ਫਿਲੌਰ: ਹਸਪਤਾਲ ਬਚਾਓ ਸੰਘਰਸ਼ ਕਮੇਟੀ ਨੇ ਜਿੰਦਰੇ ਭੇਟ ਕੀਤੇ
ਸਰਬਜੀਤ ਸਿੰਘ ਗਿੱਲ
ਫਿਲੌਰ, 11 ਸਤੰਬਰ
ਤਹਿਸੀਲ ਫਿਲੌਰ ਦੇ ਸਾਰੇ ਸਿਵਲ ਹਸਪਤਾਲ ਤੇ ਪੇਂਡੂ ਡਿਸਪੈਂਸਰੀਆਂ ਨੂੰ ਬਚਾਉਣ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੋਰਚੇ ਵਿੱਚ ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਔਰਤ ਮੁਕਤੀ ਮੋਰਚਾ, ਅੰਬੇਡਕਰ ਸੈਨਾ ਪੰਜਾਬ, ਸਮਾਜ ਸੇਵੀ ਜਥੇਬੰਦੀਆਂ, ਪਿੰਡਾਂ ਦੀਆਂ ਪੰਚਾਇਤਾਂ ਤੇ ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਫਿਲੌਰ ਸ਼ਾਮਲ ਹਨ ਤੇ ਇਨ੍ਹਾਂ ਵਲੋਂ 21 ਮੈਂਬਰੀ ਸਿਵਲ ਹਸਪਤਾਲ ਫਿਲੌਰ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਅੱਗੇ ਜਿੰਦਰੇ ਭੇਟ ਕਰਨ ਲਈ ਰੋਹ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕੋਈ ਵੀ ਜਿੰਦਰੇ ਲੈਣ ਵਾਸਤੇ ਨਹੀਂ ਪੁੱਜਾ। ਐਕਸ਼ਨ ਕਮੇਟੀ ਦੇ ਆਗੂਆਂ ਨੇ ਬਾਹਰਲੇ ਗੇਟ ਨਾਲ ਹੀ ਜਿੰਦਰਾ ਟੰਗ ਦਿੱਤਾ। ਆਗੂਆਂ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਤੇ ਸਿਹਤ ਮੰਤਰੀ ਬਲਬੀਰ ਸਿੰਘ ਹਰ ਰੋਜ਼ ਚੰਗੀਆਂ ਸਿਹਤ ਸਹੂਲਤਾਂ ਦਾ ਢੰਡੋਰਾ ਪਿੱਟਦੇ ਹਨ ਪਰ ਜ਼ਮੀਨੀ ਹਕੀਕਤਾਂ ਸਾਰੀਆਂ ਉੱਲਟ ਹਨ। ਹਸਪਤਾਲਾਂ ਵਿੱਚ ਨਵੇਂ ਡਾਕਟਰ ਤਾਂ ਕੀ ਭਰਤੀ ਕਰਨੇ ਸਨ, ਸਗੋਂ ਅਖੌਤੀ ਮੁਹੱਲਾ ਕਲੀਨਕ ਖੋਲ੍ਹਣ ਦੀ ਸਿਆਸੀ ਜ਼ਿੱਦ ਪੂਰੀ ਕਰਨ ਲਈ ਪੇਂਡੂ ਖੇਤਰ ਵਿੱਚ ਚਲਦੀਆਂ ਪੇਂਡੂ ਡਿਸਪੈਂਸਰੀਆਂ ਨੂੰ ਵੀ ਧੜਾ ਧੜ ਬੰਦ ਕੀਤਾ ਜਾ ਰਿਹਾ ਹੈ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ 11 ਅਗਸਤ ਨੂੰ ਐੱਸਡੀਐੱਮ ਫਿਲੌਰ ਰਾਹੀਂ ਮੁੱਖ ਮੰਤਰੀ, ਸਿਹਤ ਮੰਤਰੀ ਤੇ ਡਾਇਰੈਕਟਰ ਸਿਹਤ ਵਿਭਾਗ ਤੇ ਸਿਵਲ ਸਰਜਨ ਨੂੰ ਮੰਗ ਪੱਤਰ ਭੇਜੇ ਗਏ ਸਨ ਪਰ ਮਹੀਨਾ ਬੀਤਣ ’ਤੇ ਵੀ ਕੋਈ ਸੁਣਵਾਈ ਨਹੀਂ ਹੋਈ। ਜਿੰਦਰੇ ਭੇਟ ਕਰਨ ਤੋਂ ਪਹਿਲਾਂ ਸੰਘਰਸ਼ ਕਮੇਟੀ ਦੇ ਹੋਏ ਇਕੱਠ ਦੀ ਅਗਵਾਈ ਕਾਮਰੇਡ ਜਰਨੈਲ ਫਿਲੌਰ ਤਹਿਸੀਲ ਪ੍ਰਧਾਨ ਦਿਹਾਤੀ ਮਜ਼ਦੂਰ ਸਭਾ, ਦੀਪਕ ਰਸੂਲਪੁਰੀ ਪ੍ਰਧਾਨ ਅੰਬੇਡਕਰ ਸੈਨਾ ਤਹਿਸੀਲ ਫਿਲੌਰ, ਪਰਸ਼ੋਤਮ ਫਿਲੌਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਮਾਸਟਰ ਹੰਸ ਰਾਜ ਪ੍ਰਧਾਨ ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਸੰਤੋਖਪੁਰਾ, ਸਰਬਜੀਤ ਸਿੰਘ ਸਰਪੰਚ ਭੱਟੀਆਂ ਨੇ ਕੀਤੀ। ਇਸ ਸਮੇਂ ਆਗੂਆਂ ਵਲੋਂ ਕਿਹਾ ਗਿਆ ਕਿ ਜੇ ਦੋ ਹਫ਼ਤਿਆਂ ਦੇ ਵਿੱਚ ਮੰਗਾਂ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਦੇ ਅਗਲੇ ਪੜਾਅ ਤਹਿਤ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਫਿਲੌਰ ਵਿੱਚ ਤਹਿਸੀਲ ਪੱਧਰੀ ਵਿਸ਼ਾਲ ਜਨਤਕ ਪ੍ਰਦਰਸ਼ਨ ਤੇ ਮਾਰਚ ਕੀਤਾ ਜਾਵੇਗਾ, ਜਿਸ ਦੀ ਤਿਆਰੀ ਲਈ 50 ਦਿਨ, 50 ਪਿੰਡ ਤੇ 50 ਮੀਟਿੰਗਾਂ ਦੇ ਨਾਅਰੇ ਤਹਿਤ ਪਿੰਡਾਂ ਵਿੱਚ ਜਨਤਕ ਲਾਮਬੰਦੀ ਕੀਤੀ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਤਹਿਸੀਲ ਫਿਲੌਰ ਦੇ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ ਸਮੇਤ ਸਾਰੇ ਸਟਾਫ ਦੀਆਂ 80 ਪ੍ਰਤੀਸ਼ਤ ਆਸਾਮੀਆਂ ਖਾਲੀ ਹਨ। ਇਸ ਮੌਕੇ ਸਰਪੰਚ ਰਾਮ ਲੁਭਾਇਆ, ਜੋਗਾ ਅਸ਼ਾਹੂਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਅਰਸ਼ਪ੍ਰੀਤ ਗੁਰੂ, ਸੁਖਜੀਤ ਅਸ਼ਾਹੂਰ, ਸੁਖਜਿੰਦਰ ਰੰਧਾਵਾ ਕਤਪਾਲੋਂ, ਅਮਰਜੀਤ ਸਿੰਘ ਮੋਨੂੰ ਪੰਚ ਨੰਗਲ, ਡਾ. ਅਸ਼ੋਕ ਕੁਮਾਰ, ਡਾ. ਸੰਦੀਪ ਕੁਮਾਰ, ਗੁਰਜੀਤ ਗੁਰੂ, ਸੰਜੀਵ ਕਾਦਰੀ, ਡਾ. ਆਰਐੱਲ ਰਾਣਾ, ਬਿੰਦਰ ਅੱਪਰਾ ਤੇ ਰਿੰਕੂ ਹਾਜ਼ਰ ਸਨ।