ਫਗਵਾੜਾ: ਕਾਂਗਰਸ ਵੱਲੋਂ ਬਸਪਾ ਦੀ ਮਦਦ ਨਾਲ ਮੇਅਰ ਬਣਾਉਣ ਲਈ ਕਵਾਇਦ ਸ਼ੁਰੂ
ਜਸਬੀਰ ਸਿੰਘ ਚਾਨਾ
ਫਗਵਾੜਾ, 23 ਦਸੰਬਰ
ਨਗਰ ਨਿਗਮ ਦੀ ਚੋਣ ਤੋਂ ਬਾਅਦ ਕਾਂਗਰਸ ਦੀ ਹੋਈ ਜਿੱਤ ਕਾਰਨ ਕਾਂਗਰਸੀ ਬਾਗੋ-ਬਾਗ ਹਨ ਤੇ ਵਰਕਰਾਂ ’ਚ ਨਵਾਂ ਜੋਸ਼ ਭਰ ਗਿਆ ਹੈ ਤੇ ਨਵੇਂ ਜਿੱਤੇ ਚਿਹਰੇ ਜਿਨ੍ਹਾਂ ’ਚੋਂ ਮੇਅਰ, ਡਿਪਟੀ ਮੇਅਰ ਬਣਨੇ ਹਨ,ਂ ਨੇ ਤਾਂ ਸੁਪਨੇ ਵੀ ਲੈਣੇ ਸ਼ੁਰੂ ਕਰ ਦਿੱਤੇ ਹਨ। ਦੂਸਰੇ ਪਾਸੇ ਆਮ ਆਦਮੀ ਪਾਰਟੀ- 12 ਸੀਟਾਂ, ਬਸਪਾ-3, ਭਾਰਤੀ ਜਨਤਾ ਪਾਰਟੀ-4, ਅਕਾਲੀ ਦਲ-3 ਅਤੇ ਆਜ਼ਾਰ ਉਮੀਦਵਾਰ ਛੇ ਸੀਟਾਂ ’ਤੇ ਜਿੱਤੇ ਹਨ। ਸੂਤਰਾਂ ਅਨੁਸਾਰ ‘ਆਪ’ ਨੇ ਹੁਣ ਆਪਣੀ ਨਿਗਮ ਬਣਾਉਣ ਲਈ ਅੰਦਰ ਖਾਤੇ ਜੇਤੂ ਕੌਂਸਲਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ ਤੇ ਅੱਜ ਇੱਕ ਆਜ਼ਾਦ ਕੌਂਸਲਰ ਨੇ ਵੀ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਜਦਕਿ ਹੁਣ ਦੇਖਣਾ ਇਹ ਹੋਵੇਗਾ ਕਿ ਆਪ ਕਿੰਨੇ ਕੁ ਹੋਰ ਕੌਂਸਲਰਾਂ ਨੂੰ ਤੋੜ ਕੇ ਆਪਣੇ ਵੱਲ ਲਿਆਉਣ ’ਚ ਕਾਮਯਾਬੀ ਹੁੰਦੀ ਹੈ। ਪਿਛਲੇ ਸਾਲ ਤੋਂ ਨਿਗਮ ਦੀਆਂ ਚੋਣਾਂ ਨਾ ਹੋਣ ਕਾਰਨ ਨਿਗਮ ਦਫ਼ਤਰ ’ਚ ਸਰਕਾਰ ਦਾ ਹੀ ਬੋਲ ਬਾਲਾ ਸੀ ਅੱਜ ਨਿਗਮ ਦਫ਼ਤਰ ’ਚ ਸਰਕਾਰੀ ਤੰਤਰ ਵੀ ਚੁਸਤ ਦਿਖਾਈ ਦੇ ਰਿਹਾ ਹੈ ਤੇ ਅਗਲੀਆਂ ਕਾਰਵਾਈਆਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਆਜ਼ਾਦ ਕੌਂਸਲਰ ਹਰਪ੍ਰੀਤ ਭੋਗਲ ‘ਆਪ’ ਵਿੱਚ ਸ਼ਾਮਲ
ਫਗਵਾੜਾ: ਆਮ ਆਦਮੀ ਪਾਰਟੀ ਨੂੰ ਫਗਵਾੜਾ ਨਿਗਮ ’ਚ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤਣ ਵਾਲੇ ਨੌਜਵਾਨ ਕੌਂਸਲਰ ਹਰਪ੍ਰੀਤ ਸਿੰਘ ਭੋਗਲ ਨੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੀ ਹਾਜ਼ਰੀ ’ਚ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਦੇ ਸਾਥੀ ਅਵਤਾਰ ਸਿੰਘ ਪਰਮਾਰ ਨੂੰ ਵੀ ਪਾਰਟੀ ’ਚ ਸ਼ਾਮਲ ਕੀਤਾ ਗਿਆ ਹੈ। ਕੌਂਸਲਰ ਭੋਗਲ ਨੂੰ ਪਾਰਟੀ ’ਚ ਸ਼ਾਮਲ ਕਰਨ ਸਮੇਂ ਸੰਸਦ ਮੈਂਬਰ ਅਤੇ ਪਾਰਟੀ ਦੇ ਸੀਨੀਅਰ ਬੁਲਾਰੇ ਮਲਵਿੰਦਰ ਸਿੰਘ ਕੰਗ ਤੇ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਵਿਸ਼ੇਸ਼ ਤੌਰ ’ਤੇ ਫਗਵਾੜਾ ਪੁੱਜੇ। ਉਨ੍ਹਾਂ ਨਵ-ਨਿਯੁਕਤ ਕੌਂਸਲਰ ਹਰਪ੍ਰੀਤ ਸਿੰਘ ਭੋਗਲ ਨੂੰ ਪਾਰਟੀ ’ਚ ਸ਼ਾਮਲ ਕਰਦਿਆਂ ਭਰੋਸਾ ਦਿੱਤਾ ਕਿ ਵਾਰਡ ਨੰਬਰ 10 ਦੇ ਵਿਕਾਸ ਲਈ ਉਨ੍ਹਾਂ ਵੱਲੋਂ ਵਾਰਡ ਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਇਸ ਮੌਕੇ ਹਰਨੂਰ ਸਿੰਘ ਮਾਨ ਬੁਲਾਰਾ ਪੰਜਾਬ, ਸੀਨੀਅਰ ‘ਆਪ’ ਆਗੂ ਦਲਜੀਤ ਸਿੰਘ ਰਾਜੂ ਤੇ ਜਸਪਾਲ ਸਿੰਘ ਆਦਿ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ