ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੁੰਨੀ ਲੈ ਕੇ ਪੀਲੇ ਰੰਗ ਦੀ...

10:26 AM Jul 01, 2023 IST

ਬਹਾਦਰ ਸਿੰਘ ਗੋਸਲ

ਚੁੰਨੀ ਕਿਸੇ ਵੀ ਪੰਜਾਬੀ ਮੁਟਿਆਰ ਦੀ ਲੱਜਾ, ਸ਼ਾਨ, ਮਾਣ ਅਤੇ ਸਤਿਕਾਰ ਹੁੰਦੀ ਹੈ। ਪੰਜਾਬੀ ਸਮਾਜ ਵਿੱਚ ਚੁੰਨੀ ਨੂੰ ਅਹਿਮ ਸਥਾਨ ਪ੍ਰਾਪਤ ਹੈ। ਪੰਜਾਬ ਦੇ ਪਿੰਡਾਂ ਵਿੱਚ ਤਾਂ ਕੁੜੀ ਦੀ ਚੁੰਨੀ ਨੂੰ ਬਹੁਤ ਸਤਿਕਾਰ ਅਤੇ ਇੱਜ਼ਤ ਮਾਣ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਪੰਜਾਬ ਦੀਆਂ ਕੁੜੀਆਂ ਚੁੰਨੀ ਸਿਰ ’ਤੇ ਰੱਖਣ ਨੂੰ ਆਪਣੇ ਪਹਿਰਾਵੇ ਦਾ ਜ਼ਰੂਰੀ ਅੰਗ ਸਮਝਦੀਆਂ ਹਨ। ਇਹ ਚੁੰਨੀ ਸਦੀਆਂ ਤੋਂ ਔਰਤ ਦੀ ਮਾਣ ਮਰਿਯਾਦਾ ਦਾ ਪ੍ਰਤੀਕ ਰਹੀ ਹੈ। ਬਜ਼ੁਰਗ ਔਰਤਾਂ ਵੀ ਪਿੰਡਾਂ ਵਿੱਚ ਮੁਟਿਆਰਾਂ ਨੂੰ ਸਿਰ ਢਕਣ ਅਤੇ ਸਲੀਕੇ ਨਾਲ ਚੁੰਨੀ ਲੈਣ ਦੀ ਤਾਕੀਦ ਕਰਦੀਆਂ ਰਹਿੰਦੀਆਂ ਹਨ। ਸਿੱਖ ਧਰਮ ਵਿੱਚ ਤਾਂ ਸਿਰ ਨੰਗਾ ਰੱਖਣਾ ਵੈਸੇ ਹੀ ਬੁਰਾ ਮੰਨਿਆ ਜਾਂਦਾ ਹੈ ਅਤੇ ਧਾਰਮਿਕ ਅਸਥਾਨਾਂ ’ਤੇ ਤਾਂ ਸਿਰ ਢਕਣਾ ਬਹੁਤ ਜ਼ਰੂਰੀ ਮਰਿਯਾਦਾ ਵਿੱਚ ਆਉਂਦਾ ਹੈ।
ਚੁੰਨੀ ਜਿੱਥੇ ਪਹਿਰਾਵੇ ਲਈ ਜ਼ਰੂਰੀ ਮੰਨੀ ਜਾਂਦੀ ਹੈ ਉੱਥੇ ਹੀ ਇਹ ਪੰਜਾਬੀ ਮੁਟਿਆਰਾਂ ਦੀ ਸੁੰਦਰਤਾ ਨੂੰ ਵੀ ਚਾਰ ਚੰਨ ਲਗਾਉਂਦੀ ਹੈ। ਰੰਗ ਬਿਰੰਗੀਆਂ ਸਿਰਾਂ ’ਤੇ ਲਈਆਂ ਹੋਈਆਂ ਚੁੰਨੀਆਂ ਮੁਟਿਆਰਾਂ ਦੇ ਹੁਸਨ ਨੂੰ ਨਿਵੇਕਲਾ ਹੀ ਰੰਗ ਦਿੰਦੀਆਂ ਹਨ। ਇਸੇ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਇਸ ਚੁੰਨੀ ਦੀ ਰੰਗੀਨੀ ਅਤੇ ਸ਼ਾਨ ਨੂੰ ਉਤਸ਼ਾਹਿਤ ਕਰਨ ਦਾ ਸਮੇਂ-ਸਮੇਂ ’ਤੇ ਉਪਰਾਲਾ ਕੀਤਾ ਗਿਆ ਹੈ। ਇਹ ਪੰਜਾਬੀ ਸੱਭਿਆਚਾਰ ਹੀ ਹੈ ਜਿਸ ਨੇ ਪੰਜਾਬੀ ਮੁਟਿਆਰਾਂ ਦੇ ਸਿਰਾਂ ’ਤੇ ਸੋਹੀਆਂ ਰੰਗੀਨ ਚੁੰਨੀਆਂ ਨੂੰ ਅਨੂਠਾ ਪਿਆਰ ਦੇ ਕੇ ਪੰਜਾਬੀ ਸੱਭਿਆਚਾਰ ਨੂੰ ਵੀ ਰੰਗੀਨ ਅਤੇ ਖੁਸ਼ਗਵਾਰ ਬਣਾ ਦਿੱਤਾ ਹੈ।
ਚੁੰਨੀਆਂ ਦੇ ਵੱਖਰੇ-ਵੱਖਰੇ ਰੰਗ ਭਾਵੇਂ ਮੁਟਿਆਰਾਂ ਦੀ ਆਪਣੀ ਪਸੰਦ ਮੁਤਾਬਕ ਹੁੰਦੇ ਹਨ, ਪਰ ਉਹ ਦੇਖਣ ਵਾਲੀਆਂ ਨਜ਼ਰਾਂ ਨੂੰ ਅਜੀਬ ਕਿਸਮ ਦਾ ਨਾਜ਼ਰਾ ਪੇਸ਼ ਕਰਦੇ ਹਨ ਅਤੇ ਹਰ ਮੁਟਿਆਰ ਦੀ ਚੁੰਨੀ ਦੇ ਰੰਗ ਦੀ ਪਸੰਦ ਦੀ ਤਾਰੀਫ਼ ਕਰਨ ਤੋਂ ਨਹੀਂ ਥੱਕਦੀਆਂ ਜਿਵੇਂ ਪੰਜਾਬੀ ਸੱਭਿਆਚਾਰ ਵਿੱਚ ਸੁਣਨ ਨੂੰ ਮਿਲਦਾ ਹੈ:
ਬੱਲੇ ਬੱਲੇ ਬਈ ਚੁੰਨੀ ਲੈ ਕੇ ਪੀਲੇ ਰੰਗ ਦੀ
ਤੇਰੇ ਖੇਤਾਂ ਦੀ ਸਰ੍ਹੋਂ ਬਣ ਜਾਵਾਂ।
ਇਸ ਤਰ੍ਹਾਂ ਜਦੋਂ ਬਸੰਤ ਦੇ ਸਮੇਂ ਖੇਤਾਂ ਵਿੱਚ ਸਰ੍ਹੋਂ ਦੇ ਖੇਤਾਂ ਦੇ ਫੁੱਲ ਹਰ ਇੱਕ ਦਾ ਮਨ ਜਿੱਤ ਲੈਂਦੇ ਹਨ ਤਾਂ ਕੋਈ ਵੀ ਮੁਟਿਆਰ ਇਸ ਅਲੌਕਿਕ ਨਜ਼ਾਰੇ ਨੂੰ ਮਾਣਨ ਲਈ ਸਰ੍ਹੋਂ ਦੇ ਫੁੱਲਾਂ ਰੰਗੀ ਚੁੰਨੀ ਲੈ ਕੇ ਆਪਣੇ ਹੁਸਨ ਨੂੰ ਹੋਰ ਚਮਕਾ ਲੈਂਦੀ ਹੈ। ਰੰਗ-ਬਿਰੰਗੀਆਂ ਚੁੰਨੀਆਂ ਰੰਗਣ ਵਾਲੇ ਲਲਾਰੀ ਕੁੜੀਆਂ ਲਈ ਉਦੋਂ ਬੜੇ ਅਹਿਮ ਬਣ ਜਾਂਦੇ ਹਨ ਜਦੋਂ ਉਨ੍ਹਾਂ ਕੁੜੀਆਂ ਨੇ ਆਪਣੀ ਪਸੰਦ ਦੇ ਰੰਗ ਦੀ ਚੁੰਨੀ ਰੰਗਾਉਣੀ ਹੁੰਦੀ ਹੈ। ਅਜਿਹੇ ਵਿੱਚ ਲਲਾਰੀ ਕੋਲ ਜਾ ਕੇ ਉਸ ਕੁੜੀ ਦੇ ਮੂੰਹੋਂ ਆਪੇ ਹੀ ਨਿਕਲ ਜਾਂਦਾ ਹੈ:
ਚੁੰਨੀ ਰੰਗ ਦੇ ਲਲਾਰੀਆ ਮੇਰੀ
ਮਿੱਤਰਾਂ ਦੀ ਪੱਗ ਵਰਗੀ।
ਇਸ ਚੁੰਨੀ ਦਾ ਰੰਗ ਮੁਟਿਆਰਾਂ ਆਮ ਕਰਕੇ ਆਪਣੇ ਨਵੇਂ-ਨਵੇਂ ਸੂਟਾਂ ਦੇ ਨਾਲ ਹੀ ਮੇਲਦੀਆਂ ਹੋਈਆਂ, ਰੰਗ ਚੁਣਦੀਆਂ ਹਨ। ਉਹ ਚੁੰਨੀ ਦੇ ਉਸ ਰੰਗ ਨੂੰ ਤਰਜੀਹ ਦਿੰਦੀਆਂ ਹਨ ਜਿਹੜਾ ਉਨ੍ਹਾਂ ਦੇ ਸੂਟ ਦੇ ਰੰਗ ਨਾਲ ਮਿਲ ਕੇ ਉਸ ਮੁਟਿਆਰ ਦੇ ਰੰਗ ਨੂੰ ਵੀ ਨਿਖਾਰ ਦੇਵੇ ਅਤੇ ਦੇਖਣ ਵਾਲੇ ਦੀ ਮੱਤ ਹੀ ਮਾਰੀ ਜਾਵੇ। ਪੰਜਾਬ ਵਿੱਚ ਚੁੰਨੀ ਦੇ ਭਾਵੇਂ ਕਈ ਨਾਂ ਹਨ, ਪਰ ਚੁੰਨੀ ਨੂੰ ਦੁਪੱਟਾ ਆਮ ਹੀ ਕਿਹਾ ਜਾਂਦਾ ਹੈ। ਤਾਂ ਹੀ ਤਾਂ ਪੰਜਾਬੀ ਸੱਭਿਆਚਾਰ ਵਿੱਚ ਇਹ ਸੁਣਨ ਨੂੰ ਮਿਲਦਾ ਹੈ:
ਜੱਟਾ ਵੇ ਜੱਟਾ ਮੈਨੂੰ ਲੈ ਦੇ ਦੁਪੱਟਾ
ਨਾਲ ਲੈ ਦੇ ਸੂਟ ਨਸਵਾਰੀ ਵੇ
ਲੱਕ ਪਤਲਾ ਚਰ੍ਹੀ ਦੀ ਪੰਡ ਭਾਰੀ ਵੇ।
ਉਹ ਮੁਟਿਆਰ ਫਿਰ ਜੱਟ ਵੱਲੋਂ ਸੁਣੇ ਉੱਤਰ ਰਾਹੀਂ ਆਪਣੇ ਆਪ ’ਤੇ ਮਾਣ ਕਰਦੀ ਹੈ। ਜਦੋਂ ਉਹ ਕਿਸੇ ਗੱਭਰੂ ਤੋਂ ਸੁਣਦੀ ਹੈ:
ਜੱਟੀ ਨੀਂ ਜੱਟੀ ਤੈਨੂੰ ਲੈ ਦਉਂ ਦੁਪੱਟਾ
ਨਾਲੇ ਲੈ ਦਉਂ ਸੂਟ ਨਸਵਾਰੀ ਨੀਂ
ਗੋਰੇ ਰੰਗ ਨੇ ਜੱਟਾਂ ਦੀ ਮੱਤ ਮਾਰੀ ਨੀਂ।
ਕਈ ਵਾਰ ਤਾਂ ਕੋਈ ਮੁਟਿਆਰ ਚੁੰਨੀ ਦੇ ਰੰਗਾਂ ਵਿੱਚ ਇੰਨਾ ਮਗਨ ਹੋ ਜਾਂਦੀ ਹੈ ਕਿ ਉਸ ਨੂੰ ਸਮਝ ਹੀ ਨਹੀਂ ਲੱਗਦੀ ਕਿ ਲਲਾਰੀ ਨੂੰ ਕਿਹੜਾ ਰੰਗ ਰੰਗਣ ਲਈ ਆਖੇ ਤਾਂ ਉਹ ਖੁਦ ਹੀ ਲਲਾਰੀ ਨੂੰ ਸਲਾਹਾਂ ਦੇਣ ਲੱਗਦੀ ਹੈ ਅਤੇ ਕਹਿੰਦੀ ਹੈ:
ਲਲਾਰੀਆਂ ਰੰਗ ਦੇ ਵੇ,
ਰੰਗ ਦੇ ਮੇਰਾ ਦੁਪੱਟਾ
ਹਰਾ ਵੀ ਪਾ ਦੇਈਂ,
ਪੀਲਾ ਵੀ ਪਾ ਦੇਈਂ
ਵਿੱਚੇ ਮਿਲਾ ਦੇਈਂ ਖੱਟਾ
ਲਲਾਰੀਆਂ ਰੰਗ ਦੇ ਵੇ,
ਰੰਗ ਦੇ ਮੇਰਾ ਦੁਪੱਟਾ।
ਜਦੋਂ ਕੁੜੀਆਂ ਲਲਾਰੀਆਂ ਕੋਲੋਂ ਰੰਗ ਬਿਰੰਗੀਆਂ ਚੁੰਨੀਆਂ ਰੰਗਾ ਕੇ ਗਲ਼ਾਂ ਵਿੱਚ ਪਾ ਕੇ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੀਆਂ ਹਨ ਤਾਂ ਪਿੰਡ ਦੇ ਲੋਕਾਂ ਦੀ ਨਜ਼ਰ ਉਨ੍ਹਾਂ ’ਤੇ ਜਾਣੀ ਸੁਭਾਵਿਕ ਹੀ ਸੀ, ਪਰ ਜੁਆਨੀ ਦੀ ਦਹਿਲੀਜ਼ ’ਤੇ ਪਹੁੰਚੀਆਂ ਇਨ੍ਹਾਂ ਮੁਟਿਆਰਾਂ ਨੂੰ ਪਿੰਡ ਦਾ ਕੋਈ ਵੀ ਵਿਅਕਤੀ ਕੁੱਝ ਵੀ ਕਹਿਣ ਦੀ ਹਿੰਮਤ ਨਾ ਕਰਦਾ, ਹਾਂ ਉਨ੍ਹਾਂ ਦੀਆਂ ਗੱਲਾਂ ਪਿੰਡ ਦੇ ਹਾਕਮਾਂ ਤੱਕ ਜ਼ਰੂਰ ਪਹੁੰਚਾ ਦਿੱਤੀਆਂ ਜਾਂਦੀਆਂ ਜਿਸ ਦੇ ਨਾਲ ਸਾਡੇ ਪੰਜਾਬੀ ਸੱਭਿਆਚਾਰ ਨੂੰ ਵੀ ਹੁਲਾਰਾ ਮਿਲਦਾ। ਜਿਸ ਤਰ੍ਹਾਂ ਕਿਹਾ ਜਾਂਦਾ ਸੀ:
ਸੁਣ ਵੇ ਪਿੰਡ ਦਿਆਂ ਹਾਕਮਾਂ,
ਇਨ੍ਹਾਂ ਕੁੜੀਆਂ ਨੂੰ ਸਮਝਾ
ਚੁੰਨੀਆਂ ਰੰਗ ਬਿਰੰਗੀਆਂ,
ਨੇ ਲੈਂਦੀਆਂ ਗਲ਼ ਵਿੱਚ ਪਾ
ਜੁਆਨੀ ਮੁੱਕਣ ਬੂਟੀ ਵੇ,
ਹਾਣੀਆਂ ਸੰਭਲ ਕੇ ਵਰਤਾ।
ਇਹ ਰੰਗ ਬਿਰੰਗੀਆਂ ਚੁੰਨੀਆਂ ਪਿੰਡ ਦਾ ਵਾਤਾਵਰਨ ਹੀ ਰੰਗੀਨ ਨਹੀਂ ਸਨ ਬਣਾਉਂਦੀਆਂ ਸਗੋਂ ਇਹ ਚੁੰਨੀਆਂ ਤਾਂ ਪੰਜਾਬੀ ਸਮਾਜ ਵਿੱਚ ਸ਼ਗਨਾਂ ਦੀ ਨਿਸ਼ਾਨੀ ਵੀ ਸਮਝੀ ਜਾਂਦੀ ਸੀ। ਹਰ ਖੁਸ਼ੀ ਦੇ ਮੌਕੇ ਕਿਸੇ ਨੂੰ ਕੱਪੜਿਆਂ ਦੇ ਨਾਲ ਗੁਲਾਬੀ ਰੰਗੀਨ ਚੁੰਨੀ ਦੇਣ ਨੂੰ ਸ਼ੁਭ ਮੰਨਿਆ ਜਾਂਦਾ ਸੀ ਅਤੇ ਧੀਆਂ-ਭੈਣਾਂ ਅਤੇ ਭਰਜਾਈਆਂ ਨੂੰ ਚੁੰਨੀਆਂ ਦੇਣ ਦਾ ਆਮ ਰਿਵਾਜ ਦੇਖਣ ਨੂੰ ਮਿਲਦਾ ਸੀ ਜਿਸ ਨਾਲ ਚੁੰਨੀਆਂ ਦੇਣ ਨਾਲ ਆਪਸੀ ਪ੍ਰੇਮ ਅਤੇ ਮਿਲਵਰਤਨ ਵਧਦਾ ਸੀ। ਤਾਂ ਹੀ ਪੰਜਾਬੀ ਬੋਲੀਆਂ ਵਿੱਚ ਇਨ੍ਹਾਂ ਚੁੰਨੀਆਂ ਦੀ ਅਹਿਮ ਥਾਂ ਹੁੰਦੀ ਸੀ ਅਤੇ ਕਿਹਾ ਜਾਂਦਾ ਸੀ:
ਭਾਬੋ ਜੇ ਤੇਰੇ ਜੰਮਿਆ ਲਾਲ ਵਧੇ ਪਰਿਵਾਰ
ਝੱਗਾ-ਚੁੰਨੀ ਮੈਂ ਦੇਨੀ ਆਂ।
ਇਸ ਤਰ੍ਹਾਂ ਨਣਦ ਵੱਲੋਂ ਝੱਗਾ-ਚੁੰਨੀ ਦੇਣ ਦੀ ਗੱਲ ਸੁਣ ਭਰਜਾਈ ਵੀ ਖੁਸ਼ ਹੋ ਜਾਂਦੀ ਹੈ ਅਤੇ ਉਹ ਵੀ ਨਣਦ ਨੂੰ ਬੂਰੀਆਂ ਮੱਝਾਂ ਤੱਕ ਦੇਣ ਦੀ ਗੱਲ ਕਹਿ ਜਾਂਦੀ:
ਨਣਦੇ ਜੇ ਮੇਰੇ ਜੰਮਿਆ ਲਾਲ ਵਧੇ ਪਰਿਵਾਰ
ਬੁੂਰੀਆਂ ਮੱਝਾਂ ਮੈਂ ਦੇਨੀ ਆਂ।
ਇਹ ਚੁੰਨੀਆਂ ਜਿੱਥੇ ਧੀ-ਭੈਣ ਦਾ ਸਿਰ ਕੱਜਦੀਆਂ ਸਨ, ਉੱਥੇ ਹੀ ਮਾਂ ਵੱਲੋਂ ਦਿੱਤੀ ਚੁੰਨੀ, ਅਥਾਹ ਪਿਆਰ ਦੀ ਨਿਸ਼ਾਨੀ ਵੀ ਬਣ ਜਾਂਦੀ ਸੀ, ਪਰ ਇਸ ਨਾਲ ਮਾਂ ਵੱਲੋਂ ਚੁੰਨੀ ਦੇਣ ਦੇ ਬਹਾਨੇ ਧੀ-ਭੈਣ ਨੂੰ ਚੁੰਨੀ ਦੀ ਅਹਿਮੀਅਤ ਵੀ ਦੱਸ ਦਿੱਤੀ ਜਾਂਦੀ ਸੀ ਅਤੇ ਉਹ ਮੁਟਿਆਰ ਵੀ ਉਸ ਚੁੰਨੀ ਨੂੰ ਮਾਂ ਦਾ ਅਸ਼ੀਰਵਾਦ ਸਮਝਦੀ ਹੋਈ ਰੱਖਦੀ। ਇਸ ਤਰ੍ਹਾਂ ਇਹ ਰੰਗਦਾਰ ਚੁੰਨੀਆਂ ਜਿੱਥੇ ਮਾਣ, ਸਤਿਕਾਰ, ਇੱਜ਼ਤ ਅਤੇ ਸ਼ਾਨ ਦੀਆਂ ਪ੍ਰਤੀਕ ਹੁੰਦੀਆਂ ਸਨ। ਉੱਥੇ ਹੀ ਇਸ ਨੇ ਪੇਂਡੂ ਪੰਜਾਬੀ ਸੱਭਿਆਚਾਰ ਨੂੰ ਤਾਂ ਅਜਿਹਾ ਰੰਗਿਆ ਕਿ ਇਹ ਰੰਗ ਕਦੇ ਮੱਧਮ ਜਾਂ ਫਿੱਕੇ ਹੀ ਨਹੀਂ ਪੈਂਦੇ ਸਗੋਂ  ਜ਼ਿੰਦਗੀ ਦੇ ਅਨਮੋਲ ਰੰਗ ਬਣ ਕੇ ਪਰਿਵਾਰਾਂ ਵਿੱਚ ਖੁਸ਼ੀਆਂ ਦਾ ਮਾਹੌਲ ਭਰ ਦਿੰਦੇ ਹਨ। ਜਦੋਂ ਪੰਜਾਬ ਵਿੱਚ ਸਤਰੰਗੀ ਚੁੰਨੀਆਂ ਦਾ ਦੌਰ ਚੱਲਿਆ ਤਾਂ ਲੋਕਾਂ ਨੂੰ ਅਸਮਾਨ ਵਿੱਚ ਪੈਂਦੀ ਸਤਰੰਗੀ ਪੀਂਘ ਦੀ ਯਾਦ ਆਉਣ ਲੱਗਦੀ ਅਤੇ ਕੋਈ ਗੱਭਰੂ ਕਹਿ ਹੀ ਦਿੰਦਾ:
ਚੁੰਨੀ ਤੇਰੀ ਸੱਤ ਰੰਗ ਦੀ
ਸਤਰੰਗੀ ਪੀਂਘ ਦਾ ਭੁਲੇਖਾ ਪਾਉਂਦੀ।
ਇਕੱਲੇ ਪੀਲੇ ਰੰਗ ਦੀ ਹੀ ਕੀ ਗੱਲ ਕਰਨੀ ਪੰਜਾਬੀ ਮੁਟਿਆਰਾਂ ’ਤੇ ਤਾਂ ਹਰ ਰੰਗ ਦੀ ਚੁੰਨੀ ਹੀ ਇੱਦਾ ਜਚ ਜਾਂਦੀ ਕਿ ਕਿਸੇ ਵੀ ਵਾਤਾਵਰਨ ਦੇ ਰੰਗ ਨਾਲ ਹੀ ਰੰਗ ਮਿਲ ਜਾਂਦਾ। ਜਿਵੇਂ ਕੋਈ ਮੁਟਿਆਰ ਹਰੇ ਰੰਗ ਦੀ ਚੁੰਨੀ ਲੈ ਕੇ ਹਰੀਆਂ-ਹਰੀਆਂ ਗੰਦਲਾਂ ਦਾ ਸਾਗ ਤੋੜਦੀ ਖੇਤ ਵਿੱਚ ਫਿਰਦੀ ਤਾਂ ਉਹ ਉਨ੍ਹਾਂ ਹਰੀਆਂ ਕਚੂਰ ਗੰਦਲਾਂ ਦਾ ਰੂਪ ਹੀ ਲੈ ਲੈਂਦੀ ਅਤੇ ਦੇਖਣ ਵਾਲਾ ਇਹ ਕਹਿਣ ਤੋਂ ਨਾ ਰੁਕਦਾ:
ਗੰਦਲ ਵਰਗੀ ਕੁੜੀ,
ਕਿ ਗੰਦਲਾਂ ਤੋੜਦੀ ਫਿਰੇ
ਉਹਨੂੰ ਗੰਦਲਾਂ ਦੀ ਭੁੱਲ ਗਈ ਪਹਿਚਾਣ
ਕਿ ਕਣਕਾਂ ਮਰੋੜਦੀ ਫਿਰੇ।
ਇਨ੍ਹਾਂ ਰੰਗਦਾਰ ਚੁੰਨੀਆਂ ਨੇ ਜਿੱਥੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ, ਉੱਥੇ ਹੀ ਪੰਜਾਬੀ ਸੱਭਿਆਚਾਰ ਨੂੰ ਸੰਸਾਰ ਭਰ ਵਿੱਚ ਨਿਵੇਕਲਾ ਬਣਾ ਕੇ ਰੱਖ ਦਿੱਤਾ। ਇਹ ਗੱਲ ਕਹਿਣ ਵਿੱਚ ਹੁਣ ਬੜਾ ਦੁੱਖ ਲੱਗ ਰਿਹਾ ਹੈ ਕਿ ਅੱਜਕੱਲ੍ਹ ਦੇ ਸਮੇਂ ਵਿੱਚ ਆਧੁਨਿਕ ਕੁੜੀਆਂ ਵੱਲੋਂ ਚੁੰਨੀਆਂ ਵਿਸਾਰੀਆਂ ਜਾ ਰਹੀਆਂ ਹਨ। ਵੱਡੇ-ਵੱਡੇ ਸ਼ਹਿਰਾਂ ਵਿੱਚ ਤਾਂ ਇੰਝ ਲੱਗਦਾ ਹੈ ਜਿਵੇਂ ਕੁੜੀਆਂ ਨੂੰ ਚੁੰਨੀਆਂ ਦਾ ਭਾਰ ਸਤਾਉਣ ਲੱਗਿਆ ਹੈ, ਉਹ ਸਿਰ ’ਤੇ ਤਾਂ ਕੀ, ਗਲ਼ ਵਿੱਚ ਵੀ ਚੁੰਨੀ ਨਹੀਂ ਲਟਕਾਉਂਦੀਆਂ। ਅਜਿਹਾ ਹੋਣ ’ਤੇ ਉਹ ਚੁੰਨੀਆਂ ਦੇ ਰੰਗਾਂ ਦੀ ਕੀ ਪਰਵਾਹ ਕਰਨਗੀਆਂ ਅਤੇ ਸੜਕਾਂ ’ਤੇ ਬੈਠੇ ਲਲਾਰੀ ਵੀ ਚੁੰਨੀਆਂ ਦੀ ਅਣਹੋਂਦ ਨੂੰ ਦੇਖ ਆਪਣੇ ਰੁਜ਼ਗਾਰ ਨੂੰ ਸਮੇਟਣ ਦੀ ਸੋਚਣ ਲੱਗੇ ਹਨ।
ਸੰਪਰਕ: 98764-52223

Advertisement

Advertisement
Tags :
ਚੁੰਨੀਦੀ…ਪੀਲੇ