ਦਸਮੇਸ਼ ਸਕੂਲ ’ਚ ਗੁਰਪੁਰਬ ਮੌਕੇ ਸ਼ਖ਼ਸੀਅਤ ਉਸਾਰੀ ਕੈਂਪ
ਇਕਬਾਲ ਸਿੰਘ ਸ਼ਾਂਤ
ਲੰਬੀ, 17 ਨਵੰਬਰ
ਦਸਮੇਸ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਾਦਲ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਸ਼ਖ਼ਸੀਅਤ ਉਸਾਰੀ ਕੈਂਪ ਲਾਇਆ ਗਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਾਏ ਸ਼ਖ਼ਸੀਅਤ ਉਸਾਰੀ ਕੈਂਪ ਦੀ ਸ਼ੁਰੂਆਤ ਗਾਰਡ ਆਫ ਆਨਰ ਅਤੇ ਸ਼ਬਦ ਗਾਇਨ ਨਾਲ ਕੀਤੀ ਗਈ। ਪੰਜਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਦੋ ਗਰੁੱਪਾਂ ਵਿੱਚ ਕੈਂਪ ਵਿੱਚ ਹਿੱਸਾ ਲਿਆ। ਕੈਂਪ ਦੇ ਨਾਲ-ਨਾਲ ਸਕੂਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੇ ਸਹਿਜ ਪਾਠ ਦਾ 14 ਨਵੰਬਰ ਨੂੰ ਭੋਗ ਪਾਇਆ ਗਿਆ।
ਕੈਂਪ ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਧਾਨ ਰਣਜੀਤ ਸਿੰਘ, ਡਾ. ਅਮਰਿੰਦਰ ਸਿੰਘ, ਬਲਵੰਤ ਸਿੰਘ, ਗੁਰਵਿੰਦਰ ਸਿੰਘ ਤੇ ਸ਼ਿਵਰਾਜ ਸਿੰਘ ਨੇ ਬੱਚਿਆਂ ਨੂੰ ਨੈਤਿਕਤਾ ਗੁਣਾ ਬਾਰੇ ਚਾਨਣਾ ਪਾਇਆ। ਵਿਦਿਆਰਥੀਆਂ ਲਈ ਸਿੱਖਿਆਦਾਇਕ ਗਤੀਵਿਧੀਆਂ ਕਰਵਾਈਆਂ ਗਈਆਂ। ਕੈਂਪ ਸਟੱਡੀ ਸਰਕਲ ਦੇ ਨਾਲ ਜੁੜੇ ਸਕੂਲ ਅਧਿਆਪਕ ਸਤਿੰਦਰ ਕੌਰ ਤੇ ਸਿਮਰਜੀਤ ਕੌਰ ਦੀ ਦੇਖ-ਰੇਖ ਹੇਠ ਸੰਪੰਨ ਹੋਇਆ। ਸਕੂਲ ਪ੍ਰਿੰਸੀਪਲ ਰੀਤੂ ਨੰਦਾ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਧੰਨਵਾਦ ਕਰਦਿਆਂ ਸਕੂਲ ਵਿਚ ਅਗਾਂਹ ਤੋਂ ਵੀ ਇਹੋ-ਜਿਹੀ ਨੈਤਿਕ ਸਿੱਖਿਆ ਦੇ ਕੈਂਪ ਲਾਉਣ ਲਈ ਆਖਿਆ। ਸਟੱਡੀ ਸਰਕਲ ਵੱਲੋਂ ਡਾ. ਮਨਦੀਪ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ’ਤੇ ਉਨ੍ਹਾਂ ਦੇ ਜੀਵਨ ਕਾਲ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਉੱਤੇ ਚਾਨਣਾ ਪਾ ਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦੱਸੇ ਮਾਰਗ ’ਤੇ ਚੱਲਣ ਲਈ ਪ੍ਰੇਰਿਆ।