਦੋ-ਚਾਰ ਵਾਰ ਸਾਡੇ ਘਰ ਆਏ ਵੀ, ਪਰ ਵਿੱਥ ਪਤਾ ਨਹੀਂ ਕਿਹੋ ਜਿਹੀ ਸੀ, ਰਿਸ਼ਤਾ ਸਹਿਜ ਨਹੀਂ ਸੀ ਹੋਇਆ।
ਪੜ੍ਹਾਈ ਪੂਰੀ ਕਰਨ ਪਿੱਛੋਂ ਮੈਂ ਜਲੰਧਰ ਸ਼ਹਿਰ ਦੇ ਪੰਚਾਇਤੀ ਰਾਜ ਟਰੇਨਿੰਗ ਸੈਂਟਰ ਵਿੱਚ ਇੰਸਟਰੱਕਟਰ ਵਜੋਂ ਨੌਕਰੀ ਕਰਨ ਲੱਗ ਪਿਆ। ਉਹ ਪੰਜਾਬ ਸਰਕਾਰ ਦਾ ਸਾਹ-ਸੱਤਹੀਣ ਅਦਾਰਾ ਸੀ। ਮੇਰੇ ਕੋਲ ਵਿਹਲ ਹੀ ਵਿਹਲ ਸੀ। ਮੈਂ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਐਮ.ਏ. (ਪੰਜਾਬੀ) ਵਿੱਚ ਦਾਖ਼ਲਾ ਲੈ ਲਿਆ।
ਉੱਥੇ ਸ.ਸ. ਅਮੋਲ ਮੇਰੇ ਪ੍ਰੋਫੈਸਰ ਸਨ। ਬਹੁਤ ਵਾਰੀ ਮੈਂ ਆਪਣੇ ਬਾਰੇ ਉਨ੍ਹਾਂ ਨੂੰ ਦੱਸਿਆ ਵੀ, ਪਰ ਰੁੱਖਾ ਜਿਹਾ ਹੁੰਗਾਰਾ ਭਰ ਕੇ ਉਹ ਚੁੱਪ ਕਰ ਜਾਂਦੇ ਸਨ। ਉਨ੍ਹਾਂ ਕਦੀ ਵੀ ਨੇੜਤਾ ਜਾਂ ਅਪਣੱਤ ਦਰਸਾਉਣ ਦਾ ਯਤਨ ਨਹੀਂ ਸੀ ਕੀਤਾ।
ਜਿੰਨਾ ਕੁ ਚਿਰ ਮੈਂ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਪੜ੍ਹਦਾ ਰਿਹਾ, ਸੰਘਣੀ ਚੁੱਪ ਤੇ ਅਜਨਬੀਪਣ ਸਾਡੇ ਵਿਚਕਾਰ ਪੱਸਰਿਆ ਹੀ ਰਿਹਾ।

ਵਕਤ ਬੀਤਦਾ ਰਿਹਾ।
ਚੰਗੇ ਰਹਿਣ-ਸਹਿਣ ਲਈ ਜੱਦੋਜਹਿਦ ਕਰਦਾ ਮੈਂ ਸੈਨਿਕ ਹੋ ਗਿਆ ਸਾਂ।
ਮੈਂ ਲੇਖਕ ਵੀ ਹੋ ਗਿਆ ਸਾਂ।
ਮੇਰੀ ਨੌਕਰੀ ਮੁੱਕਣ ਦੇ ਨੇੜੇ ਤੇੜੇ ਪਹੁੰਚੀ ਹੋਈ ਸੀ।
ਮੇਰੀ ਚੰਡੀਮੰਦਰ ਦੀ ਪੋਸਟਿੰਗ ਹੋਈ ਤਾਂ ਮੇਰੀ ਸਾਂਝ ਨ੍ਰਿਪਇੰਦਰ ਰਤਨ ਤੇ ਡਾ. ਰਮਾ ਰਤਨ ਦੇ ਪਰਿਵਾਰ ਨਾਲ ਬਣੀ। ਮੈਂ ਉਨ੍ਹਾਂ ਨੂੰ ਮਿਲਣ ਅਕਸਰ ਜਾਂਦਾ ਰਹਿੰਦਾ ਸਾਂ।
ਸ.ਸ. ਅਮੋਲ ਕਦੀ ਕਦਾਈਂ ਉੱਥੇ ਆਉਂਦੇ ਸਨ। ਮੈਂ ਹੁੱਬ ਕੇ ਮਿਲਦਾ ਸਾਂ, ਪਰ ਉਨ੍ਹਾਂ ਦਾ ਹੁੰਗਾਰਾ ਠਰਿਆ ਹੋਇਆ ਹੁੰਦਾ ਸੀ।
ਮੈਂ ਹੈਰਾਨ ਸਾਂ, ਇਹ ਰਿਸ਼ਤਾ ਇਸ ਤਰ੍ਹਾਂ ਕਿਉਂ ਸੀ।

ਜਦੋਂ ਮੈਨੂੰ ਗੁੰਝਲਾਂ ਖੋਲ੍ਹਣ ਦਾ ਖਿਆਲ ਆਇਆ, ਬਹੁਤ ਦੇਰ ਹੋ ਗਈ ਸੀ। ਮੇਰੇ ਬਾਪੂ ਜੀ ਤੇ ਮਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਦਰਅਸਲ ਬਹੁਤੇ ਵੇਰਵੇ ਜਾਣਨ ਦੀ ਮੈਂ ਕੋਸ਼ਿਸ਼ ਹੀ ਨਹੀਂ ਸੀ ਕੀਤੀ।
ਜੇ ਵਕਤ ਖਲੋਤਾ ਹੋਇਆ ਹੁੰਦਾ ਤਾਂ ਮੈਂ ਉਸੇ ਨੂੰ ਪੁੱਛ ਵੇਖਦਾ।
ਉਦੋਂ ਮੈਨੂੰ ਆਪਣੀ ਨਿਊ ਯਾਰਕ ਵਾਲੀ ਭੈਣ ਦਾ ਖ਼ਿਆਲ ਆਇਆ ਸੀ, ਉਸ ਨੂੰ ਬੜਾ ਕੁਝ ਚੇਤੇ ਸੀ।
ਭੈਣ ਨੇ ਦੱਸਿਆ ਸੀ- ਨਾਨਾ ਗੁਜਰ ਸਿੰਘ ਨੇ ਸੁਰਮੁਖ ਸਿੰਘ ਨੂੰ ਪੁੱਤਰ ਹੀ ਮੰਨਿਆ ਸੀ। ਉਨ੍ਹਾਂ ਆਪਣੇ ਜਿਊਂਦੇ ਜੀਅ ਹੀ ਅੱਧੀ ਜ਼ਮੀਨ ਆਪਣੇ ਪੁੱਤਰ ਜਗਜੀਤ ਸਿੰਘ ਸੰਧੂ ਦੇ ਨਾਂ ਲਗਵਾ ਦਿੱਤੀ ਸੀ ਤੇ ਅੱਧੀ ਸੁਰਮੁਖ ਸਿੰਘ ਦੇ ਨਾਂ।
ਗੁਜਰ ਸਿੰਘ ਦੀ ਮੌਤ ਤੋਂ ਬਾਅਦ ਨਾਨੀ ਇੰਦਰ ਕੌਰ ਨੇ ਮੁੜ ਵਿਆਹ ਕਰਵਾ ਲਿਆ ਸੀ। ਉਸ ਦਾ ਪਤੀ ਕੇਹਰ ਸਿੰਘ ਵੀ ਮਲਾਇਆ ਵਿੱਚ ਸੀ।
ਗੁਜਰ ਸਿੰਘ ਦੇ ਪਿਤਾ ਨੂੰ ਇਹ ਗੱਲ ਗਵਾਰਾ ਨਹੀਂ ਸੀ ਕਿ ਉਸ ਦੇ ਪੋਤੇ ਦਾ ਹੱਕ ਖੋਹ ਕੇ ਜ਼ਮੀਨ ਕਿਸੇ ਹੋਰ ਦੇ ਪੁੱਤ ਦੇ ਨਾਂ ਲੱਗ ਜਾਵੇ।
ਮੇਰੇ ਬਾਪੂ ਜੀ ਅਮਰ ਸਿੰਘ ਭੁੱਲਰ ਜ਼ਮੀਨ ਦੇ ਕੰਮਾਂ ਦੇ ਮਾਹਿਰ ਸਨ। ਉਸ ਵੇਲੇ ਉਹ ਮੋਹਨਪੁਰ ਪਿੰਡ ਦੇ ਪਟਵਾਰੀ ਵੀ ਸਨ। ਨਾਨਾ ਗੁਜਰ ਸਿੰਘ ਦੇ ਪਿਤਾ ਨੇ ਆਪਣਾ ਦੁੱਖੜਾ ਰੋਇਆ ਤਾਂ ਮੇਰੇ ਬਾਪੂ ਜੀ ਨੇ ਕੁਝ ਇਹੋ ਜਿਹਾ ਕੀਤਾ ਕਿ ਜ਼ਮੀਨ ਮੁੜ ਉਸ ਦੇ ਅਸਲੀ ਮਾਲਕ ਦੇ ਨਾਂ ਹੋ ਗਈ।
ਕੀ ਪਤੈ, ਸ.ਸ. ਅਮੋਲ ਹੁਰਾਂ ਦੀ ਮੇਰੇ ਅਤੇ ਮੇਰੇ ਪਰਿਵਾਰ ਪ੍ਰਤੀ ਬੇਰੁਖ਼ੀ ਦਾ ਇਹੀ ਕਾਰਨ ਹੋਵੇ।

ਪ੍ਰਿੰਸੀਪਲ ਸ.ਸ. ਅਮੋਲ ਦਾ ਪੁੱਤਰ ਨਾਟਕਕਾਰ ਆਤਮਜੀਤ ਉਦੋਂ ਮੁਹਾਲੀ ਦੇ ਛੇ ਫੇਜ਼ ਵਿੱਚ ਰਹਿੰਦਾ ਸੀ। ਪ੍ਰਿੰਸੀਪਲ ਅਮੋਲ ਉਦੋਂ ਆਤਮਜੀਤ ਕੋਲ ਟਿਕੇ ਹੋਏ ਸਨ। ਉਨ੍ਹਾਂ ਦੀ ਉਮਰ ਉਸ ਵੇਲੇ ਨੌਵੇਂ ਦਹਾਕੇ ਵਿੱਚ ਸੀ। ਆਤਮਜੀਤ ਦੇ ਮਨ ਵਿੱਚ ਆਈ, ਉਹ ਪਿਤਾ ਦੇ ਕੋਲ ਹੋਣ ਦਾ ਲਾਹਾ ਲਵੇ। ਉਹਨੇ ਸ.ਸ. ਅਮੋਲ ਦੀ ਜੀਵਨੀ ਲਿਖਣ ਦਾ ਮਨ ਬਣਾ ਲਿਆ।
ਮਿੱਥੇ ਸਮੇਂ ਅਨੁਸਾਰ ਆਤਮਜੀਤ ਟੇਪ ਰਿਕਾਰਡਰ ਲੈ ਕੇ ਉਨ੍ਹਾਂ ਕੋਲ ਬੈਠ ਜਾਂਦਾ। ਪ੍ਰਿੰਸੀਪਲ ਅਮੋਲ ਜੋ ਕੁਝ ਵੀ ਸੋਚਦੇ, ਉਹ ਰਿਕਾਰਡ ਕਰੀ ਜਾਂਦਾ।
ਉਸ ਤੋਂ ਪਹਿਲਾਂ ਆਤਮਜੀਤ ਆਪਣੇ ਪਿਤਾ ਦੇ ਜੀਵਨ ਬਾਰੇ ਕਿੰਨਾ ਕੁ ਜਾਣਦਾ ਸੀ, ਮੈਨੂੰ ਨਹੀਂ ਪਤਾ, ਪਰ ਮੇਰੇ ਨਾਨਕਿਆਂ ਨਾਲ ਉਨ੍ਹਾਂ ਦੀ ਸਾਂਝ ਤੋਂ ਬੇਖ਼ਬਰ ਸੀ।
ਇੱਕ ਦਿਨ ਰਿਕਾਰਡ ਕਰਦਾ ਕਰਦਾ ਆਤਮਜੀਤ ਰੁਕ ਗਿਆ। ਉਹਨੂੰ ਜਿਵੇਂ ਆਪਣੇ ਪਿਤਾ ਦੇ ਬੋਲੇ ਹੋਏ ਉੱਤੇ ਯਕੀਨ ਹੀ ਨਾ ਆਇਆ। ਉਨ੍ਹਾਂ ਦੱਸਿਆ ਕਿ ਨਿੱਕੇ ਭਰਾ ਜਗਜੀਤ ਸਿੰਘ ਸੰਧੂ ਤੋਂ ਇਲਾਵਾ ਉਨ੍ਹਾਂ ਦੀ ਭੈਣ ਦੇ ਪੁੱਤਰ ਜਸਬੀਰ ਭੁੱਲਰ ਦਾ ਵੀ ਝੁਕਾਅ ਸਾਹਿਤ ਵੱਲ ਸੀ ਤੇ ਵੱਡਾ ਹੋ ਕੇ ਉਹ ਬਾਕਾਇਦਾ ਕਹਾਣੀਆਂ ਲਿਖਣ ਲੱਗ ਪਿਆ ਸੀ।
ਅਚਨਚੇਤੀ ਇੱਕ ਰਿਸ਼ਤੇ ਦਾ ਇੰਕਸ਼ਾਫ਼ ਹੋਇਆ ਸੀ। ਉਹ ਹੈਰਾਨ ਸੀ।
ਆਤਮਜੀਤ ਤਾਬੜਤੋੜ ਮੇਰੇ ਵੱਲ ਨੱਸਿਆ।
ਉਹਦੀ ਦਸਤਕ ਦੇ ਜਵਾਬ ਵਿੱਚ ਮੈਂ ਬੂਹਾ ਖੋਲ੍ਹਿਆ ਤਾਂ ਉਸ ਪਹਿਲੀ ਗੱਲ ਕੀਤੀ, ‘‘ਤੈਨੂੰ ਪਤੈ, ਤੇਰੀ ਨਾਨੀ ਤੇ ਮੇਰੀ ਦਾਦੀ ਇੱਕੋ ਔਰਤ ਸੀ?’’
‘‘ਹਾਂ! ਮੈਨੂੰ ਪਤੈ!’’
‘‘ਤੂੰ ਮੈਨੂੰ ਕਦੀ ਦੱਸਿਆ ਕਿਉਂ ਨਹੀਂ?’’
‘‘ਮੈਂ ਸੋਚਿਆ, ਤੈਨੂੰ ਪਤਾ ਹੋਊ।’’
‘‘ਨਹੀਂ, ਮੈਨੂੰ ਨਹੀਂ ਸੀ ਪਤਾ।’’ ਆਤਮਜੀਤ ਨੇ ਬੱਸ ਏਨਾ ਕੁ ਕਿਹਾ ਸੀ। ਉਹਦੇ ਕੋਲੋਂ ਅਗਾਂਹ ਕੁਝ ਬੋਲਿਆ ਨਹੀਂ ਸੀ ਗਿਆ। ਉਹਨੇ ਮਨ ਭਰ ਲਿਆ ਸੀ।

ਉਹ ਤਸਵੀਰ, ਜੋ ਮੇਰੇ ਤਰਨ ਤਾਰਨ ਵਾਲੇ ਘਰ ਕੰਧ ਉੱਤੇ ਲਟਕੀ ਹੋਈ ਹੁੰਦੀ ਸੀ, ਮੈਂ ਮੁਹਾਲੀ ਚੁੱਕ ਕੇ ਲੈ ਆਇਆ ਸਾਂ।’’
ਉਸ ਤਸਵੀਰ ਵਿੱਚ ਬੜਾ ਕੁਝ ਲੁਕਿਆ ਹੋਇਆ ਸੀ।
ਆਤਮਜੀਤ ਉਸ ਤਸਵੀਰ ਬਾਰੇ ਕੁਝ ਨਹੀਂ ਸੀ ਜਾਣਦਾ। ਇੱਕ ਸਾਹਿਤ ਸਮਾਗਮ ਵਿੱਚ ਹੋਈ ਮੁਲਾਕਾਤ ਵੇਲੇ ਮੈਂ ਉਸ ਪੁਰਾਣੀ ਤਸਵੀਰ ਦੀ ਗੱਲ ਕੀਤੀ ਤਾਂ ਉਹ ਤਸਵੀਰ ਵੇਖਣ ਲਈ ਉਤਾਵਲਾ ਹੋ ਗਿਆ।
ਅਸੀਂ ਸਮਾਗਮ ਵਿੱਚੋਂ ਉੱਠ ਕੇ ਘਰ ਆ ਗਏ।
ਤਸਵੀਰ ਵੇਖਦਿਆਂ ਉਹਦੀ ਚੁੱਪ ਲੰਮੀ ਹੋ ਗਈ, ਫੇਰ ਬੋਲਿਆ, ‘‘ਇਹ ਤਸਵੀਰ ਬਹੁਤ ਕੀਮਤੀ ਹੈ, ਪਰ ਛੇਤੀ ਖ਼ਰਾਬ ਹੋ ਜਾਵੇਗੀ। ਮੈਂ ਇਹਨੂੰ ਆਪਣੇ ਨਾਲ ਲੈ ਜਾਨਾ ਵਾਂ, ਕਿਸੇ ਚੰਗੇ ਫੋਟੋ ਸਟੂਡੀਓ ਜਾ ਕੇ ਇਸ ਦੀਆਂ ਦੋ ਕਾਪੀਆਂ ਬਣਵਾ ਲਵਾਂਗਾ। ਇੱਕ ਤੂੰ ਰੱਖ ਲਵੀਂ ਤੇ ਇੱਕ ਮੇਰੇ ਕੋਲ ਰਹਿ ਜਾਊ।’’
ਵਕਤ ਦੀ ਮਾਰ ਉਸ ਤਸਵੀਰ ’ਤੇ ਵੀ ਪਈ ਹੋਈ ਸੀ। ਉਹ ਤਸਵੀਰ ਇੱਕ ਤੋਂ ਦੋ ਨਹੀਂ ਸੀ ਹੋ ਸਕੀ, ਸਗੋਂ ਪਹਿਲੀ ਵੀ ਵਿਗੜ ਗਈ ਸੀ।
ਇਸ ਤਸਵੀਰ ਦੀ ਕਹਾਣੀ ਵਿੱਚ ਬੜੀਆਂ ਗੁੰਝਲਾਂ ਨੇ, ਜਿਹੜੀਆਂ ਮੇਰੇ ਕੋਲੋਂ ਕਦੀ ਸੁਲਝਾਈਆਂ ਨਹੀਂ ਗਈਆਂ।
ਉਹ ਵੇਲਾ ਵੀ ਤਾਂ ਗੁਆਚਾ ਹੋਇਐ। ਉਸ ਵੇਲੇ ਨੂੰ ਵੀ ਮੈਂ ਕੁਝ ਨਹੀਂ ਪੁੱਛ ਸਕਦਾ।
ਉਸ ਪੁਰਾਣੀ ਤਸਵੀਰ ਦੀ ਇੱਕ ਫੋਟੋਸਟੈਟ ਕਾਪੀ ਵੀ ਮੇਰੇ ਕੋਲ ਪਈ ਹੋਈ ਹੈ। ਤਸਵੀਰ ਦੀ ਉਹ ਕਾਪੀ ਵੀ ਬੀਤੇ ਵੇਲੇ ਵਾਂਗੂੰ ਅਸਪੱਸ਼ਟ ਹੈ। ਉਹ ਕੁਝ ਦੱਸਣ ਜੋਗੀ ਨਹੀਂ।
ਪਰ ਉਸ ਇਕੋਤਰ ਸੌ ਵਰ੍ਹੇ ਪੁਰਾਣੀ ਤਸਵੀਰ ਨੇ ਮੈਨੂੰ ਅਮੀਰ ਕਰ ਦਿੱਤਾ ਹੈ। ਮੇਰਾ ਵਿਹੜਾ ਮੋਕਲਾ ਹੋਇਆ ਹੈ।
ਨਾਟਕਕਾਰ ਆਤਮਜੀਤ ਨੂੰ ਇੱਕ ਸਮਕਾਲੀ ਲੇਖਕ ਵਜੋਂ ਤਾਂ ਮੈਂ ਬੇਸ਼ੱਕ ਜਾਣਦਾ ਸੀ। ਅਸੀਂ ਗਾਹੇ-ਬਗਾਹੇ ਮਿਲਦੇ ਵੀ ਸਾਂ, ਪਰ ਰਿਸ਼ਤੇ ਦੇ ਮੋਹ ਪਿਆਰ ਦੀ ਹਰਿਆਵਲ ਗਾਇਬ ਸੀ। ਹੁਣ ਇਕੋਤਰ ਸੌ ਵਰ੍ਹੇ ਪੁਰਾਣੀ ਤਸਵੀਰ ਰਾਹੀਂ ਅਸੀਂ ਦੋਵੇਂ ਹਰਿਆ ਭਰਿਆ ਬਾਗ ਹੋ ਗਏ ਹਾਂ। ਨਾਟਕਕਾਰ ਆਤਮਜੀਤ ਉਸ ਬਾਗ਼ ਦਾ ਸਾਵਾ ਰੁੱਖ ਹੈ।
ਇਹੋ ਜਿਹਾ ਵੱਡਾ ਹਾਸਲ ਹਰ ਕਿਸੇ ਦਾ ਨਸੀਬ ਨਹੀਂ ਹੁੰਦਾ। ਮੈਂ ਹੁੱਬ ਕੇ ਹਰ ਆਮੋ-ਖ਼ਾਸ ਨੂੰ ਦੱਸਦਾ ਹਾਂ, ਹੁਣ ਮੇਰੇ ਕੋਲ ਇੱਕ ਭਰਾ ਵੀ ਹੈ।

Advertisement

Advertisement
Author Image

Advertisement