ਫਗਵਾੜਾ ਨਿਗਮ ਚੋਣ: ਕਾਂਗਰਸ ਤੇ ਬਸਪਾ ਮਿਲਕੇ ਲੜਨਗੀਆਂ ਚੋਣ
ਪੱਤਰ ਪ੍ਰੇਰਕ
ਫਗਵਾੜਾ, 13 ਦਸੰਬਰ
‘ਫਗਵਾੜਾ ਨਗਰ ਨਿਗਮ ਦੀਆਂ ਚੋਣਾਂ ’ਚ ਕਾਂਗਰਸ ਤੇ ਬਸਪਾ ਆਪਸ ’ਚ ਸਮਝੌਤੇ ਨਾਲ ਚੋਣਾਂ ਲੜਨਗੀਆਂ ਤੇ ਜਿੱਤ ਦਰਜ ਕਰਨਗੀਆਂ।’ ਇਹ ਪ੍ਰਗਟਾਵਾ ਅੱਜ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕਰਦਿਆਂ ਕਿਹਾ ਕਿ ਫਗਵਾੜਾ ’ਚ ਕਾਂਗਰਸ ਦੇ ਉਮੀਦਵਾਰ 42 ਸੀਟਾਂ ’ਤੇ ਚੋਣ ਲੜਨਗੇ ਜਦਕਿ ਬਸਪਾ 6 ਸੀਟਾਂ ’ਤੇ ਚੋਣ ਲੜੇਗੀ।
ਅੱਜ ਸਿਟੀ ਹਾਰਟ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਪਹਿਲਾਂ ਵੀ ਵਿਕਾਸ ਦੇ ਨਾਮ ’ਤੇ ਹੀ ਕੰਮ ਕੀਤਾ ਹੈ ਤੇ ਹੁਣ ਵੀ ਪਾਰਟੀ ਦਾ ਮੁੱਖ ਏਜੰਡਾ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੀਆਂ ਸੀਟਾਂ ’ਤੇ ਕਾਂਗਰਸੀ ਉਮੀਦਵਾਰ ਖੜ੍ਹੇ ਹਨ, ਉੱਥੇ ਬਸਪਾ ਹਮਾਇਤ ਕਰੇਗੀ ਤੇ ਜਿੱਥੇ ਬਸਪਾ ਦੇ ਉਮੀਦਵਾਰ ਹਨ ਉੱਥੇ ਕਾਂਗਰਸੀ ਹਮਾਇਤ ਕਰਨਗੇ।
ਉਨ੍ਹਾਂ ਕਿਹਾ ਕਿ ਲੋਕ ‘ਆਪ’ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਨੂੰ ਦੇਖਦੇ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ ਤੇ ਇਸ ਦਾ ਨਤੀਜਾ 21 ਦਸੰਬਰ ਨੂੰ ਸਾਹਮਣੇ ਆਵੇਗਾ। ਇਸ ਮੌਕੇ ਰਮੇਸ਼ ਕੌਲ, ਲੇਖ ਰਾਜ, ਸੁਖਵਿੰਦਰ ਬਿੱਲੂ ਖੇੜਾ ਸਮੇਤ ਕਈ ਆਗੂ ਹਾਜ਼ਰ ਸਨ।