ਫਾਰਮੇਸੀ ਅਫ਼ਸਰਾਂ ਨੇ ਪੰਜਾਬ ਸਰਕਾਰ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ
ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਸਤੰਬਰ
ਫਾਰਮੇਸੀ ਅਫਸਰ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਹੇਠ ਫਾਰਮੇਸੀ ਅਫ਼ਸਰਾਂ ਨੇ ਸੇਵਾਵਾਂ ਰੈਗੂਲਰ ਕਰਨ ਤੋਂ ਇਨਕਾਰ ਕਰਨ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਨਾਦਰਸ਼ਾਹੀ ਪੱਤਰ ਦੀਆਂ ਕਾਪੀਆਂ ਸਾੜੀਆਂ। ਇਸ ਤੋਂ ਪਹਿਲਾਂ ਸਵਿਲ ਸਰਜਨ ਦਫ਼ਤਰ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਫਾਰਮੇਸੀ ਅਫ਼ਸਰ ਅਤੇ ਦਰਜਾ ਚਾਰ ਮੁਲਾਜ਼ਮ 3 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ ਚੰਡੀਗੜ੍ਹ ਪੁੱਜਣਗੇ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦਾ ਘਿਰਾਓ ਕੀਤਾ ਜਾਵੇਗਾ।
ਫਾਰਮੇਸੀ ਅਫ਼ਸਰ ਅਤੇ ਦਰਜਾ ਚਾਰ ਮੁਲਾਜ਼ਮ ਸਥਾਨਕ ਸਵਿਲ ਸਰਜਨ ਦਫ਼ਤਰ ਅੱਗੇ ਇਕੱਠੇ ਹੋਏ ਜਿੱਥੇ ਪ੍ਰਦਰਸ਼ਨ ਕਰਨ ਤੋਂ ਬਾਅਦ ਮਾਰਚ ਕਰਦਿਆਂ ਲਾਲ ਬੱਤੀ ਚੌਕ ਪੁੱਜੇ ਜਿਥੇ ਪੰਜਾਬ ਸਰਕਾਰ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਐਸੋਸੀਏਸ਼ਨ ਆਗੂਆਂ ਸੱਤ ਪਾਲ ਚੀਮਾ, ਸੰਜੀਵ ਧੂਰੀ, ਸੰਦੀਪ ਪਾਲ, ਹੈਪੀ ਜਲਾਨ, ਗੁਰਵਿੰਦਰ ਸਿੰਘ, ਦਵਿੰਦਰ ਸਿੰਘ, ਅਮਰੀਕ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਫਾਰਮੇਸੀ ਅਫ਼ਸਰ ਕੰਟਰੈਕਟ ਤਹਿਤ ਸਿਹਤ ਵਿਭਾਗ ਪੰਜਾਬ ਅਧੀਨ ਪੇਂਡੂ ਡਿਸਪੈਂਸਰੀਆਂ ਵਿਚ ਪਿਛਲੇ ਡੇਢ ਦਹਾਕੇ ਤੋਂ ਵੱਧ ਸਮੇਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਤੋਂ ਵੱਡੀਆਂ ਉਮੀਦਾਂ ਸਨ ਕਿ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ ਪਰੰਤੂ ਸਰਕਾਰ ਵਲੋਂ ਫਾਰਮੇਸੀ ਅਫਸਰਾਂ ਦੀ ਵੈਰੀਫਿਕੇਸ਼ਨ ਨਾ ਕਰਨ ਅਤੇ ਪੱਕੇ ਕਰਨ ਤੋਂ ਇਨਕਾਰ ਕਰਨ ਸਬੰਧੀ ਨਾਦਰਸ਼ਾਹੀ ਪੱਤਰ ਜਾਰੀ ਕਰ ਦਿੱਤਾ ਹੈ ਜਿਸ ਕਾਰਨ ਫਾਰਮੇਸੀ ਅਫ਼ਸਰਾਂ ’ਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਜਾਰੀ ਨਾਦਰਸ਼ਾਹੀ ਪੱਤਰ ਤੁਰੰਤ ਵਾਪਸ ਲਿਆ ਜਾਵੇ ਅਤੇ ਬਾਕੀ ਮੁਲਾਜ਼ਮਾਂ ਵਾਂਗ ਫਾਰਮੇਸੀ ਅਫ਼ਸਰਾਂ ਨੂੰ ਵੀ ਬਨਿ੍ਹਾਂ ਕਿਸੇ ਬਹਾਨੇਬਾਜ਼ੀ ਦੇ ਤੁਰੰਤ ਪ੍ਰਭਾਵ ਨਾਲ ਰੈਗੂਲਰ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ 3 ਅਕਤੂਬਰ 2023 ਨੂੰ ਸਮੂਹਿਕ ਛੁੱਟੀ ਲੈ ਕੇ ਪੰਜਾਬ ਦੇ ਸਾਰੇ ਫਾਰਮੇਸੀ ਅਫ਼ਸਰ ਅਤੇ ਦਰਜਾ ਚਾਰ ਮੁਲਾਜ਼ਮ ਚੰਡੀਗੜ੍ਹ ਪੁੱਜਣਗੇ।