ਹੜਤਾਲ ਕਾਰਨ ਪੈਟਰੋਲ ਤੇ ਡੀਜ਼ਲ ਦਾ ਕੋਟਾ ਤੈਅ
ਆਤਿਸ਼ ਗੁਪਤਾ
ਚੰਡੀਗੜ੍ਹ, 2 ਜਨਵਰੀ
ਹਿੱਟ ਐਂਡ ਰਨ ਕਾਨੂੰਨ ਵਿੱਚ ਸੋਧ ਖ਼ਿਲਾਫ਼ ਟਰੱਕ ਤੇ ਕੈਂਟਰ ਚਾਲਕਾਂ ਵੱਲੋਂ ਦੇਸ਼ ਭਰ ਵਿੱਚ ਕੀਤੀ ਹੜਤਾਲ ਦਾ ਸੇਕ ਚੰਡੀਗੜ੍ਹ ਵਿੱਚ ਵੀ ਦਿਖਾਈ ਦਿੱਤਾ। ਸ਼ਹਿਰ ਵਿੱਚ ਅੱਜ ਸਵੇਰ ਤੋਂ ਹੀ ਪੈਟਰੋਲ ਪੰਪ ’ਤੇ ਪੈਟਰੇਲ ਤੇ ਡੀਜ਼ਲ ਪਵਾਉਣ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਇਸ ਦੌਰਾਨ ਲੋਕਾਂ ਨੂੰ ਕਈ ਘੰਟੇ ਲਾਈਨਾਂ ਵਿੱਚ ਲੱਗ ਕੇ ਵਾਹਨਾਂ ਵਿੱਚ ਤੇਲ ਪਵਾਉਣਾ ਪਿਆ ਹੈ। ਉੱਧਰ ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ ਕਰਕੇ ਚੰਡੀਗੜ੍ਹ ਦੇ ਕਈ ਪੈਟਰੋਲ ਪੰਪਾਂ ਦਾ ਤੇਲ ਹੀ ਮੁੱਕ ਗਿਆ, ਜਿਨ੍ਹਾਂ ਵੱਲੋਂ ਪੰਪ ਦੇ ਬਾਹਰ ਪੈਟਰੋਲ ਖਤਮ ਹੋਣ ਦੇ ਨੋਟਿਸ ਚਿਪਕਾਏ ਗਏ। ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਪੈਟਰੋਲ ਪੰਪਾਂ ’ਤੇ ਪੈਟਰੋਲ ਤੇ ਡੀਜ਼ਲ ਖਤਮ ਹੋਣ ਦੀ ਜਾਣਕਾਰੀ ਮਿਲਦੇ ਹੀ ਹਾਲਾਤ ਦਾ ਜਾਇਜ਼ਾ ਲਿਆ। ਇਸ ਮੌਕੇ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਪੈਟਰੋਲ ਪੰਪ ਮਾਲਕਾਂ ਨੂੰ ਦੁਪਹੀਆਂ ਵਾਹਨਾਂ ਵਿੱਚ ਦੋ ਲਿਟਰ (200 ਰੁਪਏ ਤੱਕ) ਅਤੇ ਚੁਪਹੀਆ ਵਾਹਨਾਂ ਵਿੱਚ 5 ਲਿਟਰ (500 ਰੁਪਏ ਤੱਕ) ਤੇਲ ਪਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਕਤ ਆਦੇਸ਼ਾਂ ਦੀ ਪਾਲਣਾ ਨਾ ਕਰਨ ਵਾਲੇ ਪੈਟਰੋਲ ਪੰਪ ਮਾਲਕ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਅੱਜ ਸ਼ਹਿਰ ਵਿੱਚ ਪੈਟਰੋਲ ਪੰਪਾਂ ’ਤੇ ਲੱਗੀਆਂ ਕਤਾਰਾਂ ਨੇ ਸ਼ਹਿਰ ਦੀ ਰਫ਼ਤਾਰ ਰੋਕ ਕੇ ਰੱਖ ਦਿੱਤੀ। ਸ਼ਹਿਰ ’ਚ ਹਰੇਕ ਪੈਟਰੋਲ ਪੰਪ ਦੇ ਬਾਹਰ ਅੱਧਾ ਕਿਲੋਮੀਟਰ ਤੋਂ ਇੱਕ ਕਿਲੋਮੀਟਰ ਤੱਕ ਦੇ ਜਾਮ ਲੱਗੇ ਹੋਏ ਸਨ, ਜਿਸ ਦਾ ਅਸਰ ਸ਼ਹਿਰ ਦੀ ਆਮ ਟਰੈਫਿਕ ਵਿਵਸਥਾ ’ਤੇ ਵੀ ਦੇਖਣ ਨੂੰ ਮਿਲਿਆ। ਇਸ ਦੌਰਾਨ ਕੁਝ ਲੋਕ ਸਾਈਕਲ ਟਰੈਕ ’ਤੇ ਗੱਡੀਆਂ ਚਲਾ ਰਹੇ ਸਨ ਅਤੇ ਕਈ ਥਾਵਾਂ ’ਤੇ ਟਰੈਫਿਕ ਜਾਮ ਵਿੱਚ ਐਂਬੂਲੇਂਸਾਂ ਨੂੰ ਲੰਘਣਾ ਮੁਸ਼ਕਲ ਹੋ ਗਿਆ। ਟਰੱਕ ਡਰਾਈਵਰਾਂ ਦੀ ਹੜਤਾਲ ਦੀ ਜਾਣਕਾਰੀ ਮਿਲਦੇ ਹੀ ਸ਼ਹਿਰ ਵਿੱਚ ਸਬਜ਼ੀਆਂ ਦੇ ਭਾਅ ਵਿੱਚ ਵੀ ਤੇਜ਼ੀ ਆ ਗਈ।
ਪ੍ਰਸ਼ਾਸਨ ਨੇ ਕਿਹਾ ਕਿ ਸ਼ਹਿਰ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਕੰਪਨੀਆਂ ਤੇ ਕੈਂਟਰ ਚਾਲਕਾਂ ਨਾਲ ਤਾਲਮੇਲ ਕਰਕੇ ਸ਼ਹਿਰ ਵਿੱਚ ਪੈਟਰੋਲ ਤੇ ਡੀਜ਼ਲ ਦੀ ਆਮਦ ਯਕੀਨੀ ਬਣਾਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ।
ਮੋਰਿੰਡਾ (ਸੰਜੀਵ ਤੇਜਪਾਲ): ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਸਬੰਧੀ ਡਰਾਈਵਰਾਂ ਲਈ ਬਣਾਏ ਗਏ ਨਵੇਂ ਕਾਨੂੰਨ ਤਹਿਤ ਦੇ ਰੋਸ ਵਜੋਂ ਪੂਰੇ ਭਾਰਤ ਵਿੱਚ ਟਰੱਕ ਡਰਾਈਵਰਾਂ ਟਰਾਂਸਪੋਰਟਰਾਂ ਵੱਲੋਂ ਕੀਤੀ ਹੜਤਾਲ ਦਾ ਪ੍ਰਭਾਵ ਮੋਰਿੰਡਾ ਦੇ ਵੱਖ ਵੱਖ ਪੈਟਰੋਲ ਪੰਪਾਂ ਤੇ ਵੀ ਦੇਖਣ ਨੂੰ ਮਿਲਿਆ, ਜਿੱਥੇ ਡੀਜ਼ਲ ਅਤੇ ਪੈਟਰੋਲ ਲੈਣ ਵਾਲੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਭੀੜ ਨੂੰ ਕੰਟਰੋਲ ਕਰਨ ਲਈ ਪੰਪ ਮਾਲਕਾਂ ਨੂੰ ਪੁਲੀਸ ਪ੍ਰਸ਼ਾਸਨ ਦੀ ਸਹਾਇਤਾ ਲੈਣੀ ਪਈ।
ਚਮਕੌਰ ਸਾਹਿਬ (ਸੰਜੀਵ ਬੱਬੀ): ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ‘ਹਿੱਟ ਐਂਡ ਰਨ’ ਤੋਂ ਭੜਕੇ ਟਰੱਕ ਆਪਰੇਟਰਾਂ ਦੀ ਬੀਤੇ ਦਿਨ ਤੋਂ ਸ਼ੁਰੂ ਹੋਈ ਦੇਸ਼ ਵਿਆਪੀ ਹੜਤਾਲ ਦਾ ਅਸਰ ਹੁਣ ਸੂਬੇ ਵਿੱਚ ਦਿਖਾਈ ਦੇਣ ਲੱਗਿਆ ਹੈ। ਹੜਤਾਲ ਦੇ ਡਰ ਕਾਰਨ ਹੁਣ ਲੋਕਾਂ ਵੱਲੋਂ ਆਪਣਾ ਰੁਖ਼ ਪੈਟਰੋਲ ਪੰਪਾਂ ਵੱਲ ਕਰ ਲਿਆ ਹੈ। ਵਾਹਨ ਚਾਲਕ ਆਪਣੇ ਵਾਹਨਾਂ ਦੀਆਂ ਟੈਂਕੀਆਂ ਧੜਾ ਧੜ ਤੇਲ ਨਾਲ ਫੁੱਲ ਕਰਵਾ ਰਹੇ ਹਨ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਡਰਾਈਵਰਾਂ ਤੇ ਟਰਾਂਸਪੋਰਟਰਾਂ ਦੀ ਹੜਤਾਲ ਕਾਰਨ ਅੱਜ ਨਿਊ ਚੰਡੀਗੜ੍ਹ ਇਲਾਕੇ ਵਿਚਲੇ ਕਈ ਪੈਟਰੋਲ ਪੰਪਾਂ ਤੋਂ ਆਪਣੇ ਵਾਹਨਾਂ ਵਿੱਚ ਤੇਲ ਪਵਾਉਣ ਲਈ ਲੋਕ ਲੰਮੀਆਂ ਲੰਮੀਆਂ ਲਾਈਨਾਂ ਵਿੱਚ ਘੰਟਿਆਂਬੱਧੀ ਖੜ੍ਹੇ ਰਹੇ। ਕਈ ਲੋਕਾਂ ਵੱਲੋਂ ਡਰੰਮੀਆਂ, ਪੀਪੀਆਂ ਅਤੇ ਬੋਤਲਾਂ ਵਿੱਚ ਵੀ ਤੇਲ ਭਰਵਾ ਕੇ ਰੱਖ ਲਿਆ ਗਿਆ ਹੈ। ਪਿੰਡ ਢਕੋਰਾਂ, ਬਲਾਕ ਮਾਜਰੀ, ਮੁੱਲਾਂਪੁਰ, ਤੋਗਾਂ ਦੇ ਪੈਟਰੋਲ ਪੰਪਾਂ ਵਿੱਚ ਤੇਲ ਖ਼ਤਮ ਹੋ ਗਿਆ ਸੀ। ਕਈ ਲੋਕ ਤੇਲ ਲੈਣ ਲਈ ਇੱਕ-ਦੂਜੇ ਦੀਆਂ ਮਿੰਨਤਾਂ ਕਰਦੇ ਰਹੇ।
ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤੀ ਦੀ ਚਿਤਾਵਨੀ
ਐੱਸ.ਏ.ਐੱਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਕੇਂਦਰ ਸਰਕਾਰ ਵੱਲੋਂ ‘ਹਿੱਟ ਐਂਡ ਰਨ’ ਸਬੰਧੀ ਕਾਨੂੰਨ ਵਿੱਚ ਕੀਤੀ ਗਈ ਸੋਧ ਖ਼ਿਲਾਫ਼ ਟਰੱਕ ਡਰਾਈਵਰਾਂ ਅਤੇ ਟਰਾਂਸਪੋਰਟਰਾਂ ਦੀ ਹੜਤਾਲ ਦੇ ਮੱਦੇਨਜ਼ਰ ਅੱਜ ਮੁਹਾਲੀ ਅਤੇ ਆਸਪਾਸ ਪੈਟਰੋਲ ਪੰਪਾਂ ’ਤੇ ਆਪਣੇ ਵਾਹਨਾਂ ਵਿੱਚ ਤੇਲ ਭਰਵਾਉਣ ਲਈ ਲੋਕਾਂ ਦੀਆਂ ਲੰਮੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਸਮੁੱਚੇ ਮੁਹਾਲੀ ਜ਼ਿਲ੍ਹੇ ਅੰਦਰ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਉਨ੍ਹਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਅੱਜ ਇੱਥੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅਪੀਲ ਕੀਤੀ ਕਿ ਪੈਟਰੋਲ-ਡੀਜ਼ਲ ਦਾ ਬਿਨਾਂ ਲੋੜ ਤੋਂ ਭੰਡਾਰ ਕਰਕੇ ਇਸ ਦੀ ਕਮੀ ਪੈਦਾ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੇਖਦਿਆਂ ਸਮੁੱਚੇ ਜ਼ਿਲ੍ਹੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਟਰਾਂਸਪੋਰਟ ਯੂਨੀਅਨਾਂ ਅਤੇ ਤੇਲ ਕੰਪਨੀਆਂ ਦੇ ਸੇਲਜ਼ ਮੈਨੇਜਰਾਂ ਨਾਲ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਸਿਰਫ਼ ਤੇਲ ਹੀ ਨਹੀਂ, ਸਗੋਂ ਹੋਰ ਜ਼ਰੂਰੀ ਵਸਤਾਂ ਜਿਵੇਂ ਐਲਪੀਜੀ ਅਤੇ ਦਵਾਈਆਂ ਦੀ ਸਪਲਾਈ ਵਿੱਚ ਵੀ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਝੂਠੀਆਂ ਅਫ਼ਵਾਹਾਂ ਰਾਹੀਂ ਦਹਿਸ਼ਤ ਫੈਲਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਬੀਪੀਸੀਐੱਲ ਲਾਲੜੂ ਡਿੱਪੂ ਤੋਂ ਸਪਲਾਈ ਸੇਵਾਵਾਂ ਬਹਾਲ
ਲਾਲੜੂ (ਸਰਬਜੀਤ ਸਿੰਘ ਭੱਟੀ): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੇਰ ਸ਼ਾਮ ਭਾਰਤ ਪੈਟਰੋਲੀਅਮ ਕੰਪਨੀ ਲਿਮਟਿਡ ਦੇ ਲਾਲੜੂ ਪਲਾਂਟ ਤੋਂ ਤੇਲ ਅਤੇ ਰਸੋਈ ਗੈਸ ਦੀ ਸਪਲਾਈ ਦਾ ਕੰਮ ਮੁੜ ਸ਼ੁਰੂ ਕਰਨ ਦੇ ਯਤਨਾਂ ਨੂੰ ਸਫ਼ਲਤਾ ਮਿਲੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਟੈਂਕਰ ਅਪਰੇਟਰਾਂ ਦੀ ਹੜਤਾਲ ਕਾਰਨ ਪੈਦਾ ਹੋਏ ਗਤੀਰੋਧ ਨੂੰ ਦੂਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੇਰ ਤੋਂ ਹੀ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। ਐਸ.ਡੀ.ਐਮ ਡੇਰਾਬਸੀ, ਐਸ.ਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਏ.ਐਸ.ਪੀ ਡੇਰਾਬੱਸੀ ਦਰਪਣ ਆਹਲੂਵਾਲੀਆ ਸਰਗਰਮੀ ਨਾਲ ਟੈਂਕਰ ਅਪਰੇਟਰਾਂ ਨੂੰ ਜ਼ਿਲ੍ਹੇ ਵਿੱਚ ਕੰਮ ਸ਼ੁਰੂ ਕਰਨ ਲਈ ਮਨਾ ਰਹੇ ਸਨ। ਅੰਤ ਵਿੱਚ, ਉਨ੍ਹਾਂ (ਟੈਂਕਰ ਅਪਰੇਟਰਾਂ) ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਮਤੀ ਪ੍ਰਗਟਾਈ ਅਤੇ ਤੇਲ ਅਤੇ ਐਲਪੀਜੀ ਦੀ ਢੋਆ-ਢੁਆਈ ਲਈ ਸਹਿਮਤੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਡਿਪੂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਹਰਿਆਣਾ ਦੇ ਕੁਰੂਕਸ਼ੇਤਰ, ਹਿਸਾਰ ਅਤੇ ਰੋਹਤਕ ਜ਼ਿਲ੍ਹਿਆਂ ਨੂੰ ਸਪਲਾਈ ਕਰਦਾ ਹੈ।
ਥ੍ਰੀ ਵ੍ਹੀਲਰਾਂ ਦੇ ਕਿਰਾਏ ਵਧਾਏ
ਸ਼ਹਿਰ ਵਿੱਚ ਪੈਟਰੋਲ ਪੰਪਾਂ ’ਤੇ ਸਪਲਾਈ ਠੱਪ ਹੋਣ ਕਰਕੇ ਥ੍ਰੀ ਵ੍ਹੀਲਰ ਚਾਲਕਾਂ ਨੇ ਵੀ ਕਿਰਾਏ ਵਧਾ ਦਿੱਤੇ ਹਨ। ਉਨ੍ਹਾਂ ਵੱਲੋਂ ਜਿਸ ਸਫ਼ਰ ਲਈ 20 ਰੁਪਏ ਵਸੂਲ ਕੀਤੇ ਜਾਂਦੇ ਸੀ, ਉਸ ਲਈ 30 ਤੋਂ 40 ਰੁਪਏ ਪ੍ਰਤੀ ਸਵਾਰੀ ਵਸੂਲੇ ਗਏ। ਥ੍ਰੀ ਵ੍ਹੀਲਰ ਚਾਲਕਾਂ ਵੱਲੋਂ ਕਿਰਾਏ ’ਚ ਕੀਤੇ ਇਜਾਫੇ ਕਰਕੇ ਲੋਕਾਂ ਦੀ ਜੇਬ੍ਹ ’ਤੇ ਵੀ ਵਾਧੂ ਦਾ ਬੋਝ ਪਿਆ।