ਫਾਰਮਾਸਿਸਟਾਂ ਦੀ ਹੜਤਾਲ਼ ਤੇ ਧਰਨਾ ਜਾਰੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਜੁਲਾਈ
ਕੰਟਰੈਕਟ ਆਧਾਰ ’ਤੇ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਰੂਰਲ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦੀ ਹੜਤਾਲ਼ ਅਤੇ ਧਰਨਾ ਅੱਜ 39ਵੇਂ ਦਨਿ ਵੀ ਜਾਰੀ ਰਿਹਾ। ਇਸ ਦੇ ਬਾਵਜੂਦ ਸਰਕਾਰ ਵੱਲੋਂ ਅਣਦੇਖ ਕੀਤੇ ਜਾਣ ’ਤੇ ਇਨ੍ਹਾਂ ਹੜਤਾਲੀ ਮੁਲਾਜ਼ਮਾਂ ਨੇ ਪਰਿਵਾਰਾਂ ਸਮੇਤ 31 ਜੁਲਾਈ ਨੂੰ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੀ ਕਾਦੀਆਂ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਜੋਤ ਰਾਮ ਦੀ ਅਗਵਾਈ ਹੇਠ ਲਏ ਗਏ ਇਸ ਫੈਸਲੇ ਦਾ ਐਲਾਨ ਅੱਜ ਇਥੇ ਸੂਬਾਈ ਬੁਲਾਰੇ ਅਤੇ ਮੀਤ ਪ੍ਰਧਾਨ ਸਵਰਤ ਸ਼ਰਮਾ ਨੇ ਕੀਤਾ। ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਥੇ ਜ਼ਿਲ੍ਹਾ ਪਰਿਸ਼ਦ ਦਫ਼ਤਰ ਵਿੱਚ ਲੱਗੇ ਧਰਨੇ ਦੌਰਾਨ ਸਵਰਤ ਸ਼ਰਮਾ ਨੇ ਕਿਹਾ ਕਿ ਸਰਕਾਰ ਉਨ੍ਹਾਂ ਦਾ ਡੇਢ ਦਹਾਕੇ ਤੋਂ ਵਿੱਤੀ ਸ਼ੋਸ਼ਣ ਕਰਦੀ ਆ ਰਹੀ ਹੈ। ਇਸ ਕਰਕੇ ਹੀ ਹੁਣ ਉਹ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਸੜਕਾਂ ’ਤੇ ਉੱਤਰਨ ਲਈ ਮਜਬੂਰ ਹੋਏ ਹਨ। ਇਸ ਮੌਕੇ ਗੁਰਸੇਵਕ ਸਿੰਘ, ਗੁਰਮੁੱਖ ਸਿੰਘ, ਜਗਪ੍ਰੀਤ ਸਿੰਘ, ਗੁਰਮੀਤ ਸਿੰਘ, ਸਰਨਵੀਰ ਸਿੰਘ ,ਨਿਰਮਲ ਸਿੰਘ, ਪਰਦੀਪ ਸਿੰਘ, ਕੁਲਵੰਤ ਸਿੰਘ, ਸਤਵੀਰ ਸਿੰਘ ਅਤੇ ਸ਼ਰਨਵੀਰ ਨੇ ਵੀ ਸੰਬੋਧਨ ਕੀਤਾ।