For the best experience, open
https://m.punjabitribuneonline.com
on your mobile browser.
Advertisement

ਕਿਲ੍ਹਾ ਰਾਮਰੌਣੀ ਦਾ ਦਾਰਸ਼ਨਿਕ ਪਰਿਪੇਖ

07:03 PM Jun 23, 2023 IST
ਕਿਲ੍ਹਾ ਰਾਮਰੌਣੀ ਦਾ ਦਾਰਸ਼ਨਿਕ ਪਰਿਪੇਖ
Advertisement

ਡਾ. ਧਰਮ ਸਿੰਘ

Advertisement

ਸਿੱਖ ਇਮਾਰਤਸਾਜ਼ੀ ਵਿੱਚ ਇਮਾਰਤਾਂ ਮਹਿਜ਼ ਮਕਾਨ ਨਹੀਂ ਹਨ ਸਗੋਂ ਇਨ੍ਹਾਂ ਵਿਚਲੇ ਅਰਥਾਂ ਦੇ ਕਈ ਪਾਸਾਰ ਹਨ। ਕਰਤਾਰਪੁਰ (ਰਾਵੀ), ਅੰਮ੍ਰਿਤਸਰ, ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ, ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਆਪਣੇ ਸੰਕਲਪਾਂ ਅਤੇ ਦਾਰਸ਼ਨਿਕ ਵਿਚਾਰਾਂ ਕਰਕੇ ਸ਼ਹਿਰ ਹੋਣ ਦੇ ਨਾਲ ਨਾਲ ਹੋਰ ਕਈ ਗੱਲਾਂ ਕਰਕੇ ਮਹੱਤਵਪੂਰਨ ਹਨ। ਸ੍ਰੀ ਹਰਿਮੰਦਰ ਸਾਹਿਬ ਦੀ ਨੀਵੇਂ ਥਾਂ ਉਪਰ ਉਸਾਰੀ, ਅੰਮ੍ਰਿਤ ਸਰੋਵਰ ਵਿਚਕਾਰ ਇਮਾਰਤ ਦੀ ਰਚਨਾ ਅਤੇ ਇਸ ਦੇ ਚਾਰ ਦਰਵਾਜ਼ੇ ਆਪਣੇ ਅੰਦਰ ਗਹਿਰੇ ਅਰਥ ਛੁਪਾਈ ਬੈਠੇ ਹਨ। ਗੁਰੂ ਸਾਹਿਬਾਨ ਵੱਲੋਂ ਵਸਾਏ ਗਏ ਨਗਰਾਂ ਅਤੇ ਇਨ੍ਹਾਂ ਵਿਚਲੀਆਂ ਇਮਾਰਤਾਂ ਦੇ ਦਾਰਸ਼ਨਿਕ ਪਰਿਪੇਖ ਬਾਰੇ ਖੋਜ ਹੋਣੀ ਅਜੇ ਬਾਕੀ ਹੈ। ਕਿਲ੍ਹਾ ਰਾਮਰੌਣੀ ਦੀ ਸ਼ੁਰੂ ਵਿੱਚ ਯੁੱਧਨੀਤਕ ਅਹਿਮੀਅਤ ਵਧੇਰੇ ਸੀ। ਫਿਰ ਵੀ ਇਸ ਦਾ ਕੁਝ ਨਾ ਕੁਝ ਦਾਰਸ਼ਨਿਕ ਪਰਿਪੇਖ ਬਣਦਾ ਹੈ।

Advertisement

‘ਰੌਣੀ’ ਸ਼ਬਦ ਦੇ ਅਰਥ ਖੰਦਕ ਜਾਂ ਖਾਈ ਹੈ ਜੋ ਪਾਣੀ ਨਾਲ ਭਰੀ ਹੋਵੇ। ਕਿਲ੍ਹਿਆਂ ਦੀ ਉਸਾਰੀ ਕਰਦੇ ਵਕਤ ਪਹਿਲੀ ਰੱਖਿਆਤਮਕ ਪੰਕਤੀ ਵਜੋਂ ਖੰਦਕ ਵੀ ਖੋਦੀ ਜਾਂ ਬਣਾਈ ਜਾਂਦੀ ਸੀ ਤਾਂ ਜੋ ਸੰਕਟ ਸਮੇਂ ਇਸ ਵਿੱਚ ਪਾਣੀ ਛੱਡ ਕੇ ਦੁਸ਼ਮਣ ਦੇ ਹਮਲੇ ਨੂੰ ਰੋਕਿਆ ਜਾ ਸਕੇ। ਖੰਦਕ ਪਾਰ ਕਰਕੇ ਹੀ ਕਿਲ੍ਹੇ ਤੱਕ ਪਹੁੰਚਿਆ ਜਾ ਸਕਦਾ ਸੀ। ਪਿੰਡਾਂ ਵਿਚ ਅੱਜ ਵੀ ਨਵੀਂ ਫ਼ਸਲ ਬੀਜਣ ਲਈ ਜ਼ਮੀਨ ਵਿੱਚ ਨਮੀ ਜਾਂ ਵੱਤਰ ਬਣਾਉਣ ਲਈ ਵਾਹੇ ਹੋਏ ਵਾਹਣ ਵਿੱਚ ਪਾਣੀ ਛੱਡਿਆ ਜਾਂਦਾ ਹੈ ਜਿਸ ਨੂੰ ਰੌਣੀ ਕਰਨਾ ਕਿਹਾ ਜਾਂਦਾ ਹੈ। ਮਹਾਨਕੋਸ਼ ਵਿੱਚ ਵੀ ਰੌਣੀ ਦੇ ਅਰਥ ਆਬਪਾਸ਼ੀ, ਸਿੰਚਾਈ ਅਤੇ ਖੰਦਕ ਜੋ ਪਾਣੀ ਨਾਲ ਭਰੀ ਹੋਵੇ, ਕੀਤੇ ਗਏ ਹਨ।

ਅਠਾਰ੍ਹਵੀਂ ਸਦੀ ਦੇ ਘੋਰ ਸੰਕਟ ਸਮੇਂ ਸਿੱਖ ਮਿਸਲਦਾਰਾਂ ਨੇ ਅੰਮ੍ਰਿਤਸਰ ਵਿਖੇ ਸ਼ਹਿਰ ਦੀ ਧਾਰਮਿਕ ਅਹਿਮੀਅਤ ਕਰਕੇ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਲਈ ਇੱਕ ਕਿਲ੍ਹਾ ਉਸਾਰਨ ਦੀ ਯੋਜਨਾ ਬਣਾਈ। ਪਹਿਲਾਂ ਛੋਟਾ ਜਿਹਾ ਕੱਚਾ ਕਿਲ੍ਹਾ ਬਣਾਇਆ ਜਿਸ ਦਾ ਨਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਂ ਉਪਰ ਰਾਮਗੜ੍ਹ ਰੱਖਿਆ ਅਤੇ ਇਸ ਨੂੰ ਸਰਦਾਰ ਜੱਸਾ ਸਿੰਘ ਨੂੰ ਸੌਂਪਿਆ ਗਿਆ। ਇਸੇ ਕਾਰਨ ਇਸ ਸਰਦਾਰ ਦੇ ਨਾਂ ਨਾਲ ਰਾਮਗੜ੍ਹੀਆ ਸ਼ਬਦ ਜੁੜ ਗਿਆ। ਸਰਦਾਰ ਜੱਸਾ ਸਿੰਘ ਨੂੰ ਪਹਿਲਾਂ ਜੱਸਾ ਸਿੰਘ ਠੋਕਾ ਕਿਹਾ ਜਾਂਦਾ ਸੀ। ਇਸ ਮਗਰੋਂ ਸਿੱਖ ਧਰਮ ਅਪਣਾਉਣ ਵਾਲੇ ਤਰਖਾਣ ਭਾਈਚਾਰੇ ਦੇ ਲੋਕ ਆਪਣੇ ਆਪ ਨੂੰ ਰਾਮਗੜ੍ਹੀਏ ਕਹਾਉਣ ਲੱਗ ਪਏ। ਹੁਣ ਸੁਆਲ ਉੱਠਦਾ ਹੈ ਕਿ ਯੁੱਧਨੀਤਕ ਦ੍ਰਿਸ਼ਟੀ ਤੋਂ ਬਣਾਈ ਗਈ ਇਸ ਇਮਾਰਤ ਵਿੱਚ ਦਾਰਸ਼ਨਿਕਤਾ ਕਿੱਥੋਂ ਆ ਗਈ? ਦਰਅਸਲ, ਅੰਮ੍ਰਿਤਸਰ ਵਿੱਚ ਕਿਲ੍ਹਾ ਬਣਾਉਣ ਪਿੱਛੇ ਸਿਰਫ਼ ਇਹੋ ਇੱਕ ਕਾਰਨ ਨਹੀਂ ਸੀ ਸਗੋਂ ਦਾਰਸ਼ਨਿਕਤਾ ਦਾ ਪਹਿਲੂ ਇੱਥੇ ਪੰਜ ਸਰੋਵਰਾਂ ਦਾ ਹੋਣਾ ਸੀ। ਗੁਰਮਤਿ ਦਰਸ਼ਨ ਦੀ ਗਹਿਰਾਈ ਨੂੰ ਵੇਖਦਿਆਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬਾਨ ਨੇ ਸਿੱਖ ਸਮਾਜ ਨੂੰ ਬ੍ਰਾਹਮਣੀ ਸਮਾਜ ਨਾਲੋਂ ਨਿਖੇੜਨ ਲਈ ਹਿੰਦੂ ਮੱਤ ਦੇ ਦਾਰਸ਼ਨਿਕ ਸੰਕਲਪਾਂ ਦੇ ਸਮਾਨਾਂਤਰ ਸਿੱਖ ਸੰਕਲਪ ਦਿੱਤੇ।

ਅਠਸਠ ਤੀਰਥ, ਇਸ਼ਨਾਨ ਦੀ ਮਰਿਯਾਦਾ ਅਤੇ ਹਰਿ ਕੀ ਪਉੜੀ ਇਸੇ ਸੋਚ ਵਿੱਚੋਂ ਨਿਕਲੇ ਹਨ। ਅਜਿਹਾ ਹੀ ਸੰਕਲਪ ਜਾਂ ਵਿਚਾਰ ਰਾਮਰੌਣੀ ਦੀ ਕਾਇਮੀ ਪਿੱਛੇ ਵੀ ਕੰਮ ਕਰ ਰਿਹਾ ਸੀ। ਕੁਰੂਕਸ਼ੇਤਰ ਦਾ ਧਾਰਮਿਕ ਮਹੱਤਵ ਸਰਬ-ਵਿਖਿਆਤ ਹੈ। ਇਸੇ ਧਰਤੀ ਉਪਰ ਗੀਤਾ ਗਿਆਨ ਦਿੱਤਾ ਗਿਆ। ਸਮੇਂ ਦੇ ਬੀਤਣ ਨਾਲ ਇੱਥੇ ਤਿੰਨ ਸੌ ਪੈਂਹਠ ਸਰੋਵਰਾਂ ਅਥਵਾ ਤੀਰਥਾਂ ਦੀ ਰਚਨਾ ਹੋਈ। ਅੰਮ੍ਰਿਤਸਰ ਦੀ ਚੋਣ ਪਿੱਛੇ ਅੰਮ੍ਰਿਤ ਸਰੋਵਰ, ਬਿਬੇਕਸਰ, ਕੌਲਸਰ, ਸੰਤੋਖਸਰ ਅਤੇ ਰਾਮਸਰ ਸਰੋਵਰਾਂ ਦੀ ਮੌਜੂਦਗੀ ਸੀ।

ਇਸੇ ਲਈ ਅਸੀਂ ਵੇਖਦੇ ਹਾਂ ਕਿ ਸਦੀਆਂ ਤੋਂ ਹੀ ਅੰਮ੍ਰਿਤਸਰ ਅਤੇ ਹਰਿਮੰਦਰ ਸਾਹਿਬ ਦੀ ਰਾਖੀ ਤੇ ਪਵਿੱਤਰਤਾ ਬਰਕਰਾਰ ਰੱਖਣ ਲਈ ਹਜ਼ਾਰਾਂ ਸਿੱਖਾਂ ਨੇ ਇੱਥੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ। ਬਾਬਾ ਦੀਪ ਸਿੰਘ, ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਦੀਆਂ ਸ਼ਹੀਦੀਆਂ ਇਸੇ ਸੰਦਰਭ ਵਿੱਚ ਵਿਚਾਰੀਆਂ ਜਾ ਸਕਦੀਆਂ ਹਨ। ਰਤਨ ਸਿੰਘ ਭੰਗੂ ਨੇ ਰਾਮਰੌਣੀ ਜਾਂ ਰਾਮਗੜ੍ਹ ਕਿਲ੍ਹੇ ਦੀ ਉਸਾਰੀ ਦੇ ਕਾਰਜ ਦੇ ਅਧਿਆਤਮੀਕਰਨ ਲਈ ਦ੍ਰਿਸ਼ਟਾਂਤ ਵੀ ਦਿੱਤਾ ਹੈ ਤੇ ਗੁਰਮਤਿ ਦਰਸ਼ਨ ਵਿਚਲੇ ਮਨੁੱਖੀ ਬਰਾਬਰੀ ਦੇ ਸਿਧਾਂਤ ਨੂੰ ਵੀ ਦ੍ਰਿੜ੍ਹ ਕਰਵਾਇਆ ਗਿਆ ਹੈ। ਭੰਗੂ ਦਾ ਮੰਨਣਾ ਹੈ ਕਿ ਰਾਮਰੌਣੀ ਦੀ ਉਸਾਰੀ ਇੱਕ ਕੌਮੀ ਕਾਜ ਸੀ ਅਤੇ ਇਸ ਕਾਜ ਵਿੱਚ ਹਰ ਛੋਟੇ ਵੱਡੇ ਮਿਸਲਦਾਰ ਨੇ ਇਸ ਨੂੰ ਗੁਰੂਘਰ ਵਰਗਾ ਕੌਮੀ ਕਾਜ ਜਾਣ ਕੇ ਕਾਰ ਸੇਵਾ ਕੀਤੀ:

ਆਪੇ ਰਾਜ ਸਿੰਘ ਆਪੇ ਮਜੂਰ। ਬੜੇ ਭੁਜੰਗੀ ਦਿਲ ਕੇ ਸੂਰ।

ਆਪੇ ਪੀਸੇ ਆਪ ਪਕਾਵੇ। ਤੋ ਤੋ ਬਡੇ ਸਰਦਾਰ ਕਹਾਵੇ।

ਜੋਊ ਕਰੈ ਸਿੰਘ ਬਹੁਤੇ ਕੰਮ। ਧੰਨ ਧੰਨ ਕਹੈ ਸਿੰਘ ਤਿਸੈ ਜੰਮ।

ਕੋਊ ਕਰੈ ਨ ਕਿਸੀ ਸ਼ਰੀਕਾ। ਕੋਈ ਨ ਸੁਨਾਵੈ ਦੁਖ ਨਿਤ ਜੀ ਕਾ। ਕੰਧੇ ਬਣਾਵੈ ਦੌੜੇ ਦੌੜ। ਜਿਮ ਬੰਦਰ ਪੁਲ ਬੰਧਤ ਧੌੜ।

ਰਾਮਰੌਣੀ ਦਾ ਕਿਲ੍ਹਾ ਭਾਵੇਂ ਅੱਜ ਮੌਜੂਦ ਨਹੀਂ ਪਰ ਇਸ ਦੇ ਰਚੇ ਜਾਣ ਪਿੱਛੇ ਕੰਮ ਕਰਦੇ ਸਿਧਾਂਤ ਜਾਂ ਦਾਰਸ਼ਨਿਕਤਾ ਅੱਜ ਵੀ ਸਾਡੀ ਰਹਿਨੁਮਾਈ ਕਰਦੇ ਹਨ।

ਸੰਪਰਕ: 98889-39808

Advertisement
Advertisement