ਪੰਜਾਬੀ ਸਾਹਿਤ ਅਤੇ ਪੱਤਰਕਾਰੀ ਦੀ ‘ਫੁਲਵਾੜੀ’
ਮੇਘਾ ਸਿੰਘ (ਡਾ.)*
ਨਵੰਬਰ 2024 ਪੰਜਾਬੀ ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਅਮਿੱਟ ਪੈੜਾਂ ਛੱਡਣ ਵਾਲੇ ਪ੍ਰਸਿੱਧ ਪੱਤਰ ‘ਫੁਲਵਾੜੀ’ ਦਾ ਸ਼ਤਾਬਦੀ ਵਰ੍ਹਾ ਹੈ। ਉਸ ਸਮੇਂ ਦੇ ਸਿਆਸੀ ਤੇ ਧਾਰਮਿਕ ਆਗੂ ਅਤੇ ਪੰਜਾਬੀ ਦੇ ਮੁੱਦਈ ਸਾਹਿਤਕਾਰ ਗਿਆਨੀ ਹੀਰਾ ਸਿੰਘ ਦਰਦ ਨੇ ਨਵੰਬਰ 1924 ਵਿੱਚ ‘ਫੁਲਵਾੜੀ’ ਅੰਮ੍ਰਿਤਸਰ ਤੋਂ ਆਰੰਭ ਕੀਤਾ। ਇਸ ਪੱਤਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗਿਆਨੀ ਹੀਰਾ ਸਿੰਘ ਦਰਦ ਅੰਗਰੇਜ਼ ਵਿਰੋਧੀ ਪ੍ਰਮੁੱਖ ਪੱਤਰ ਰੋਜ਼ਾਨਾ ‘ਅਕਾਲੀ’ ਦੇ ਸੰਪਾਦਕੀ ਬੋਰਡ ਵਿੱਚ ਕੰਮ ਕਰਦੇ ਸਨ। ਅੰਗਰੇਜ਼ਾਂ ਵਿਰੁੱਧ ਕਲਮ ਚਲਾਉਣ ਕਰਕੇ ‘ਅਕਾਲੀ’ ਦੇ ਕਈ ਹੋਰ ਸੰਪਾਦਕਾਂ ਵਾਂਗ ਗਿਆਨੀ ਹੀਰਾ ਸਿੰਘ ਦਰਦ ਨੂੰ ਵੀ ਜੇਲ੍ਹ ਯਾਤਰਾ ਕਰਨੀ ਪਈ ਸੀ। ਇਸ ਜੇਲ੍ਹ ਯਾਤਰਾ ਨੇ ‘ਦਰਦ’ ਹੋਰਾਂ ਨੂੰ ਆਪਣੇ ਸਿਆਸੀ ਵਿਚਾਰਾਂ ਦੇ ਪ੍ਰਚਾਰ ਲਈ ਇੱਕ ਵੱਖਰਾ ਮਾਸਿਕ ਪੱਤਰ ਕੱਢਣ ਲਈ ਪ੍ਰੇਰਿਤ ਕੀਤਾ, ਜਿਹੜਾ ‘ਫੁਲਵਾੜੀ’ ਦੇ ਰੂਪ ਵਿੱਚ ਨਵੰਬਰ 1924 ਵਿੱਚ ਛਪ ਕੇ ਪਾਠਕਾਂ ਤੱਕ ਪਹੁੰਚਿਆ। ਇਹ ਪੱਤਰ 1942 ਤੋਂ 1948 ਤੱਕ ‘ਦਰਦ’ ਹੋਰਾਂ ਦੀ ਜੇਲ੍ਹ ਯਾਤਰਾ ਕਾਰਨ ਬੰਦ ਰਿਹਾ ਅਤੇ ਮੁੜ 1948 ਤੋਂ 1956 ਤੱਕ ਚਲਦਾ ਰਿਹਾ। ਸੰਨ 1929 ਤੱਕ ਇਹ ਪੱਤਰ ਅੰਮ੍ਰਿਤਸਰ ਤੋਂ, 1930 ਤੋਂ ਦੇਸ਼ ਦੀ ਵੰਡ ਤੱਕ ਲਾਹੌਰ ਤੋਂ ਅਤੇ ਆਜ਼ਾਦੀ ਉਪਰੰਤ ਜਲੰਧਰ ਤੋਂ ਛਪਦਾ ਰਿਹਾ। ਇਸ ਸਮੇਂ ਦੌਰਾਨ ਇਸ ਪੱਤਰ ਨੂੰ ਕਈ ਵਾਰ ਸਰਕਾਰੀ ਪਾਬੰਦੀਆਂ ਅਤੇ ਕਹਿਰ ਦਾ ਸ਼ਿਕਾਰ ਵੀ ਹੋਣਾ ਪਿਆ।
ਗਿਆਨੀ ਹੀਰਾ ਸਿੰਘ ਦਰਦ ਨੇ ਇਸ ਪੱਤਰ ਨੂੰ ਭਾਵੇਂ ਆਪਣੇ ਅੰਗਰੇਜ਼ ਵਿਰੋਧੀ ਸਿਆਸੀ ਵਿਚਾਰਾਂ ਦੇ ਪ੍ਰਚਾਰ ਅਤੇ ਪਾਸਾਰ ਲਈ ਸ਼ੁਰੂ ਕਰਨ ਦਾ ਮਨ ਬਣਾਇਆ ਸੀ, ਪਰ ਇੱਕ ਪ੍ਰਬੁੱਧ ਪੱਤਰਕਾਰ ਵਾਲੇ ਗੁਣ ਸਮੋਈ ਬੈਠੇ ਦਰਦ ਨੇ ਇਸ ਨੂੰ ਬਹੁ-ਪੱਖੀ ਮੁਕੰਮਲ ਮਾਸਿਕ ਪੱਤਰ ਦੇ ਤੌਰ ’ਤੇ ਪ੍ਰਕਾਸ਼ਿਤ ਕੀਤਾ। ਇਸ ਦੇ ਪਹਿਲੇ ਅੰਕ ਦੇ ਸਰਵਰਕ ਉੱਪਰ ਅੰਕਿਤ ਇਹ ਸ਼ਬਦ ਇਸ ਗੱਲ ਦੀ ਸਾਖੀ ਭਰਦੇ ਹਨ:
‘‘ਪੰਜਾਬੀ ਸਾਹਿਤਯ ਦੇ ਭੰਡਾਰ ਨੂੰ ਗਿਆਤ ਰਾਜਨੀਤੀ, ਕਾਵਯ, ਖੇਤੀਬਾੜੀ, ਵਪਾਰ ਅਤੇ ਅਰੋਗਤਾ ਆਦਿ ਸਭ ਜ਼ਰੂਰੀ ਵਿਸ਼ਿਆਂ ਸਬੰਧੀ ਅਮੋਲਕ ਲੇਖਾਂ ਨਾਲ ਭਰਪੂਰ ਕਰਨ ਵਾਲਾ ਸਚਿੱਤ੍ਰ ਮਾਸਕ ਪੱਤਰ ਫੁਲਵਾੜੀ’’
ਇਸ ਪ੍ਰਸੰਗ ਵਿੱਚ ‘ਫੁਲਵਾੜੀ’ ਵਿੱਚ ਵਿਭਿੰਨ ਵਿਸ਼ਿਆਂ ਉੱਪਰ ਉੱਚ ਕੋਟੀ ਦੀ ਭਾਵਪੂਰਤ ਸਮੱਗਰੀ ਦੇ ਨਾਲ-ਨਾਲ ਸਾਹਿਤਕ, ਧਾਰਮਿਕ, ਸਮਾਜਿਕ ਅਤੇ ਸਿਆਸੀ ਨਿਬੰਧ ਪ੍ਰਕਾਸ਼ਿਤ ਹੁੰਦੇ ਰਹੇ।
ਵਿਸ਼ੇ ਦੇ ਪੱਖ ਤੋਂ ‘ਫੁਲਵਾੜੀ’ ਸਮੇਂ-ਸਮੇਂ ਧਾਰਮਿਕ, ਸਿਆਸੀ ਅਤੇ ਅਗਾਂਹਵਧੂ ਵਿਚਾਰਾਂ ਦਾ ਪੱਤਰ ਰਿਹਾ ਹੈ। ਗਿਆਨੀ ਹੀਰਾ ਸਿੰਘ ਦਰਦ ਦੇ ‘ਅਕਾਲੀ ਲਹਿਰ’ ਦੇ ਪ੍ਰਭਾਵ ਹੇਠ ਹੋਣ ਕਾਰਨ ਪਹਿਲਾਂ ਇਹ ਪੱਤਰ ਸਿੱਖ ਧਰਮ, ਸਿੱਖੀ ਵਿਚਾਰਧਾਰਾ ਅਤੇ ਕੌਮੀ ਰਾਜਸੀ ਵਿਚਾਰਧਾਰਾ ਦਾ ਪ੍ਰੇਰਕ ਰਿਹਾ ਅਤੇ ਇਸ ਵਿੱਚ ਗਿਆਨੀ ਗੁਰਦਿਤ ਸਿੰਘ, ਸਾਹਿਬ ਸਿੰਘ, ਕਰਮ ਸਿੰਘ ਹਿਸਟੋਰੀਅਨ, ਪ੍ਰੇਮ ਸਿੰਘ ਹੋਤੀ, ਡਾ. ਗੰਡਾ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਮਾਸਟਰ ਤਾਰਾ ਸਿੰਘ, ਗੋਪਾਲ ਸਿੰਘ ਕੌਮੀ ਆਦਿ ਦੀਆਂ ਸਿੱਖ ਇਤਿਹਾਸ ਸਬੰਧੀ ਰਚਨਾਵਾਂ ਛਪਦੀਆਂ ਰਹੀਆਂ।
ਕੌਮੀ ਆਜ਼ਾਦੀ ਦੀ ਲਹਿਰ ਦੌਰਾਨ ਇਸ ਪੱਤਰ ਨੇ ਅੰਗਰੇਜ਼ ਸਰਕਾਰ ਦੀ ਡਟ ਕੇ ਮੁਖ਼ਾਲਫ਼ਤ ਕੀਤੀ ਅਤੇ ਆਜ਼ਾਦੀ ਲਹਿਰ ਵਿੱਚ ਯੋਗਦਾਨ ਪਾਇਆ। ਸੰਨ 1938-39 ਵਿੱਚ ‘ਦਰਦ’ ਹੋਰਾਂ ਦੇ ਵਿਚਾਰਾਂ ਵਿੱਚ ਮਾਰਕਸਵਾਦੀ ਝੁਕਾਅ ਆਉਣ ਨਾਲ ਇਸ ਦਾ ਵਿਸ਼ਾ ਵਸਤੂ ਪ੍ਰਗਤੀਵਾਦੀ ਹੋ ਗਿਆ ਅਤੇ ਇਸ ਵਿੱਚ ਸੰਤ ਸਿੰਘ ਸੇਖੋਂ ਅਤੇ ਅਵਤਾਰ ਸਿੰਘ ਆਜ਼ਾਦ ਆਦਿ ਅਗਾਂਹਵਧੂ ਲੇਖਕ ਪ੍ਰਕਾਸ਼ਿਤ ਹੋਣ ਲੱਗ ਪਏ। ਆਜ਼ਾਦੀ ਉਪਰੰਤ ਗਿਆਨੀ ਹੀਰਾ ਸਿੰਘ ਦਰਦ ਦੇ ‘ਲਾਲ ਪਾਰਟੀ’ ਦਾ ਸਰਗਰਮ ਆਗੂ ਬਣ ਜਾਣ ਕਾਰਨ ਇਹ ਪੱਤਰ 1954 ਤੱਕ ‘ਲਾਲ ਪਾਰਟੀ’ ਦਾ ਬੁਲਾਰਾ ਬਣਿਆ ਰਿਹਾ। ਸਿੱਟੇ ਵਜੋਂ ਇਸ ਦਾ ਪਾਠਕ ਅਤੇ ਲੇਖਕ ਘੇਰਾ ਸੁੰਗੜ ਗਿਆ। ਇਸ ਸਮੇਂ ਦੌਰਾਨ ਇਸ ਨੂੰ ਕਈ ਵਾਰ ਸਰਕਾਰੀ ਪਾਬੰਦੀਆਂ ਦਾ ਵੀ ਸ਼ਿਕਾਰ ਹੋਣਾ ਪਿਆ।
ਸਿਆਸੀ ਪੱਖ ਤੋਂ ਇਲਾਵਾ ‘ਫੁਲਵਾੜੀ’ ਦਾ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿੱਚ ਵੀ ਵਡਮੁੱਲਾ ਯੋਗਦਾਨ ਹੈ। ਪੰਜਾਬੀ ਦੇ ਲਗਪਗ ਸਾਰੇ ਉੱਘੇ ਸਾਹਿਤਕਾਰਾਂ ਦੀਆਂ ਰਚਨਾਵਾਂ ਇਸ ਪੱਤਰ ਵਿੱਚ ਛਪਦੀਆਂ ਰਹੀਆਂ ਹਨ। ਡਾ. ਗੰਡਾ ਸਿੰਘ ਦੇ ਸ਼ਬਦਾਂ ਵਿੱਚ, ‘‘ਇਹ ਗੱਲ ਕਹਿਣੀ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਪੰਜਾਹ ਸਾਲ ਦੀ ਉਮਰ ਤੋਂ ਉੱਪਰ ਵਾਲੇ ਅੱਜਕੱਲ੍ਹ ਦੇ ਜਿਤਨੇ ਵੀ ਪੰਜਾਬੀ ਲਿਖਾਰੀ ਹਨ, ਉਨ੍ਹਾਂ ਵਿੱਚੋਂ ਸ਼ਾਇਦ ਹੀ ਕੋਈ ਹੋਵੇ, ਜਿਸ ਨੂੰ ‘ਫੁਲਵਾੜੀ’ ਦੇ ਲੇਖਾਂ ਅਤੇ ਕਵਿਤਾਵਾਂ ਤੋਂ ਉਤਸ਼ਾਹ ਅਤੇ ਹੁਲਾਰਾ ਨਾ ਮਿਲਿਆ ਹੋਵੇ ਜਾਂ ਉਨ੍ਹਾਂ ਨੇ ਆਪਣਾ ਪ੍ਰਤੱਖ ਸਾਹਿਤਕ ਜੀਵਨ ‘ਫੁਲਵਾੜੀ’ ਰਾਹੀਂ ਨਾ ਆਰੰਭ ਕੀਤਾ ਹੋਵੇ। ਇਸ ਤੋਂ ਇਲਾਵਾ ਪੰਜਾਬੀ ਦੇ ਜਿਤਨੇ ਵੀ ਮਹਾਨ ਲੇਖਕ ਹੋ ਗੁਜ਼ਰੇ ਹਨ, ਉਨ੍ਹਾਂ ਸਭ ਦਾ ਸਹਿਯੋਗ ਗਿਆਨੀ ਹੀਰਾ ਸਿੰਘ ਨੂੰ ਪ੍ਰਾਪਤ ਸੀ, ਜਿਸ ਕਰਕੇ ‘ਫੁਲਵਾੜੀ’ ਇੱਕ ਉੱਚ ਕੋਟੀ ਦਾ ਰਸਾਲਾ ਮੰਨਿਆ ਜਾਂਦਾ ਸੀ।’’
‘ਫੁਲਵਾੜੀ’ ਦੀਆਂ ਫਾਈਲਾਂ ਵਿੱਚ ਢੇਰ ਸਾਰਾ ਸਾਹਿਤ ਮੌਜੂਦ ਹੈ। ਕਵਿਤਾਵਾਂ ਅਤੇ ਕਹਾਣੀਆਂ ਤੋਂ ਇਲਾਵਾ ਨਾਵਲ ਰੂਪੀ ਰਚਨਾਵਾਂ ਵੀ ਇਸ ਵਿੱਚ ਪ੍ਰਕਾਸ਼ਿਤ ਹੋਈਆਂ। ਲਾਲ ਸਿੰਘ ਕਮਲਾ ਅਕਾਲੀ ਅਤੇ ਗਿਆਨੀ ਪ੍ਰਤਾਪ ਸਿੰਘ ਦੇ ਸਫ਼ਰਨਾਮੇ ਵੀ ਇਸ ਵਿੱਚ ਪ੍ਰਕਾ਼ਸ਼ਿਤ ਹੋਏ। ਇਕਾਂਗੀ-ਨਾਟਕ ਅਤੇ ਪੁਸਤਕਾਂ ਦੇ ਰੀਵਿਊ ਵੀ ਇਸ ਦੇ ਅੰਕਾਂ ਵਿੱਚ ਪ੍ਰਕਾਸ਼ਿਤ ਹੁੰਦੇ ਰਹੇ ਹਨ। ‘ਹਾਸਾ ਮੰਡਲੀ ਦਾ ਜਲਸਾ’ ਸਿਰਲੇਖ ਹੇਠ ਚੁਟਕਲੇ, ਇਨਾਮੀ ਬੁਝਾਰਤਾਂ, ਕਾਰਟੂਨ ਅਤੇ ਬਾਲ ਸਾਹਿਤ ਨਾਲ ਸਬੰਧਤ ਮਨੋਰੰਜਕ ਸਮੱਗਰੀ ਵੀ ਇਸ ਪੱਤਰ ਵਿੱਚ ਲਗਾਤਾਰ ਪ੍ਰਕਾਸ਼ਿਤ ਹੁੰਦੀ ਰਹੀ। ਪੰਜਾਬੀ ਲੋਕ-ਗੀਤਾਂ ਸਬੰਧੀ ਗੁਰਬਖ਼ਸ਼ ਸਿੰਘ ਸਮਸ਼ੇਰ ਦੇ ਨਿਬੰਧ ਵੀ ‘ਫੁਲਵਾੜੀ’ ਵਿੱਚ ਪ੍ਰਕਾਸ਼ਿਤ ਹੋਏ।
ਇਸ ਪੱਤਰ ਦੀ ਇੱਕ ਹੋਰ ਵਿਸ਼ੇਸ਼ਤਾ ਵੱਖ-ਵੱਖ ਵਿਸ਼ਿਆਂ ਉੱਤੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰਨ ਵਜੋਂ ਵੀ ਵਿਚਾਰਨਯੋਗ ਹੈ। ਇਸ ਸੰਦਰਭ ਵਿੱਚ ਸਿੱਖ-ਇਤਿਹਾਸ ਅੰਕ (ਦਸੰਬਰ 1929-ਜਨਵਰੀ 1930), ਛੂਤ-ਛਾਤ ਛੋੜ ਅੰਕ (ਅਪਰੈਲ 1936) ਅਤੇ ਕਵੀ ਨੰਬਰ (ਨਵੰਬਰ 1956) ਆਦਿ ਅੰਕ ਵਰਣਨਯੋਗ ਹਨ। ਇਸ ਦਾ ‘ਕਵੀ ਅੰਕ’ ਪੰਜਾਬੀ ਸਾਹਿਤਕ ਹਲਕਿਆਂ ਵਿੱਚ ਬੇਹੱਦ ਮਕਬੂਲ ਹੋਇਆ। ਇਸ ਅੰਕ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿੱਚ ਪਹਿਲੀ ਵਾਰ ਸਿਧਾਂਤਕ ਦ੍ਰਿਸ਼ਟੀ ਤੋਂ ਕਵੀਆਂ ਦਾ ਵਰਗੀਕਰਨ ਕੀਤਾ ਗਿਆ ਸੀ। ਸੰਪਾਦਕ ਨੇ 1850 ਤੋਂ ਮਗਰੋਂ ਦੀ ਪੰਜਾਬੀ ਕਵਿਤਾ ਵਿੱਚ ਆਏ ਝੁਕਾਵਾਂ ਨੂੰ ਮੁੱਖ ਰੱਖਦੇ ਹੋਏ ਕਵੀਆਂ ਨੂੰ ਸੱਤ ਵਰਗਾਂ - (ੳ) ਰਹੱਸਵਾਦੀ ਕਵੀ ਤੇ ਅਧਿਆਤਮਵਾਦੀ ਕਵੀ, (ਅ) ਸੁਧਾਰਵਾਦੀ ਕਵੀ, (ੲ) ਜਨਵਾਦੀ (ਦੇਸ਼ਭਗਤ ਤੇ ਇਨਕਲਾਬੀ ਕਵੀ), (ਸ) ਰੁਮਾਂਟਿਕ ਕਵੀ, (ਹ) ਕੁਝ ਹੋਰ ਪ੍ਰਸਿੱਧ ਕਵੀ, (ਕ) ਨਵੇਂ ਹੋਣਹਾਰ ਕਵੀ ਅਤੇ (ਖ) ਆਮ ਕਵੀ। ਇਸ ਤਰ੍ਹਾਂ ਵਰਗਾਂ ਵਿੱਚ ਵੰਡ ਕੇ ਲਗਪਗ 40 ਕਵੀਆਂ ਅਤੇ ਉਨ੍ਹਾਂ ਦੀ ਰਚਨਾ ਦੀ ਜਾਣ-ਪਛਾਣ ਕਰਵਾਈ ਗਈ। ਇਸ ਤੋਂ ਇਲਾਵਾ ‘ਕਵਿਤਾ’ ਅਤੇ ਉਸ ਦੀ ਪਰਖ ਸਬੰਧੀ ਵੀ ਲਗਪਗ 12 ਨੁਕਤਿਆਂ- ਕਵਿਤਾ ਕੀ ਹੈ?, ਕਵਿਤਾ ਦਾ ਲੱਖਣ ਕੀ ਹੈ?, ਕਵਿਤਾ ਦਾ ਆਸ਼ਾ ਕੀ ਹੈ, ਕਵੀ ਦਾ ਸਮਾਜ ਵਿੱਚ ਸਥਾਨ, ਕਵਿਤਾ, ਕਵੀ ਅਤੇ ਲੋਕਾਂ ਦਾ ਸਬੰਧ, ਕਵਿਤਾ ਦਾ ਰੂਪਕ ਪੱਖ, ਵਜ਼ਨ, ਤੋਲ ਅਤੇ ਛੰਦਬੰਦੀ, ਬੋਲੀ, ਅਲੰਕਾਰ, ਦ੍ਰਿਸ਼ ਚਿਤ੍ਰ, ਮਨੋਭਾਵਾਂ ਦੇ ਚਿੱਤ੍ਰ, ਸਪਸ਼ਟਤਾ, ਸੋਚ ਉਡਾਰੀ ਤੇ ਕਲਪਨਾ, ਕਵੀ ਦਾ ਜੀਵਨ ਸਿਧਾਂਤ ਤੇ ਉਸ ਦੀ ਏਕਤਾ ਵਧਾਊ ਮਹਾਨਤਾ, ਕਵਿਤਾ ਦਾ ਰੂਪ ਅਤੇ ਵਿਸ਼ਾ-ਵਸਤੂ ਦੀ ਏਕਤਾ, ਕਵੀ ਦਾ ਸੌਂਦਰਯ ਸਿਧਾਂਤ, ਇਸ ਦੀ ਇਕਸਾਰਤਾ ਤੇ ਸਮਤਾ ਅਤੇ ਕਵਿਤਾ ਵਿੱਚ ਰਸ ਆਦਿ ਵਿਸ਼ਿਆਂ ਉੱਪਰ ਭਰਪੂਰ ਚਾਨਣਾ ਪਾਇਆ ਗਿਆ ਮਿਲਦਾ ਹੈ।
ਸਾਹਿਤਕ ਰਚਨਾਵਾਂ ਦੀ ਪ੍ਰਕਾਸ਼ਨਾ ਤੋਂ ਇਲਾਵਾ ‘ਫੁਲਵਾੜੀ’ ਸਾਹਿਤਕ ਭਾਹ ਵਾਲੀਆਂ ਕਲਾਤਮਕ ਸਚਿੱਤਰ ਤਸਵੀਰਾਂ ਛਾਪਣ ਵਾਲਾ ਵੀ ਪੰਜਾਬੀ ਦਾ ਪਹਿਲਾ ਪੱਤਰ ਸੀ। ‘ਦਰਦ’ ਜੀ ਨੇ ਅਜਿਹੀਆਂ ਰੰਗਦਾਰ ਖ਼ੂਬਸੂਰਤ ਤਸਵੀਰਾਂ ਦੇ ਹੇਠਾਂ ਭਾਵਪੂਰਤ ਸਾਹਿਤਕ ‘ਕੈਪਸ਼ਨਾਂ’ ਵੀ ਲਾਈਆਂ। ‘ਜ਼ਿੰਦਗੀ ਦਾ ਅੰਤ’, ‘ਗ਼ਰੀਬੀ ਦੇ ਦੁਖੜੇ’, ‘ਬਾਬਰਬਾਣੀ’, ‘ਭੀਲਣੀ ਦੇ ਬੇਰ’, ‘ਦ੍ਰਿਸ਼ਟੀਹੀਨ ਸੁੰਦਰਤਾ’ ਅਤੇ ‘ਇਸ਼ਟ ਪੂਜਾ’ ਆਦਿ ਸਚਿੱਤਰ ਅਤੇ ਕਲਾਤਮਕ ਤਸਵੀਰਾਂ ਦੀ ਪ੍ਰਕਾਸ਼ਨਾ ਨੇ ਪਹਿਲੀ ਵਾਰ ਤਸਵੀਰਾਂ ਦੇ ਸਾਹਿਤਕ ਝੁਕਾਅ ਨੂੰ ਪ੍ਰਗਟ ਕੀਤਾ। ਇਸ ਤੋਂ ਇਲਾਵਾ ਇਸ ਪੱਤਰ ਨੇ ਦੂਜੀਆਂ ਭਾਸ਼ਾਵਾਂ ਦੇ ਪ੍ਰਸਿੱਧ ਲੇਖਕਾਂ ਜਿਵੇਂ ਟਾਲਸਟਾਏ ਅਤੇ ਸੁਦਰਸ਼ਨ ਆਦਿ ਦੀਆਂ ਉੱਤਮ ਰਚਨਾਵਾਂ ਦੇ ਅਨੁਵਾਦ ਵੀ ਪ੍ਰਕਾਸ਼ਿਤ ਕਰਕੇ ਪੰਜਾਬੀ ਭਾਸ਼ਾ ਦਾ ਖੇਤਰ ਹੋਰ ਵਸੀਹ ਕੀਤਾ।
ਪੰਜਾਬੀ ਸਾਹਿਤ ਦੇ ਹਰ ਸਾਹਿਤਕ ਰੂਪ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਤੋਂ ਇਲਾਵਾ ‘ਫੁਲਵਾੜੀ’ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪੰਜਾਬੀ ਪਿਆਰਿਆਂ ਦੀ ਇੱਕ ਸਾਂਝੀ ਜਥੇਬੰਦੀ ਬਣਾਉਣ ਲਈ ਵੀ ਠੋਸ ਯਤਨ ਕੀਤੇ। ‘ਫੁਲਵਾੜੀ’ ਦੇ ਨਵੰਬਰ 1927 ਦੇ ਅੰਕ ਵਿੱਚ ਗਿਆਨੀ ਹੀਰਾ ਸਿੰਘ ਦਰਦ ਨੇ ਲਿਖਿਆ:
‘‘ਮੈਂ ਅਨੁਭਵ ਕੀਤਾ ਕਿ ਅਸੀਂ ਪੰਜਾਬ ਵਿੱਚ ਕਿਸੇ ਰਾਜਸੀ ਅਤੇ ਭਾਈਚਾਰਕ ਲਹਿਰ ਨੂੰ ਕਾਮਯਾਬੀ ਨਾਲ ਨਹੀਂ ਚਲਾ ਸਕਦੇ ਜਦ ਤੀਕਣ ਪੰਜਾਬ ਦੀ ਮਾਦਰੀ ਬੋਲੀ ਲਈ ਸਾਰੇ ਪੰਜਾਬੀਆਂ ਦਾ ਪਿਆਰ ਨਾ ਪੈਦਾ ਕਰ ਦੇਈਏ ਅਤੇ ਇਸ ਦੀ ਤਰੱਕੀ ਲਈ ਸਾਰੇ ਪੰਜਾਬ ਵਾਸੀਆਂ ਨੂੰ ਇਕੱਠਾ ਨਾ ਕਰ ਲਈਏ।’’
ਅਤੇ ਦਸੰਬਰ 1927 ਦੇ ਅੰਕ ਵਿੱਚ:
‘‘ਅਸੀਂ ਪਿਛਲੇ ਦੋ ਤਿੰਨ ਪਰਚਿਆਂ ਵਿੱਚ ‘ਪੰਜਾਬੀ ਪਰਚਾਰਨੀ ਸਭਾ’ ਕਾਇਮ ਕਰਨ ’ਤੇ ਜ਼ੋਰ ਦੇ ਰਹੇ ਹਾਂ। ਇਸ ਲੋੜ ਨੂੰ ਕਈ ਸੱਜਣਾਂ ਨੇ ਅਨੁਭਵ ਕੀਤਾ ਹੈ। ਪ੍ਰੋ. ਤੇਜਾ ਸਿੰਘ ਐਮ.ਏ., ਲਾਲਾ ਕਿਰਪਾ ਸਾਗਰ ਤੇ ਬਾਵਾ ਬੁੱਧ ਸਿੰਘ ਇਸ ਸਬੰਧੀ ਬਹੁਤ ਜ਼ੋਰ ਦੇ ਰਹੇ ਹਨ।’’
ਇਸ ਤਰ੍ਹਾਂ ‘ਫੁਲਵਾੜੀ’ ਨੇ ਉਸ ਸਮੇਂ ਪੰਜਾਬੀ ਲੇਖਕਾਂ ਅਤੇ ਪੰਜਾਬੀ ਪਿਆਰਿਆਂ ਦੀ ਸਾਹਿਤਕ ਜਥੇਬੰਦੀ ਉਸਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਪੱਤਰ ਨੇ ਪੰਜਾਬੀ ਪਾਠਕਾਂ ਦਾ ਘੇਰਾ ਵਿਸ਼ਾਲ ਕੀਤਾ। ਇਸ ਦੇ ਧਾਰਮਿਕ, ਰਾਜਨੀਤਕ ਅਤੇ ਸਾਹਿਤਕ ਪੱਖ ਨੇ ਪੰਜਾਬੀ ਦੇ ਬੇਸ਼ੁਮਾਰ ਪਾਠਕ ਅਤੇ ਲੇਖਕ ਪੈਦਾ ਕੀਤੇ ਜਿਨ੍ਹਾਂ ਨੇ ਮਾਂ-ਬੋਲੀ ਪੰਜਾਬੀ ਲਈ ਅਥਾਹ ਪਿਆਰ ਅਤੇ ਸਤਿਕਾਰ ਪੈਦਾ ਕੀਤਾ। ਨਵੇਂ ਲੇਖਕਾਂ ਨੂੰ ‘ਫੁਲਵਾੜੀ’ ਵਿੱਚ ਮਿਲੀ ਥਾਂ ਨੇ ਪੰਜਾਬੀ ਲੇਖਕਾਂ ਦੀ ਗਿਣਤੀ ਵਿੱਚ ਵਰਨਣਯੋਗ ਵਾਧਾ ਕੀਤਾ।
ਕੁੱਲ ਮਿਲਾ ਕੇ ‘ਫੁਲਵਾੜੀ’ ਨੇ ਆਪਣੇ ਸਮੇਂ ਦੌਰਾਨ ਪੰਜਾਬੀ ਭਾਸ਼ਾ, ਸਾਹਿਤ ਅਤੇ ਪੰਜਾਬੀ ਪੱਤਰਕਾਰੀ ਦੇ ਵਿਕਾਸ ਵਿੱਚ ਗੌਲਣਯੋਗ ਯੋਗਦਾਨ ਪਾਇਆ। ਇਸ ਤੋਂ ਇਲਾਵਾ ਪੰਜਾਬੀਆਂ ਵਿੱਚ ਸਮਾਜਿਕ ਅਤੇ ਸਿਆਸੀ ਚੇਤਨਾ ਪ੍ਰਚੰਡ ਕਰਨ ਵਿੱਚ ਵੀ ‘ਫੁਲਵਾੜੀ’ ਦੀ ਭੂਮਿਕਾ ਅਹਿਮ ਰਹੀ।
* ਸਾਬਕਾ ਸਹਾਇਕ ਸੰਪਾਦਕ, ਪੰਜਾਬੀ ਟ੍ਰਿਬਿਊਨ।
ਸੰਪਰਕ: 97800-36137