ਸਕਿਓਰਿਟੀ ਗਾਰਡਾਂ ਵੱਲੋਂ ਪੀਜੀਆਈ ਡਾਇਰੈਕਟਰ ਦਫ਼ਤਰ ਦਾ ਘਿਰਾਓ
ਪੱਤਰ ਪ੍ਰੇਰਕ
ਚੰਡੀਗੜ੍ਹ, 11 ਜੁਲਾਈ
ਪੀਜੀਆਈ ਚੰਡੀਗੜ੍ਹ ਵਿੱਚ ਆਊਟਸੋਰਸਿੰਗ ਕੰਪਨੀ ਵੱਲੋਂ ਸਮੇਂ ਸਿਰ ਤਨਖਾਹ ਨਾ ਮਿਲਣ ਕਰਕੇ ਪੀਜੀਆਈ ਕੰਟਰੈਕਟ ਸਕਿਓਰਿਟੀ ਗਾਰਡਜ਼ ਯੂਨੀਅਨ ਨੇ ਅੱਜ ਡਾਇਰੈਕਟਰ ਦਫ਼ਤਰ ਦਾ ਘਿਰਾਓ ਕੀਤਾ। ਯੂਨੀਅਨ ਦੇ ਪ੍ਰਧਾਨ ਹਰੀਸ਼ ਕੁਮਾਰ ਅਤੇ ਜਨਰਲ ਸਕੱਤਰ ਪਰਮਿੰਦਰ ਨੇ ਕਿਹਾ ਕਿ ਯੂਨੀਅਨ ਨੇ ਹਸਪਤਾਲ ਪ੍ਰਸ਼ਾਸਨ ਅਤੇ ਠੇਕੇਦਾਰ ਨੂੰ ਨੋਟਿਸ ਭੇਜ ਕੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਸਮੇਂ ਸਿਰ ਤਨਖਾਹ ਨਾ ਮਿਲੀ ਤਾਂ ਕੰਮ ਬੰਦ ਕਰ ਦਿੱਤਾ ਜਾਵੇਗਾ ਜਿਸ ਦੇ ਚਲਦਿਆਂ ਅੱਜ ਬਾਅਦ ਦੁਪਹਿਰ ਇੱ ਵਜੇ ਡਾਇਰੈਕਟਰ ਦਫ਼ਤਰ ਦਾ ਘਿਰਾਓ ਕੀਤਾ ਗਿਆ। ਘਿਰਾਓ ਸਮੇਂ ਕੰਟਰੈਕਟਰ ਕੰਪਨੀ ਦੇ ਦਫ਼ਤਰ ਨੂੰ ਤਾਲਾ ਲੱਗਾ ਹੋਇਆ ਸੀ ਅਤੇ ਗਾਰਡਾਂ ਨੂੰ ਈਮੇਲ ਰਾਹੀਂ ਸੂਚਿਤ ਕੀਤਾ ਗਿਆ ਕਿ ਤਕਨੀਕੀ ਨੁਕਸ ਕਰਕੇ ਤਨਖਾਹਾਂ ਜਮ੍ਹਾਂ ਕਰਵਾਉਣ ਵਿੱਚ ਦੇਰੀ ਹੋ ਰਹੀ ਹੈ। ਇਸ ਉਪਰੰਤ ਦੇਰ ਸ਼ਾਮ ਕੰਪਨੀ ਨੇ ਕੁਝ ਸਕਿਓਰਿਟੀ ਗਾਰਡਾਂ ਦੇ ਖਾਤਿਆਂ ਵਿੱਚ ਤਨਖਾਹਾਂ ਕਰਵਾ ਵੀ ਦਿੱਤੀਆਂ ਤੇ ਬਾਕੀਆਂ ਦੀਆਂ ਤਨਖਾਹਾਂ ਵੀ ਜਲਦ ਜਮ੍ਹਾਂ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਾਰੇ ਗਾਰਡਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।