ਮਾਤਾ ਗੁਜਰੀ ਕਾਲਜ ਵਿੱਚ ‘ਪਿਕਟੋਟੇਲਜ਼’ ਮੁਕਾਬਲਾ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 14 ਨਵੰਬਰ
ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਦੀ ਇੰਗਲਿਸ਼ ਲਿਟਰੇਰੀ ਸੁਸਾਇਟੀ ਵਲੋਂ ‘ਪਿਕਟੋਟੇਲਜ਼’ ਕਹਾਣੀ ਲਿਖਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ 50 ਵਿਦਿਆਰਥੀਆਂ ਨੇ ਹਿੱਸਾ ਲਿਆ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਮੌਕੇ ’ਤੇ ਵਿਖਾਈ ਗਈ ਤਸਵੀਰ ਅਨੁਸਾਰ ਕਹਾਣੀ ਲਿਖਣੀ ਸੀ ਜਿਸ ਦਾ ਮੁੱਖ ਉਦੇਸ਼ ਉਨ੍ਹਾਂ ਨੂੰ ਕਹਾਣੀ ਸੁਣਾਉਣ ਦੇ ਮਾਧਿਅਮ ਰਾਹੀਂ ਉਨ੍ਹਾਂ ਵਿੱਚ ਰਚਨਾਤਮਕ ਲੇਖਣ ਦੇ ਪੱਖ ਨੂੰ ਉਭਾਰਨਾ ਸੀ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਅੰਗਰੇਜ਼ੀ ਵਿਭਾਗ ਦੀ ਮੁਖੀ ਡਾ. ਹਰਵੀਨ ਕੌਰ ਨੇ ਵਿਦਿਆਰਥੀਆਂ ਵਿੱਚ ਲਿਖਣ ਦੇ ਹੁਨਰ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪੰਜਾਬੀ ਵਿਭਾਗ ਦੇ ਮੁਖੀ ਡਾ. ਰਸ਼ੀਦ ਰਸ਼ੀਦ ਅਤੇ ਅੰਗਰੇਜ਼ੀ ਵਿਭਾਗ ਦੀ ਪ੍ਰੋ. ਰਜਿੰਦਰ ਕੌਰ ਮਾਨ ਨੇ ਜੱਜ ਸਹਬਿਾਨ ਦੀ ਭੂਮਿਕਾ ਨਿਭਾਈ। ਇਸ ਮੁਕਾਬਲੇ ਵਿੱਚ ਬੀ.ਕਾਮ. ਭਾਗ ਦੂਜਾ ਦੀ ਨਾਦੀਆ ਨੇ ਪਹਿਲਾ, ਐਮਐਸਸੀ ਬੌਟਨੀ ਭਾਗ ਪਹਿਲਾ ਦੀ ਪਿੰਦਰਪ੍ਰੀਤ ਕੌਰ ਨੇ ਦੂਜਾ ਅਤੇ ਬੀਏ ਆਨਰਜ਼ ਇਕਨਾਮਿਕਸ ਭਾਗ ਦੂਜਾ ਦੀ ਪ੍ਰੀਆ ਗਰਗ ਅਤੇ ਬੀਕਾਮ ਆਨਰਜ਼ ਭਾਗ ਦੂਜਾ ਦੇ ਗੁਰਜੀਤ ਸਿੰਘ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਅਖੀਰ ਵਿੱਚ ਇੰਗਲਿਸ਼ ਲਿਟਰੇਰੀ ਸੁਸਾਇਟੀ ਦੇ ਕਨਵੀਨਰ ਡਾ. ਮਨਿੰਦਰ ਕੈਂਥ ਨੇ ਧੰਨਵਾਦ ਮਤਾ ਪੇਸ਼ ਕੀਤਾ।