ਪਿੰਡ ਦਾਨ ਸਿੰਘ ਵਾਲਾ ਵਿੱਚ 8 ਘਰਾਂ ’ਤੇ ਪੈਟਰੋਲ ਬੰਬ ਸੁੱਟੇ
ਮਨੋਜ ਸ਼ਰਮਾ
ਬਠਿੰਡਾ, 10 ਜਨਵਰੀ
ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਵਿੱਚ ਬੀਤੀ ਰਾਤ ਕਰੀਬ 12.30 ਵਜੇ ਲਗਪਗ 40 ਹਥਿਆਰਬੰਦ ਵਿਅਕਤੀਆਂ ਨੇ ਘਰਾਂ ਵਿੱਚ ਸੁੱਤੇ ਪਏ ਲੋਕਾਂ ’ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਮੌਕੇ ਲੋਕਾਂ ਨੇ ਭੱਜ ਕਿ ਆਪਣੀ ਜਾਨ ਬਚਾਈ। ਹਮਲਾਵਰਾਂ ਨੇ 7-8 ਘਰਾਂ ’ਤੇ ਪੈਟਰੋਲ ਬੰਬ ਸੁੱਟ ਕੇ ਅੱਗ ਲਾ ਦਿੱਤੀ। ਹਮਲੇ ਦੌਰਾਨ ਪ੍ਰਗਟ ਸਿੰਘ, ਕੇਵਲ ਸਿੰਘ, ਰਣਜੀਤ ਸਿੰਘ, ਮਿੱਠੂ ਸਿੰਘ ਤੇ ਹੋਰ ਨੌਜਵਾਨ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਥਾਣਾ ਨੇਹੀਆਂ ਵਾਲਾ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਦੌਰਾਨ ਪੀੜਤ ਪਰਵਾਰਾਂ ’ਚੋਂ ਇੱਕ ਔਰਤ ਸਰਬਜੀਤ ਕੌਰ ਪਤਨੀ ਜਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਬਸਤੀ ਵਿੱਚ ਰਹਿਣ ਵਾਲਾ ਰਵਿੰਦਰ ਸਿੰਘ ਉਰਫ਼ ਦਲੇਰ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਜਿਸ ਨੂੰ ਮੁਹੱਲਾ ਵਾਸੀਆਂ ਨੇ ਇੱਕਠੇ ਹੋ ਕਿ ਚਿਤਾਵਨੀ ਦਿੱਤੀ ਸੀ। ਉਸ ਵੇਲੇ ਉਸ ਨੇ ਧਮਕੀਆਂ ਵੀ ਦਿੱਤੀਆਂ ਸਨ ਪਰ ਸ਼ਿਕਾਇਤ ਕਰਨ ਦੇ ਬਾਵਜੂਦ ਪਿੰਡ ਦੀ ਪੰਚਾਇਤ ਅਤੇ ਪੁਲੀਸ ਦੋਵਾਂ ਨੇ ਹੀ ਕੋਈ ਕਾਰਵਾਈ ਨਹੀਂ ਕੀਤੀ। ਸਰਬਜੀਤ ਕੌਰ ਨੇ ਦੱਸਿਆ ਕਿ ਇਸ ਸ਼ਿਕਾਇਤ ਕਾਰਨ ਹੀ ਰਵਿੰਦਰ ਸਿੰਘ ਨੇ ਬਸਤੀ ਦੇ 8 ਘਰਾਂ ’ਚ ਪੈਟਰੋਲ ਬੰਬ ਸੁੱਟੇ ਤੇ ਲੋਕਾਂ ਦੀ ਕੁੱਟਮਾਰ ਕੀਤੀ ਹੈ। ਇਸ ਪੱਤਰਕਾਰ ਨੇ ਜਦੋਂ ਮੌਕੇ ’ਤੇ ਜਾ ਕੇ ਵੇਖਿਆ ਤਾਂ ਉਕਤ ਘਰਾਂ ਵਿੱਚ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਹਮਲਾਵਰਾਂ ਵੱਲੋਂ ਸੁੱਟੇ ਪੈਟਰੋਲ ਬੰਬਾਂ ਕਾਰਨ ਜਗਦੇਵ ਸਿੰਘ ਪੁੱਤਰ ਬਖਤੌਰ ਸਿੰਘ, ਵੇਦ ਪੁੱਤਰ ਬਖਤੌਰ ਸਿੰਘ, ਪ੍ਰਸਨ ਸਿੰਘ ਪੁੱਤਰ ਸਾਧੂ ਸਿੰਘ, ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ, ਪ੍ਰਗਟ ਸਿੰਘ ਤੇ ਕੇਵਲ ਸਿੰਘ ਪੁੱਤਰ ਜੀਤ ਸਿੰਘ, ਗੋਰਾ ਸਿੰਘ ਪੁੱਤਰ ਤੇਜਾ ਸਿੰਘ, ਮੇਜਰ ਸਿੰਘ ਮੁੱਖਤਿਆਰ ਸਿੰਘ ਦੇ ਘਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਘਰਾਂ ਵਿੱਚ ਰੱਖੇ ਪਸ਼ੂ ਵੀ ਜ਼ਖ਼ਮੀ ਹੋਏ ਹਨ ਤੇ ਸਾਮਾਨ ਵੀ ਸੜ ਗਿਆ ਹੈ। ਪੀੜਤ ਪਰਿਵਾਰ ਡਰ ਦੇ ਮਾਹੌਨ ਕਾਰਨ ਆਪਣੇ ਰਿਸ਼ਤੇਦਾਰਾਂ ਘਰੇ ਰਹਿਣ ਲਈ ਮਜਬੂਰ ਹੋ ਗਏ ਹਨ। ਸਰਪੰਚ ਬੰਤਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ।
ਪੁਲੀਸ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਥਾਣਾ ਨੇਹੀਆਂ ਵਾਲਾ ਦੀ ਮੁਖੀ ਜਸਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋ ਇਸ ਲੜਾਈ ਵਿੱਚ ਦੋ ਪਰਿਵਾਰਾਂ ਦਾ ਆਪਸੀ ਝਗੜਾ ਹੈ। ਉਹ ਪੀੜਤ ਧਿਰਾਂ ਦੇ ਬਿਆਨ ਲੈ ਕਿ ਦੋਸ਼ੀਆਂ ਖ਼ਿਲਾਫ਼ ਮਾਮਲੇ ਦਰਜ ਕਰ ਰਹੇ ਹਨ ਉਨ੍ਹਾਂ ਨਸ਼ੇ ਮਾਮਲੇ ਬਾਰੇ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।