PGI ਵੱਲੋਂ ਵਿਰਲੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਦੇ ਇਲਾਜ ਲਈ ਮਦਦ ਦੀ ਅਪੀਲ
ਚੰਡੀਗੜ੍ਹ, 30 ਨਵੰਬਰ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਵਿਰਲੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਦੇ ਇਲਾਜ ਵਾਸਤੇ ਦਾਨੀ ਸੱਜਣਾਂ ਨੂੰ ਦਾਨ ਭੇਜਣ (ਕ੍ਰਾਊਡ ਫੰਡਿੰਗ) ਲਈ ਇੱਕ ਵੈਬ ਪੋਰਟਲ ਲਾਂਚ ਕੀਤਾ ਗਿਆ ਹੈ। ਪੀਜੀਆਈ ਚੰਡੀਗੜ੍ਹ ਦੇ ਬੁਲਾਰੇ ਨੇ ਦੱਸਿਆ ਕਿ ਅਦਾਰਾ ਕੇਂਦਰੀ ਨੀਤੀ ਤਹਿਤ ਮਰੀਜ਼ਾਂ ਦੇ ਇਲਾਜ ਵਿੱਚ ਮੱਦਦ ਕਰਨ ਲਈ ਸੈਂਟਰ ਆਫ਼ ਐਕਸੀਲੈਂਸ ਵਜੋਂ ਜ਼ਿੰਮੇਵਾਰੀ ਨਿਭਾ ਰਿਹਾ ਹੈ। ਪੀਜੀਆਈ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹਰੇਕ ਆਮ ਵਿਅਕਤੀ ਅਤੇ ਕਾਰਪੋਰੇਟ ਦਾਨੀ ਸੱਜਣਾਂ ਨੂੰ ਇਸ ਪੋਰਟਲ ਰਾਹੀਂ ਦਾਨ ਭੇਜਣ ਦੀ ਅਪੀਲ ਕੀਤੀ ਹੈ।
ਬੁਲਾਰੇ ਨੇ ਦੱਸਿਆ ਕਿ ਇਹ ਪੋਰਟਲ https://rarediseases.mohfw.gov.in ਵੈਬਸਾਈਟ ਉਤੇ ਉਪਲਬਧ ਹੈ। ਇਸ ਪੋਰਟਲ ਉਤੇ ਆਮ ਵਿਅਕਤੀਆਂ ਅਤੇ ਕਾਰਪੋਰੇਟ ਦਾਨੀਆਂ ਵੱਲੋਂ ਭੇਜਿਆ ਗਿਆ ਸਵੈ-ਇੱਛਤ ਵਿਤੀ ਦਾਨ "ਨੈਸ਼ਨਲ ਪਾਲਿਸੀ ਆਫ਼ ਰੇਅਰ ਡਿਜ਼ੀਜ਼ 2021" (National Policy of Rare Diseases 2021) ਤਹਿਤ ਕੁਝ ਸੂਚੀਬੱਧ ਨਾਮੁਰਾਦ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦੇ ਇਲਾਜ ਲਈ ਖ਼ਰਚ ਕੀਤਾ ਜਾਵੇਗਾ।
ਕੋਈ ਵੀ ਆਮ ਵਿਅਕਤੀ ਅਤੇ ਕਾਰਪੋਰੇਟ ਦਾਨੀ ਸੱਜਣ ਇਸ ਵੈੱਬ ਪੋਰਟਲ ਉਤੇ ਜਾ ਕੇ ਮਰੀਜ਼ਾਂ ਦੇ ਇਲਾਜ ਲਈ ਸਵੈ-ਇੱਛਾ ਅਨੁਸਾਰ ਵਿੱਤੀ ਦਾਨ ਭੇਜ ਸਕਦੇ ਹਨ।