ਤੈਅ ਸਮੇਂ ਅੰਦਰ ਭਾਰ ਘਟਾਉਣਾ ਖਿਡਾਰੀ ਦੀ ਨਿੱਜੀ ਜ਼ਿੰਮੇਵਾਰੀ: ਮੈਰੀਕੌਮ
ਮੁੰਬਈ, 3 ਅਕਤੂਬਰ
ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮਸੀ ਮੈਰੀਕੌਮ ਨੇ ਅੱਜ ਪੈਰਿਸ ਓਲੰਪਿਕ ਵਿੱਚ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਪਹਿਲਵਾਨ ਵਿਨੇਸ਼ ਫੋਗਾਟ ਨੂੰ ਹੋਈ ਨਿਰਾਸ਼ਾ ਸਬੰਧੀ ਕਿਹਾ ਕਿ ਤੈਅ ਸਮੇਂ ਦੇ ਅੰਦਰ ਭਾਰ ਘਟਾਉਣਾ-ਵਧਾਉਣਾ ਖਿਡਾਰੀ ਦੀ ਨਿੱਜੀ ਜ਼ਿੰਮੇਵਾਰੀ ਹੈ। ਚਾਰ ਬੱਚਿਆਂ ਦੀ ਮਾਂ ਅਤੇ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ 42 ਸਾਲਾ ਮੈਰੀਕੌਮ ਨੇ ਇੱਥੇ ਸਮਾਗਮ ਦੌਰਾਨ ਪਹਿਲੀ ਵਾਰ ਵਿਨੇਸ਼ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਪੈਰਿਸ ਓਲੰਪਿਕ ਵਿੱਚ ਤੈਅ ਸਮਾਂ ਸੀਮਾ ਅੰਦਰ ਭਾਰ ਘਟਾਉਣਾ-ਵਧਾਉਣਾ ਅਥਲੀਟ ਦੀ ਜ਼ਿੰਮੇਵਾਰੀ ਹੈ। ਉਸ ਨੇ ਕਿਹਾ, ‘ਮੈਂ ਇੰਨੀ ਨਿਰਾਸ਼ ਸੀ ਕਿ ਮੈਂ ਵੀ ਇੰਨੇ ਸਾਲਾਂ ਤੋਂ ਇਸੇ ਤਰ੍ਹਾਂ ਆਪਣਾ ਭਾਰ ਘਟਾ-ਵਧਾ ਰਹੀ ਹਾਂ। ਭਾਰ ਅਹਿਮ ਹੁੰਦਾ ਹੈ, ਇਹ ਮੇਰੀ ਜ਼ਿੰਮੇਵਾਰੀ ਹੈ। ਮੈਂ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੀ।’
ਮੈਰੀਕੌਮ ਨੇ ਕਿਹਾ, ‘ਮੈਂ ਇਹ ਉਸ ਦੇ (ਵਿਨੇਸ਼) ਮਾਮਲੇ ਵਿੱਚ ਨਹੀਂ ਕਹਿਣਾ ਚਾਹੁੰਦੀ। ਮੈਂ ਇਹ ਸਿਰਫ ਆਪਣੇ ਮਾਮਲੇ ਵਿੱਚ ਕਹਿ ਰਹੀ ਹਾਂ। ਜੇ ਮੈਂ ਆਪਣਾ ਭਾਰ ਹੀ ਸਹੀ ਤਰ੍ਹਾਂ ਨਹੀਂ ਘਟਾ ਸਕਾਂਗੀ ਤਾਂ ਮੈਂ ਖੇਡਾਂਗੀ ਕਿਵੇਂ। ਮੈਂ ਉੱਥੇ ਤਗ਼ਮਾ ਜਿੱਤਣ ਗਈ ਸੀ, ਮੈਨੂੰ ਅਜਿਹਾ ਹੀ ਲੱਗਦਾ ਹੈ।’ -ਪੀਟੀਆਈ