ਫੇਜ਼-7 ਤੋਂ 11 ਤੱਕ ਸੜਕ ਨੂੰ ਚੌੜਾ ਕਰਨ ਦੇ ਪ੍ਰਾਜੈਕਟ ਦਾ ਕੰਮ ਠੰਢੇ ਬਸਤੇ ’ਚ
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 3 ਸਤੰਬਰ
ਪੰਜਾਬ ਸਰਕਾਰ ਵੱਲੋਂ ਮੁਹਾਲੀ ਵਾਸੀਆਂ ਨੂੰ ਆਵਾਜਾਈ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਗਮਾਡਾ ਰਾਹੀਂ ਸ਼ਹਿਰ ਦੀਆਂ ਦੋ ਪ੍ਰਮੁੱਖ ਸੜਕਾਂ ਨੂੰ ਚੌੜਾ ਤੇ ਮਜ਼ਬੂਤ ਬਣਾਉਣ ਲਈ ਸ਼ੁਰੂ ਕੀਤਾ ਕੰਮ ਠੰਢੇ ਬਸਤੇ ਵਿੱਚ ਪਿਆ ਹੈ। ਇਸ ਕਾਰਨ ਲੋਕਾਂ ਨੂੰ ਸਹੂਲਤਾਂ ਦੀ ਥਾਂ ਪ੍ਰੇਸ਼ਾਨੀਆਂ ਨਾਲ ਜੂਝਣਾ ਪੈ ਰਿਹਾ ਹੈ। ਇੱਥੋਂ ਦੇ ਫੇਜ਼-7 ਸਥਿਤ ਲਾਲ ਬੱਤੀ ਚੌਕ ਤੋਂ ਫੇਜ਼-11 ਤੱਕ ਅਤੇ ਕੁੰਭੜਾ ਚੌਕ ਤੋਂ ਬਾਵਾ ਵਾਈਟ ਹਾਊਸ ਤੱਕ ਅਤੇ ਬਲੌਂਗੀ ਤੱਕ ਸੜਕ ਨੂੰ ਚੌੜਾ ਕਰਨ ਦਾ ਕੰਮ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ। ਇਸ ਸੜਕ ’ਤੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ, ਗਮਾਡਾ, ਪੁੱਡਾ, ਪੰਚਾਇਤ ਭਵਨ, ਫੋਰਟਿਸ ਹਸਪਤਾਲ, ਪੀਸੀਏ ਸਟੇਡੀਅਮ ਅਤੇ ਸਕੂਲ ਬੋਰਡ ਤੇ ਸਿੱਖਿਆ ਵਿਭਾਗ ਆਦਿ ਪ੍ਰਮੁੱਖ ਅਦਾਰੇ ਹਨ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਰੋਜ਼ਾਨਾ ਆਉਂਦੇ ਹਨ।
ਅਕਾਲੀ ਦਲ ਦੇ ਆਗੂ ਕਮਲਜੀਤ ਸਿੰਘ ਰੂਬੀ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਸਮੇਂ ਜਦੋਂ ਮੇਅਰ ਕੁਲਵੰਤ ਸਿੰਘ ਦੇ ਕਾਰਜਕਾਲ ਦੌਰਾਨ ਫੇਜ਼-7 ਤੋਂ ਫੇਜ਼-11 ਤੱਕ ਸੜਕ ਨੂੰ ਚੌੜਾ ਕਰ ਕੇ ਬਣਾਉਣ ਦਾ ਮਤਾ ਪਾਸ ਕੀਤਾ ਸੀ ਪਰ ਬਾਅਦ ਵਿੱਚ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਹੁਣ ਕੁੱਝ ਸਮਾਂ ਪਹਿਲਾਂ ਸੜਕ ਬਣਾਉਣ ਦਾ ਕੰਮ ਸ਼ੁਰੂ ਹੋਇਆ ਸੀ ਪਰ ਪੂਰੀ ਵਿਉਂਤਬੰਦੀ ਨਾਲ ਕੰਮ ਨਹੀਂ ਕੀਤਾ ਜਾ ਰਿਹਾ ਹੈ।
ਭਾਜਪਾ ਆਗੂ ਰਮੇਸ਼ ਵਰਮਾ ਨੇ ਕਿਹਾ ਕਿ ਦੋਵੇਂ ਪਾਸਿਓਂ ਸੜਕ ਪੁੱਟੀ ਹੋਣ ਕਾਰਨ ਮਾਰਕੀਟ ਵਿੱਚ ਆਉਣ-ਜਾਣ ਵਿੱਚ ਮੁਸ਼ਕਲ ਹੋ ਰਹੀ ਹੈ।
ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਨੂੰ ਲੋਕਾਂ ਦਾ ਚੌਕੀਦਾਰ ਹੋਣ ਦੇ ਨਾਤੇ ਰੋਜ਼ਾਨਾ ਵਿਕਾਸ ਕੰਮਾਂ ਦੀ ਨਜ਼ਰਸਾਨੀ ਕਰਨੀ ਚਾਹੀਦੀ ਹੈ।
‘ਮੀਂਹ ਕਾਰਨ ਕੰਮ ਪ੍ਰਭਾਵਿਤ ਹੋਇਆ’
ਗਮਾਡਾ ਦੇ ਐਕਸੀਅਨ ਪੰਕਜ ਮਹਿੰਮੀ ਨੇ ਕਿਹਾ ਕਿ ਲਾਲ ਬੱਤੀ ਚੌਂਕ ਫੇਜ਼-7 ਤੋਂ ਫੇਜ਼-11 ਤੱਕ ਅਤੇ ਕੁੰਭੜਾ ਚੌਕ ਤੋਂ ਬਾਵਾ ਵ੍ਹਾਈਟ ਹਾਊਸ ਤੱਕ ਅਤੇ ਬਲੌਂਗੀ ਤੱਕ ਸੜਕ ਨੂੰ ਚੌੜਾ ਕਰਨ ਦਾ ਜੰਗੀ ਪੱਧਰ ’ਤੇ ਚੱਲ ਰਿਹਾ ਕੰਮ ਮੀਂਹ ਕਾਰਨ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗਮਾਡਾ ਨੇ ਠੇਕੇਦਾਰ ਨੂੰ ਲੇਟ-ਲਤੀਫ਼ੀ ਕਾਰਨ ਜੁਰਮਾਨਾ ਵੀ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਫੇਜ਼-7 ਤੋਂ ਫੇਜ਼-11 ਤੱਕ ਸੜਕ ਦਾ ਕੰਮ ਦਸੰਬਰ ਤੱਕ ਤੇ ਕੁੰਭੜਾ ਚੌਕ ਤੋਂ ਬਾਵਾ ਵ੍ਹਾਈਟ ਹਾਊਸ ਤੇ ਸੈਕਟਰ-57 ਤੱਕ ਸੜਕ ਦਾ ਕੰਮ ਮਾਰਚ 2025 ਤੱਕ ਮੁਕੰਮਲ ਕਰਨ ਲਈ ਠੇਕੇਦਾਰ ਨੂੰ ਕਿਹਾ ਗਿਆ ਹੈ।
ਦੋਵੇਂ ਸੜਕਾਂ ਬਣਨ ਨਾਲ ਆਵਾਜਾਈ ਦੀ ਸਮੱਸਿਆ ਹੱਲ ਹੋਵੇਗੀ: ਵਿਧਾਇਕ
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਦੋਵੇਂ ਡਲਬਲੇਨ ਸੜਕਾਂ ਬਣਨ ਨਾਲ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਹੱਲ ਹੋਵੇਗੀ। ਉਨ੍ਹਾਂ ਗਮਾਡਾ ਅਧਿਕਾਰੀਆਂ ਨੂੰ ਮੀਂਹਾਂ ਦਾ ਮੌਸਮ ਖ਼ਤਮ ਹੋਣ ਮਗਰੋਂ ਕੰਮ ਪੂਰਾ ਕਰਨ ਦੀ ਹਦਾਇਤ ਕੀਤੀ।