ਪੀਜੀਆਈ ਨੇ ‘ਆਈ ਫਲੂ’ ਮਰੀਜ਼ਾਂ ਲਈ ਖੋਲ੍ਹਿਆ ‘ਰੈੱਡ ਆਈ ਕਾਰਨਰ’
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 31 ਜੁਲਾਈ
ਮੌਨਸੂਨ ਸੀਜ਼ਨ ’ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਅੱਖਾਂ ਦੀ ਇਨਫੈਕਸ਼ਨ ‘ਆਈ ਫਲੂ’ ਤੇਜ਼ੀ ਨਾਲ ਫੈਲ ਰਹੀ ਹੈ। ਅੱਖਾਂ ਦੇ ਇਨਫੈਕਸ਼ਨ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਅਤੇ ਉਨ੍ਹਾਂ ਦੀ ਸਹੂਲਤ ਲਈ ਪੀਜੀਆਈ ਚੰਡੀਗੜ੍ਹ ਵਿਖੇ ਵੱਖਰੇ ਤੌਰ ’ਤੇ ਇੱਕ ‘ਰੈੱਡ ਆਈ ਕਾਰਨਰ’ ਖੋਲ੍ਹਿਆ ਗਿਆ ਹੈ। ਇੱਥੇ ‘ਰੈੱਡ ਆਈ ਕਾਰਨਰ’ ਵਿਖੇ ਸਿਰਫ਼ ਅੱਖਾਂ ਦੇ ਇਨਫੈਕਸ਼ਨ ਜਾਂ ਫਲੂ ਦੇ ਮਰੀਜ਼ ਹੀ ਚੈੱਕ ਕੀਤੇ ਜਾਣਗੇ। ਇਹ ‘ਰੈੱਡ ਆਈ ਕਾਰਨਰ’ ਪੀਜੀਆਈ ਦੀ ਓਪੀਡੀ ਵਿੱਚ ਗਰਾਊਂਡ ਫਲੋਰ ’ਤੇ ਬਣਾਇਆ ਗਿਆ। ਇੱਥੇ ਇੱਕ ਵੱਖਰਾ ‘ਰੈੱਡ ਆਈ ਕਾਰਨਰ’ ਖੋਲ੍ਹਣ ਦਾ ਮੁੱਖ ਮਕਸਦ ਪੀਜੀਆਈ ਵਿੱਚ ਆਉਣ ਵਾਲੇ ਹੋਰ ਮਰੀਜ਼ਾਂ ਨੂੰ ਅੱਖਾਂ ਦੇ ਫਲੂ ਦੇ ਮਰੀਜ਼ਾਂ ਤੋਂ ਦੂਰ ਰੱਖਣਾ ਹੈ ਅਤੇ ਅੱਖਾਂ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣਾ ਹੈ। ਪੀਜੀਆਈ ਮੁਤਾਬਕ ਜੇਕਰ ਅੱਖਾਂ ਦੀ ਬਿਮਾਰੀ ਤੋਂ ਪੀੜਤ ਕਿਸੇ ਹੋਰ ਮਰੀਜ਼ ਨੂੰ ਅੱਖਾਂ ਦੀ ਫਲੂ ਦੀ ਲਾਗ ਲੱਗ ਜਾਂਦੀ ਹੈ ਤਾਂ ਇਹ ਜ਼ਿਆਦਾ ਘਾਤਕ ਹੋ ਸਕਦਾ ਹੈ। ਵਿਭਾਗ ਦੇ ਪ੍ਰੋਫੈਸਰ ਐੱਸਐੱਸ ਪਾਂਡਵ ਨੇ ਦੱਸਿਆ ਕਿ ਪੀਜੀਆਈ ਵਿੱਚ ਰੋਜ਼ਾਨਾ 70 ਤੋਂ 80 ਦੇ ਕਰੀਬ ਅੱਖਾਂ ਦੀ ਇਨਫੈਕਸ਼ਨ ਦੇ ਮਰੀਜ਼ ਆ ਰਹੇ ਹਨ। ਅਜਿਹੀ ਸਥਿਤੀ ਵਿੱਚ ਹੋਰ ਮਰੀਜ਼ਾਂ ਨੂੰ ਬਚਾਉਣ ਲਈ ਇਥੇ ‘ਰੈਡ ਆਈ ਕਾਰਨਰ’ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਅੱਖਾਂ ਦੇ ਇਨਰੇਕਸ਼ਨ ਵਾਲੇ ਮਰੀਜ਼ਾਂ ਨੂੰ ਵੱਖਰੇ ਤੌਰ ਤੇ ਹੀ ਦਿਖਾਇਆ ਜਾ ਸਕੇ ਅਤੇ ਉੱਥੋਂ ਵਾਪਸ ਭੇਜਿਆ ਜਾ ਸਕੇ। ਦੂਜੇ ਪਾਸੇ ਪੀਜੀਆਈ ਦੇ ਵਾਇਰੋਲੋਜੀ ਵਿਭਾਗ ਨੇ ਇੱਕ ਖੋਜ ਕੀਤੀ ਹੈ ਕਿ ਹਾਲ ਹੀ ਵਿੱਚ ਅੱਖਾਂ ਦੀ ਲਾਗ ਐਂਟਰੋਵਾਇਰਸ ਕਾਰਨ ਹੁੰਦੀ ਹੈ, ਜੋ ਕਿ ਪਹਿਲਾਂ ਦੇ ਐਡੀਨੋਵਾਇਰਸ ਨਾਲੋਂ ਥੋੜ੍ਹਾ ਜ਼ਿਆਦਾ ਘਾਤਕ ਹੈ। ਇਸ ਵਿੱਚ ਇਨਫੈਕਸ਼ਨ ਦਾ ਅਸਰ 10 ਤੋਂ 15 ਦਿਨਾਂ ਤੱਕ ਰਹਿੰਦਾ ਹੈ। ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸਕੂਲ ਜਾਣ ਵਾਲੇ ਬੱਚਿਆਂ ਵੱਲ ਵੱਧ ਧਿਆਨ ਦੇਣ ਦੀ ਲੋੜ ਹੈ। ਜੇਕਰ ਕਿਸੇ ਬੱਚੇ ਨੂੰ ਹਲਕੀ ਇਨਫੈਕਸ਼ਨ ਵੀ ਹੋਣ ਦੇ ਸੰਕੇਤ ਦਿਖਾਈ ਦਿੰਦੇ ਹਨ ਤਾਂ ਉਸ ਨੂੰ ਦੂਜੇ ਬੱਚਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਬੱਚਿਆਂ ਨੂੰ ਸਕੂਲ ਨਾ ਭੇਜਣ ਕਿਉਂਕਿ ਇਸ ਕਾਰਨ ਇਹ ਵਾਇਰਸ ਸਕੂਲ ਵਿੱਚ ਵੱਡੀ ਗਿਣਤੀ ਵਿੱਚ ਫੈਲ ਸਕਦਾ ਹੈ। ਅੱਖਾਂ ਨੂੰ ਵਾਰ-ਵਾਰ ਹੱਥਾਂ ਨਾਲ ਨਹੀਂ ਛੂਹਣਾ ਚਾਹੀਦਾ।