For the best experience, open
https://m.punjabitribuneonline.com
on your mobile browser.
Advertisement

ਪੱਛਮੀ ਬੰਗਾਲ ਵਿੱਚ ਪੈਟਰੋਲ ਬੰਬ ਧਮਾਕਾ; ਇਕ ਹਲਾਕ, ਤਿੰਨ ਫੱਟੜ

09:58 PM Jun 29, 2023 IST
ਪੱਛਮੀ ਬੰਗਾਲ ਵਿੱਚ ਪੈਟਰੋਲ ਬੰਬ ਧਮਾਕਾ  ਇਕ ਹਲਾਕ  ਤਿੰਨ ਫੱਟੜ
Advertisement

ਕੋਲਕਾਤਾ, 24 ਜੂਨ

Advertisement

ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਅੱਜ ਅੰਬਾਂ ਦੇ ਬਾਗ ਵਿੱਚ ਹੋਏ ਪੈਟਰੋਲ ਬੰਬ ਧਮਾਕੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਜਣੇ ਫੱਟੜ ਹੋ ਗਏ। ਪੁਲੀਸ ਨੇ ਦੱਸਿਆ ਕਿ ਧਮਾਕੇ ਵਿੱਚ ਗੰਭੀਰ ਜ਼ਖ਼ਮੀ ਹੋਏ ਆਲਿਮ ਸ਼ੇਖ (26) ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਬਾਕੀ ਜ਼ਖ਼ਮੀ ਵਿਅਕਤੀ ਇਲਾਜ ਅਧੀਨ ਹਨ। ਪੁਲੀਸ ਮੁਤਾਬਿਕ ਇਕ ਹੋਰ ਘਟਨਾ ਵਿੱਚ ਮੁਰਸ਼ਿਦਾਬਾਦ ਵਿੱਚ ਰਾਨੀਨਗਰ ਵਿੱਚ ਤ੍ਰਿਣਮੂਲ ਤੇ ਕਾਂਗਰਸ ਦੇ ਕਾਰਕੁਨਾਂ ਵਿਚਾਲੇ ਹੋਈ ਲੜਾਈ ਵਿੱਚ ਚੱਲੇ ਪੈਟਰੋਲ ਬੰਬ ਕਾਰਨ ਤਿੰਨ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।

ਇਹ ਘਟਨਾਵਾਂ ਸੱਤਾਧਾਰੀ ਤੇ ਵਿਰੋਧੀ ਪਾਰਟੀਆਂ ਭਾਜਪਾ ਤੇ ਕਾਂਗਰਸ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਕਾਰਨ ਵਾਪਰੀਆਂ ਹਨ। ਭਾਜਪਾ ਤੇ ਕਾਂਗਰਸ ਨੇ ਤ੍ਰਿਣਮੂਲ ‘ਤੇ ਪੈਟਰੋਲ ਬੰਬਾਂ ਦੀ ਵਰਤੋਂ ਕਰ ਕੇ ਅੱਠ ਜੁਲਾਈ ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਦੌਰਾਨ ਡਰ ਪੈਦਾ ਕਰਨ ਦਾ ਦੋਸ਼ ਲਾਇਆ। ਭਾਜਪਾ ਦੇ ਕੌਮੀ ਉਪ ਪ੍ਰਧਾਨ ਦਲੀਪ ਘੋਸ਼ ਨੇ ਕਿਹਾ ਕਿ ਇਹ ਘਟਨਾਵਾਂ ਵਿਰੋਧੀ ਉਮੀਦਵਾਰਾਂ ਤੇ ਲੋਕਾਂ ਨੂੰ ਵੋਟ ਪਾਉਣ ਤੋਂ ਰੋਕਣ ਲਈ ਟੀਐੱਮਸੀ ਦੀ ਵੱਡੀ ਸਾਜ਼ਿਸ਼ ਹਨ।

ਸੂਬਾਈ ਕਾਂਗਰਸ ਪ੍ਰਧਾਨ ਤੇ ਬਰਹਾਮਪੋਰ ਤੋਂ ਸੰਸਦ ਮੈਂਬਰ ਅਧੀਨ ਚੌਧਰੀ ਨੇ ਕਿਹਾ, ‘ਟੀਐਮਸੀ ਦੀ ਪੁਸ਼ਤਪਨਾਹੀ ਹੇਠ ਸ਼ਰਾਰਤੀ ਅਨਸਰ ਪੈਟਰੋਲ ਬੰਬ ਬਣਾ ਰਹੇ ਹਨ ਤਾਂ ਜੋ ਦਿਹਾਤੀ ਚੋਣਾਂ ਦੇ ਮੱਦੇਨਜ਼ਰ ਡਰ ਦਾ ਮਾਹੌਲ ਸਿਰਜਿਆ ਜਾ ਸਕੇ। ਸਾਨੂੰ ਪੁਲੀਸ ‘ਤੇ ਭਰੋਸਾ ਨਹੀਂ ਹੈ ਕਿਉਂਕਿ ਉਹ ਸਥਾਨਕ ਪੱਧਰ ਦੇ ਤ੍ਰਿਣਮੂਲ ਆਗੂਆਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੇ ਹਨ।’ ਟੀਐਮਸੀ ਦੇ ਸੂਬਾਈ ਤਰਜਮਾਨ ਜੁਆਏ ਪ੍ਰਕਾਸ਼ ਮਜੂਮਦਾਰ ਨੇ ਕਿਹਾ ਕਿ ਜਦੋਂ ਤੋਂ ਪਾਰਟੀ ਨੇ ਸੂਬੇ ਦੀ ਸੱਤਾ ਸੰਭਾਲੀ ਹੈ, ਅਜਿਹੀਆਂ ਘਟਨਾਵਾਂ ਵਿੱਚ ਹੁੰਦੀਆਂ ਮੌਤਾਂ ਤੇ ਫੱਟੜਾਂ ਦੀ ਗਿਣਤੀ ਘਟੀ ਹੈ। ਮਜੂਮਦਾਰ ਨੇ ਕਿਹਾ ਕਿ ਬੇਲਦੰਗਾ ਘਟਨਾ ਵਿੱਚ ਟੀਐਮਸੀ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਸੱਤਾਧਾਰੀ ਪਾਰਟੀ ‘ਤੇ ਝੂਠੇ ਦੋਸ਼ ਮੜ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਤੇ ਕਾਂਗਰਸ ਨਾਲ ਸਬੰਧਿਤ ਵਿਅਕਤੀ ਗੜਬੜ ਪੈਦਾ ਕਰਨ ਲਈ ਪੈਟਰੋਲ ਬੰਬ ਬਣਾ ਰਹੇ ਹਨ। -ਪੀਟੀਆਈ

ਪੈਟਰੋਲ ਬੰਬ ਬਣਾਉਣ ਦੇ ਦੋਸ਼ ਹੇਠ ਕਾਂਗਰਸ ਉਮੀਦਵਾਰ ਸਣੇ ਪੰਜ ਗ੍ਰਿਫ਼ਤਾਰ

ਸੂਰੀ: ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਘਰ ‘ਚ ਪੈਟਰੋਲ ਬੰਬ ਬਣਾਉਣ ਦੇ ਦੋਸ਼ ਹੇਠ ਕਾਂਗਰਸ ਦੇ ਪੰਚਾਇਤ ਚੋਣਾਂ ਲਈ ਉਮੀਦਵਾਰ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੁਖਬਰੀ ਦੇ ਆਧਾਰ ‘ਤੇ ਮਰਗਰਾਮ ਪੁਲੀਸ ਸਟੇਸ਼ਨ ਦੇ ਇਲਾਕੇ ਵਿੱਚ ਪੈਂਦੇ ਪਿੰਡ ਬਹੀਰਗੋਰਾ ਵਿੱਚ ਘਰ ‘ਤੇ ਅੱਧੀ ਰਾਤ ਨੂੰ ਛਾਪਾ ਮਾਰਿਆ ਗਿਆ ਜਿੱਥੇ ਛੱਤ ‘ਤੇ ਪੈਟਰੋਲ ਬੰਬ ਬਣਾਏ ਹੋਏ ਸਨ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ਤੋਂ ਪੈਟਰੋਲ ਬੰਬ ਅਤੇ ਇਨ੍ਹਾਂ ਨੂੰ ਬਣਾਉਣ ਲਈ ਵਰਤੀ ਜਾਂਦੀ ਹੋਰ ਸਮੱਗਰੀ ਜ਼ਬਤ ਕਰ ਲਈ ਹੈ। ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। -ਪੀਟੀਆਈ

Advertisement
Tags :
Advertisement
Advertisement
×