For the best experience, open
https://m.punjabitribuneonline.com
on your mobile browser.
Advertisement

ਵੋਟ ਪਾਉਣ ਦੀ ਫੋਟੋ ਸੋਸ਼ਲ ਮੀਡੀਆ ’ਤੇ ਪਾਈ; ਚਾਰ ਗ੍ਰਿਫ਼ਤਾਰ

07:03 AM Jun 03, 2024 IST
ਵੋਟ ਪਾਉਣ ਦੀ ਫੋਟੋ ਸੋਸ਼ਲ ਮੀਡੀਆ ’ਤੇ ਪਾਈ  ਚਾਰ ਗ੍ਰਿਫ਼ਤਾਰ
Advertisement

ਗੁਰਿੰਦਰ ਸਿੰਘ
ਲੁਧਿਆਣਾ, 2 ਜੂਨ
ਵੱਖ-ਵੱਖ ਥਾਣਿਆਂ ਦੀ ਪੁਲੀਸ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਕੁਝ ਲੋਕਾਂ ਨੇ ਆਪਣੀ ਵੋਟ ਪਾਉਣ ਵੇਲੇ ਮੋਬਾਈਲ ਫੋਨ ਰਾਹੀਂ ਫੋਟੋ ਖਿੱਚ ਕੇ ਸੋਸ਼ਲ ਮੀਡੀਆ ’ਤੇ ਪਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤੇ ਗਏ ਹਨ। ਥਾਣਾ ਡਿਵੀਜ਼ਨ ਨੰਬਰ-3 ਦੀ ਪੁਲੀਸ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਤੇਜਪਾਲ ਸਿੰਘ ਨੇ ਦੱਸਿਆ ਹੈ ਕਿ ਹਲਕਾ ਸੈਂਟਰਲ ਦੇ ਬੂਥ ਨੰਬਰ 35 ਅਗਰਵਾਲ ਧਰਮਸ਼ਾਲਾ ਨੇੜੇ ਸੰਗਲਾਂ ਵਾਲਾ ਸ਼ਿਵਾਲਾ ਮੰਦਰ ਬਾਗੜੂ ਮੁਹੱਲਾ ਵਿੱਚ ਗੌਤਮ ਭਸੀਨ ਨੇ ਆਪਣੀ ਵੋਟ ਪਾਉਣ ਵੇਲੇ ਵੋਟਿੰਗ ਮਸ਼ੀਨ ਦੀ ਵੀਡੀਓ ਬਣਾ ਕੇ ਚੋਣ ਕਮੀਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜਿਸ ਨੂੰ ਕੇਸ ਦਰਜ ਕਰ ਕੇ ਕਾਬੂ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਦੱਸਿਆ ਕਿ ਪ੍ਰੀਜ਼ਾਈਡਿੰਗ ਅਫ਼ਸਰ ਗਗਨਦੀਪ ਸਚਦੇਵਾ ਦੀ ਸ਼ਿਕਾਇਤ ’ਤੇ ਸੈਂਟਰਲ ਹਲਕੇ ਦੇ ਬੂਥ ਨੰਬਰ 161 ’ਚ ਗਗਨਦੀਪ ਸਚਦੇਵਾ ਨੂੰ ਆਪਣੀ ਵੋਟ ਪਾਉਣ ਸਮੇਂ ਫੋਟੋ ਖਿੱਚ ਕੇ ਸੋਸ਼ਲ ਮੀਡੀਆ ’ਤੇ ਪਾਉਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਦੱਸਿਆ ਕਿ ਚੋਣ ਅਧਿਕਾਰੀ ਕਿਸ਼ੋਰ ਕੁਮਾਰ ਨੇ ਸ਼ਿਕਾਇਤ ਕੀਤੀ ਹੈ ਕਿ ਬੂਥ ਨੰਬਰ 142 ਹਲਕਾ ਸੈਂਟਰਲ ਵਿੱਚ ਸਾਬਕਾ ਭਾਜਪਾ ਵਿਧਾਇਕ ਹਰੀਸ਼ ਬੇਦੀ ਦੇ ਲੜਕੇ ਹਿਤੇਸ਼ ਬੇਦੀ ਨੇ ਵੋਟ ਪਾਉਣ ਸਮੇਂ ਫੋਟੋ ਖਿੱਚ ਕੇ ਆਪਣੇ ਫੇਸਬੁੱਕ ਖਾਤੇ ’ਤੇ ਅਪਲੋਡ ਕਰਕੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸੇ ਤਰ੍ਹਾਂ ਥਾਣਾ ਟਿੱਬਾ ਦੀ ਪੁਲੀਸ ਨੇ ਮਨੀਸ਼ ਵਰਮਾ ਨੂੰ ਕਾਬੂ ਕੀਤਾ ਹੈ।

Advertisement

ਪੋਲਿੰਗ ਬੂਥ ’ਚ ਵੀਡੀਓ ਬਣਾਉਣ ਵਾਲੇ ਖ਼ਿਲਾਫ਼ ਕੇਸ ਦਰਜ

ਗੁਰੂਸਰ ਸੁਧਾਰ (ਸੰਤੋਖ ਗਿੱਲ): ਥਾਣਾ ਦਾਖਾ ਦੀ ਪੁਲੀਸ ਨੇ ਪਿੰਡ ਈਸੇਵਾਲ ਦੇ ਚੋਣ ਅਧਿਕਾਰੀ ਵਰਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਗੁਰਦੀਪਕ ਸਿੰਘ ਵਾਸੀ ਪਿੰਡ ਈਸੇਵਾਲ ਖ਼ਿਲਾਫ਼ ਭਾਰਤੀ ਦੰਡਾਵਲੀ ਅਤੇ ਲੋਕ ਪ੍ਰਤੀਨਿਧਤਾ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਜਸਵੀਰ ਸਿੰਘ ਅਨੁਸਾਰ ਮੁਲਜ਼ਮ ਦੀ ਹਾਲੇ ਗ੍ਰਿਫ਼ਤਾਰੀ ਬਾਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਿਕਾਇਤਕਰਤਾ ਚੋਣ ਅਧਿਕਾਰੀ ਵਰਿੰਦਰ ਸਿੰਘ ਵੱਲੋਂ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ। ਚੋਣ ਅਫ਼ਸਰ ਵਰਿੰਦਰ ਸਿੰਘ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਈਸੇਵਾਲ ਵਿੱਚ ਮੁਲਜ਼ਮ ਗੁਰਦੀਪਕ ਸਿੰਘ ਨੇ ਮਨਾਹੀ ਦੇ ਬਾਵਜੂਦ ਵੋਟ ਪਾਉਣ ਸਮੇਂ ਪੋਲਿੰਗ ਬੂਥ ਵਿੱਚ ਆਪਣੇ ਫ਼ੋਨ ਰਾਹੀਂ ਵੀਡੀਓ ਬਣਾਈ ਸੀ ਪਰ ਪਤਾ ਲੱਗਣ ਬਾਅਦ ਗੁਰਦੀਪਕ ਸਿੰਘ ਨੇ ਪੋਲਿੰਗ ਏਜੰਟਾਂ ਦੀ ਮੌਜੂਦਗੀ ਵਿੱਚ ਵੀਡੀਓ ਆਪਣੇ ਫ਼ੋਨ ’ਚੋਂ ਹਟਾ ਦਿੱਤੀ ਸੀ। ਚੋਣ ਅਧਿਕਾਰੀ ਨੇ ਕਬਜ਼ੇ ਵਿੱਚ ਲਿਆ ਗਿਆ ਫ਼ੋਨ ਵੀ ਸਹਾਇਕ ਰਿਟਰਨਿੰਗ ਅਫ਼ਸਰ ਲੁਧਿਆਣਾ (ਪੱਛਮੀ) ਕੋਲ ਜਮ੍ਹਾ ਕਰਵਾ ਦਿੱਤਾ ਹੈ। ਥਾਣਾ ਮੁਖੀ ਜਸਵੀਰ ਸਿੰਘ ਅਨੁਸਾਰ ਫ਼ੋਨ ਵੀ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾਵੇਗੀ।

Advertisement
Author Image

Advertisement
Advertisement
×