ਫਗਵਾੜਾ: ਕਾਂਗਰਸ ਦੇ ਬਲਾਕ ਸ਼ਹਿਰੀ ਪ੍ਰਧਾਨ ਸਮੇਤ ਤਿੰਨ ਕੌਂਸਲਰ ‘ਆਪ’ ਵਿੱਚ ਸ਼ਾਮਲ
ਜਸਬੀਰ ਸਿੰਘ ਚਾਨਾ
ਫਗਵਾੜਾ, 28 ਜਨਵਰੀ
ਇੱਥੇ ਅੱਜ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਕਾਂਗਰਸ ਦੇ ਤਿੰਨ ਕੌਂਸਲਰਾਂ ਨੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਜਿਨ੍ਹਾਂ ਦਾ ਸੁਆਗਤ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ, ਇੰਚਾਰਜ ਜੋਗਿੰਦਰ ਸਿੰਘ ਮਾਨ, ਪੰਜਾਬ ਬੁਲਾਰੇ ਹਰਨੂਰ ਸਿੰਘ ਮਾਨ ਤੇ ਸੀਨੀਅਰ ‘ਆਪ’ ਆਗੂ ਦਲਜੀਤ ਸਿੰਘ ਰਾਜੂ ਨੇ ਕੀਤਾ। ‘ਆਪ’ ’ਚ ਸ਼ਾਮਲ ਹੋਏ ਕਾਂਗਰਸੀ ਕੌਂਸਲਰਾਂ ’ਚ ਬਲਾਕ ਸ਼ਹਿਰੀ ਪ੍ਰਧਾਨ ਮੁਨੀਸ਼ ਪ੍ਰਭਾਕਰ, ਕੌਂਸਲਰ ਪਦਮਦੇਵ ਸੁਧੀਰ ਨਿੱਕਾ, ਕੌਂਸਲਰ ਰਾਮਪਾਲ ਉੱਪਲ ਸ਼ਾਮਲ ਹਨ। ਇਸ ਤੋਂ ਇਲਾਵਾ ਸਾਬਕਾ ਬਲਾਕ ਪ੍ਰਧਾਨ ਤੇ ਸਾਬਕਾ ਕੌਂਸਲਰ ਪਵਨ ਸ਼ਰਮਾ ਪੱਪੀ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਨ ਸ਼ਰਮਾ, ਅਰਜੁਨ ਸੁਧੀਰ, ਕਰਨ ਉੱਪਲ ਵੀ ਸ਼ਾਮਿਲ ਹੋਏ।
ਕੌਂਸਲਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ‘ਆਪ’ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ’ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਇਸ ਮੌਕੇ ਡਾ. ਚੱਬੇਵਾਲ ਨੇ ਸ਼ਾਮਿਲ ਹੋਏ ਕੌਂਸਲਰਾਂ ਦਾ ਸੁਆਗਤ ਕੀਤਾ ਤੇ ਕਿਹਾ ਕਿ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਪਾਰਟੀ ’ਚ ਸ਼ਾਮਿਲ ਹੋਈ ਜਿਸ ਨਾਲ ਪਾਰਟੀ ਨੂੰ ਬਹੁਤ ਬਲ ਮਿਲਿਆ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀਆਂ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਉਨ੍ਹਾਂ ਆਪ ਦਾ ਪੱਲਾ ਫੜਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ’ਚ ਉਨ੍ਹਾਂ ਨੂੰ ਪੂਰਾ ਮਾਣ ਸਨਮਾਨ ਮਿਲੇਗਾ।
ਵਰਨਣਯੋਗ ਹੈ ਕਿ ‘ਆਪ’ ਕੋਲ ਹੁਣ ਕੁੱਲ 18 ਕੌਂਸਲਰ ਹੋ ਚੁੱਕੇ ਹਨ ਤੇ ‘ਆਪ’ ਨੂੰ ਆਪਣਾ ਮੇਅਰ ਬਣਾਉਣ ਲਈ ਜੋੜ ਤੋੜ ਕਰਨਾ ਹੋਵੇਗਾ, ਕਿਉਂਕਿ ਨਿਗਮ ’ਚ ਮੇਅਰ ਦੀ ਕੁਰਸੀ ’ਤੇ ਕਾਬਜ਼ ਹੋਣ ਲਈ ਬਹੁਮਤ ਦਾ ਅੰਕੜਾ 26 ਹੈ। ਮੰਨਿਆ ਜਾ ਰਿਹਾ ਹੈ ਕਿ ਬਸਪਾ ਤੇ ਅਕਾਲੀ ਦਲ ਦੇ ਤਿੰਨ-ਤਿੰਨ ਕੌਂਸਲਰ ਹੁਣ ‘ਆਪ’ ਨੂੰ ਸਮਰਥਨ ਦੇ ਸਕਦੇ ਹਨ। ਚਰਚਾ ਹੈ ਕਿ ਵਿਰੋਧੀ ਧਿਰ ਦੇ ਕੁਝ ਹੋਰ ਕੌਂਸਲਰ ਵੀ ਪੱਖ ਬਦਲ ਕੇ ‘ਆਪ’ ’ਚ ਸ਼ਾਮਲ ਹੋ ਸਕਦੇ ਹਨ।