ਗੁਆਂਢੀ ਰਾਜਾਂ ’ਚ ਤੇਲ ਕੀਮਤਾਂ ਘਟਣ ਕਾਰਨ ਪੈਟਰੋਲ ਪੰਪ ਮਾਲਕ ਪ੍ਰੇਸ਼ਾਨ
ਪੱਤਰ ਪ੍ਰੇਰਕ
ਰਾਜਪੁਰਾ, 28 ਜੁਲਾਈ
ਪੰਜਾਬ ਵਿੱਚ ਗੁਆਂਢੀ ਰਾਜਾਂ ਦੇ ਮੁਕਾਬਲੇ ਡੀਜ਼ਲ ਅਤੇ ਪੈਟਰੋਲ ਦੀ ਕੀਮਤ ਵਧੇਰੇ ਹੋਣ ਕਾਰਨ ਇਸ ਸਰਹੱਦੀ ਖੇਤਰ ਦੇ ਸੈਂਕੜੇ ਪੈਟਰੋਲ ਪੰਪਾਂ ’ਤੇ ਡੀਜ਼ਲ ਅਤੇ ਪੈਟਰੋਲ ਦੀ ਵਿਕਰੀ ਘਟਣ ਕਾਰਨ ਮੰਦਵਾੜਾ ਛਾ ਗਿਆ ਹੈ। ਇਸ ਕਾਰਨ ਪੈਟਰੋਲ ਪੰਪ ਮਾਲਕਾਂ ਅਤੇ ਕਾਮਿਆਂ ਦਾ ਰੁਜ਼ਗਾਰ ਖੁਸਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਕਰੋਨਾ ਕਾਰਨ ਪਹਿਲਾਂ ਹੀ ਪਿਛਲੇ ਸਾਲ ਦੇ ਮੁਕਾਬਲੇ 50 ਫ਼ੀਸਦੀ ਵਿਕਰੀ ਰਹਿ ਗਈ ਹੈ। ਰਾਜਪੁਰਾ-ਅੰਬਾਲਾ ਜੀਟੀ ਰੋਡ ’ਤੇ ਡੀਜ਼ਲ ਅਤੇ ਪੈਟਰੋਲ ਵੇਚਣ ਵਾਲੇ ਸ਼ੰਭੂ ਹਾਈਵੇ ਸਰਵਿਸਿਜ਼ ਪੈਟਰੋਲ ਪੰਪ ਦੇ ਪ੍ਰਬੰਧਕ ਗੁਰਬਚਨ ਸਿੰਘ ਨਾਮਧਾਰੀ ਅਤੇ ਰਾਜਪੁਰਾ ਦੇ ਹੋਰਨਾਂ ਪੈਟਰੋਲ ਪੰਪ ਮਾਲਕਾਂ ਨੇ ਦੱਸਿਆ ਕਿ ਗੁਆਂਢੀ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਪੈਟਰੋਲ ਦੀ ਕੀਮਤ ਕਰੀਬ 4 ਰੁਪਏ ਅਤੇ ਡੀਜ਼ਲ ਦੀ ਕੀਮਤ ਕਰੀਬ 2 ਰੁਪਏ ਪ੍ਰਤੀ ਲੀਟਰ ਵਧੇਰੇ ਹੈ। ਇਸ ਕਾਰਨ ਵਾਹਨ ਮਾਲਕ ਪੰਜਾਬ ਦੇ ਪੈਟਰੋਲ ਪੰਪਾਂ ਦੀ ਬਜਾਏ ਗੁਆਂਢੀ ਰਾਜਾਂ ਵਿੱਚੋਂ ਪੈਟਰੋਲ ਅਤੇ ਡੀਜ਼ਲ ਪੁਆਉਣ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਗੁਆਂਢੀ ਰਾਜਾਂ ਦੀ ਤਰਜ ’ਤੇ ਵੈਟ ਲਗਾਈ ਜਾਵੇ।