ਪੀਜੀਆਈ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਖੂਨਦਾਨ ਕੈਂਪ ਲਾਇਆ
ਪੱਤਰ ਪ੍ਰੇਰਕ
ਚੰਡੀਗੜ੍ਹ, 2 ਜੁਲਾਈ
ਕੌਮੀ ਡਾਕਟਰ ਦਿਵਸ ਸਬੰਧੀ ਪੀਜੀਆਈ ਵਿੱਚ ਐਸੋਸੀਏਸ਼ਨ ਆਫ਼ ਰੈਜ਼ੀਡੈਂਟ ਡਾਕਟਰਜ਼ ਵੱਲੋਂ ਬਲੱਡ ਬੈਂਕ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦੇ ਨਾਲ ਹੀ ਅੰਗਦਾਨ ਜਾਗਰੂਕਤਾ ਅਤੇ ਵਚਨਬੱਧਤਾ ਕੈਂਪ ਵੀ ਲਾਇਆ ਜਿਸ ਨੂੰ ਚੰਗਾ ਹੁੰਗਾਰਾ ਮਿਲਿਆ।
ਸਮਾਗਮ ਦਾ ਉਦਘਾਟਨ ਡੀਨ (ਅਕਾਦਮਿਕ) ਪ੍ਰੋ. ਨਰੇਸ਼ ਪਾਂਡਾ, ਮੈਡੀਕਲ ਸੁਪਰਡੈਂਟ ਪ੍ਰੋ. ਵਿਪਨ ਕੌਸ਼ਲ, ਰਜਿਸਟਰਾਰ ਉਮੇਰ ਮਾਥੁਰ, ਪ੍ਰੋ. ਰਤੀ ਰਾਮ ਸ਼ਰਮਾ, ਪ੍ਰੋ. ਸੰਦੀਪ ਬਾਂਸਲ, ਡਾ. ਸਵਪਨਜੀਤ, ਡਾ. ਹਰੀ ਕ੍ਰਿਸ਼ਨ ਸਮੇਤ ਐਸੋਸੀਏਸ਼ਨ ਦੇ ਪ੍ਰਧਾਨ ਡਾ. ਨਵੀਨ ਐਮ. ਅਤੇ ਆਰਗੇਨਾਈਜ਼ਿੰਗ ਸਕੱਤਰ ਡਾ. ਵਿਪੇਂਦਰ ਰਾਜਪੂਤ ਨੇ ਸਾਂਝੇ ਤੌਰ ’ਤੇ ਕੀਤਾ। ਇਸ ਦੌਰਾਨ ਡਿਊਟੀ ’ਤੇ ਹੋਣ ਦੇ ਬਾਵਜੂਦ 118 ਰੈਜ਼ੀਡੈਂਟ ਡਾਕਟਰਾਂ ਨੇ ਖੂਨਦਾਨ ਕੀਤਾ। ਪ੍ਰੋਫੈਸਰ ਨਰੇਸ਼ ਪਾਂਡਾ ਨੇ ਰੈਜ਼ੀਡੈਂਟ ਡਾਕਟਰਾਂ ਦੇ ਇਸ ਉਦਮ ਦੀ ਪ੍ਰਸ਼ੰਸਾ ਕੀਤੀ। ਐਸੋਸੀੲਸ਼ਨ ਦੇ ਪ੍ਰਧਾਨ ਡਾ. ਨਵੀਨ ਐਮ. ਨੇ ਸਮੂਹ ਰੈਜ਼ੀਡੈਂਟ ਡਾਕਟਰਾਂ ਦਾ ਧੰਨਵਾਦ ਕੀਤਾ। ਡਾ. ਵਿਪੇਂਦਰ ਰਾਜਪੂਤ ਨੇ ਵੀ ਡਾਕਟਰਾਂ ਵੱਲੋਂ ਦਿਖਾਈ ਨਿਰਸਵਾਰਥ ਭਾਵਨਾ ਦੀ ਸ਼ਲਾਘਾ ਕੀਤੀ। ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਵੀ ਕੀਤਾ ਗਿਆ।