ਨੈੱਟ ਤੇ ਪੀਐੱਚਡੀ ਪ੍ਰੋਫੈਸਰਾਂ ਨੇ ਲਾਈ ਸਬਜ਼ੀ ਦੀ ਰੇਹੜੀ
ਪੱਤਰ ਪ੍ਰੇਰਕ
ਪਟਿਆਲਾ, 29 ਅਗਸਤ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਚੱਲ ਰਿਹਾ ਸਹਾਇਕ ਪ੍ਰੋਫੈਸਰ ਗੈਸਟ ਫੈਕਲਟੀ ਦਾ ਧਰਨਾ ਅੱਜ 39ਵੇਂ ਦਿਨ ਵੀ ਜਾਰੀ ਰਿਹਾ। ਅੱਜ ਇਸ ਧਰਨੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਗੈਸਟ ਫੈਕਲਟੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਗਿਆ।
ਅੱਜ ਇਸ ਧਰਨੇ ਵਿੱਚ ਡਾ. ਬਲਵਿੰਦਰ ਸਿੰਘ ਟਿਵਾਣਾ, ਪ੍ਰੋਫੈਸਰ ਰਾਜਦੀਪ ਸਿੰਘ, ਡਾ. ਗੌਰਵ ਤੇ ਡਾ. ਚਰਨਜੀਤ ਵੱਲੋਂ ਧਰਨੇ ਦੀ ਹਮਾਇਤ ਕੀਤੀ ਗਈ। ਅੱਜ ਸਹਾਇਕ ਪ੍ਰੋਫੈਸਰਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੇਨ ਗੇਟ ਉੱਪਰ ਸਬਜ਼ੀਆਂ ਦੀ ਰੇਹੜੀ ਲਗਾ ਕੇ ਸਬਜ਼ੀ ਵੇਚੀ ਗਈ। ਸਹਾਇਕ ਪ੍ਰੋਫ਼ੈਸਰ (ਗੈਸਟ ਫੈਕਲਟੀ) ਨੇ ਆਪਣੀਆਂ ਡਿਗਰੀਆਂ ਨਾਲ ਲੈ ਕੇ ਪੰਜਾਬ ਸਰਕਾਰ, ਸਿੱਖਿਆ ਮੰਤਰੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਰਜਕਾਰੀ ਵਾਈਸ ਚਾਂਸਲਰ ਕੇਕੇ ਯਾਦਵ ਵਿਰੁੱਧ ਗ਼ੁੱਸਾ ਜ਼ਾਹਿਰ ਕੀਤਾ। ਇਸ ਮੌਕੇ ਸਹਾਇਕ ਪ੍ਰੋਫੈਸਰਾਂ ਵੱਲੋਂ ਕਿਹਾ ਗਿਆ ਕਿ ਉਹ ਭਾਰਤ ਦੀਆਂ ਸਰਵਉੱਚ ਡਿਗਰੀਆਂ ਪ੍ਰਾਪਤ ਕਰ ਚੁੱਕੇ ਹਨ ਪਰ ਪੰਜਾਬ ਦੀ ‘ਆਪ’ ਸਰਕਾਰ ਸਿਰਫ਼ ਪੋਸਟਰਾਂ ਵਿੱਚ ਹੀ ਨੌਕਰੀਆਂ ਦਿਖਾ ਰਹੀ ਹੈ, ਪਰ ਅਸਲ ਵਿੱਚ ਇਹ ਸਰਕਾਰ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਤੋਂ ਕੱਚੀਆਂ ਨੌਕਰੀਆਂ ਵੀ ਖੋਹ ਰਹੀ ਹੈ। ਇਹ ਮਾਹੌਲ ਉਸ ਵਕਤ ਰੌਚਕ ਬਣ ਗਿਆ ਜਦੋਂ ਪ੍ਰੋਫੈਸਰਾਂ ਵੱਲੋਂ ਲਗਾਈ ਸਬਜ਼ੀ ਦੀ ਰੇਹੜੀ ਉੱਪਰ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਲੱਗੇ।
ਇਸ ਮੌਕੇ ਜਗਸੀਰ ਸਿੰਘ, ਡਾ ਬੇਅੰਤ ਸਿੰਘ, ਪ੍ਰੋਫੈਸਰ ਅਮਨ ਸਿੰਘ, ਪ੍ਰੋਫੈਸਰ ਕੁਲਦੀਪ ਸਿੰਘ, ਪ੍ਰੋਫੈਸਰ ਗੁਰਵਿੰਦਰ, ਪ੍ਰੋਫੈਸਰ ਦਿਵਿਆ, ਪ੍ਰੋਫੈਸਰ ਸੁਖਵੀਰ, ਸੁਖਦੀਪ, ਹਰਪ੍ਰੀਤ ਅਤੇ ਵਿਪਨ ਗੋਇਲ, ਪ੍ਰੋਫੈਸਰ ਕੁਲਵਿੰਦਰ, ਸਮੇਤ ਭਾਰੀ ਗਿਣਤੀ ਵਿੱਚ ਗੈੱਸਟ ਪ੍ਰੋਫੈਸਰ ਹਾਜ਼ਰ ਸਨ।