ਫੱਗੂਵਾਲਾ ਨੂੰ ਗੁਰਦੁਆਰੇ ’ਚੋਂ ਬਾਹਰ ਕੱਢਿਆ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 31 ਜਨਵਰੀ
ਇੱਥੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿੱਚ ਗੁਰਦੁਆਰਾ ਮਸਤੂਆਣਾ ਸਾਹਿਬ ਵਿੱਚ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਨਕਲ ਕਰਨ ਦੇ ਮਾਮਲੇ ’ਚ ਮਰਨ ਵਰਤ ’ਤੇ ਬੈਠੇ ਪੰਥਕ ਚੇਤਨਾ ਮੰਚ ਦੇ ਕਨਵੀਨਰ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੂੰ ਅੱਜ ਦੂਜੇ ਦਿਨ ਗੁਰਦੁਆਰਾ ਪ੍ਰਬੰਧਕਾਂ ਨੇ ਗੁਰਦੁਆਰੇ ’ਚੋਂ ਬਾਹਰ ਬਿਠਾ ਦਿੱਤਾ। ਇਸੇ ਦੌਰਾਨ ਜਥੇਦਾਰ ਫੱਗੂਵਾਲਾ ਨੇ ਗੇਟ ਦੇ ਬਾਹਰ ਵੀ ਮਰਨ ਵਰਤ ਜਾਰੀ ਰੱਖਿਆ।
ਇੱਥੇ ਕੱਲ੍ਹ ਤੋਂ ਮਰਨ ਵਰਤ ’ਤੇ ਬੈਠੇ ਜਥੇਦਾਰ ਫੱਗੂਵਾਲਾ ਨੇ ਦੋਸ਼ ਲਗਾਇਆ ਕਿ ਉਹ ਸੰਵੇਦਨਸ਼ੀਲ ਮਸਲੇ ਸਬੰਧੀ ਸ਼ਾਂਤਮਈ ਰੂਪ ਵਿੱਚ ਮਰਨ ਵਰਤ ’ਤੇ ਬੈਠੇ ਸਨ ਪਰ ਅੱਜ ਗੁਰਦੁਆਰਾ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਬਾਹਰ ਕੱਢ ਕੇ ਸੜਕ ’ਤੇ ਬਿਠਾ ਦਿੱਤਾ ਤੇ ਉੱਥੇ ਲਗਾਏ ਬੈਨਰ ਵੀ ਪਾੜ ਦਿੱਤੇ। ਉਨ੍ਹਾਂ ਕਿਹਾ ਕਿ ਅੱਜ ਦੀ ਘਟਨਾ ਤੋਂ ਜ਼ਾਹਰ ਹੋ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਗੁਰਦੁਆਰਾ ਮਸਤੂਆਣਾ ਸਾਹਿਬ ਟਰੱਸਟ ਦੇ ਚੇਅਰਮੈਨ ਆਪਸੀ ਸਹਿਮਤੀ ਨਾਲ ਹੀ ਮਸਤੂਆਣਾ ਸਾਹਿਬ ਵਿਖੇ ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨਕਲ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸੜਕ ਕਿਨਾਰੇ ਜੇ ਉਨ੍ਹਾਂ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਬੰਧਕਾਂ ਦੀ ਹੋਵੇਗੀ।ਦੂਜੇ ਪਾਸੇ, ਗੁਰਦੁਆਰਾ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਦੇ ਮੈਨੇਜਰ ਜਗਜੀਤ ਸਿੰਘ ਨੇ ਦੱਸਿਆ ਕਿ ਜੇ ਜਥੇਦਾਰ ਫੱਗੂਵਾਲਾ ਨੇ ਮਰਨ ਵਰਤ ਮਸਤੂਆਣਾ ਸਾਹਿਬ ਨਾਲ ਸਬੰਧਤ ਮਸਲੇ ’ਤੇ ਰੱਖਿਆ ਹੈ ਤਾਂ ਧਰਨਾ ਵੀ ਉਥੇ ਹੀ ਦੇਣਾ ਚਾਹੀਦਾ ਹੈ। ਉਨ੍ਹਾਂ ਜਥੇਦਾਰ ਫੱਗੂਵਾਲਾ ਨੂੰ ਸਿਰਫ਼ ਗੁਰਦੁਆਰੇ ਦੀ ਹਦੂਦ ਅੰਦਰ ਧਰਨਾ ਲਗਾਉਣ ਤੋਂ ਰੋਕਿਆ ਹੈ ਤੇ ਸਲੀਕੇ ਨਾਲ ਉਨ੍ਹਾਂ ਨੂੰ ਬਾਹਰ ਬਿਠਾਇਆ ਹੈ।