ਟਰੱਕ ਵਿੱਚ 14 ਬਲਦ ਲਿਜਾ ਰਿਹਾ ਵਿਅਕਤੀ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਸ਼ੇਰਪੁਰ, 13 ਜੂਨ
ਸਥਾਨਕ ਪੁਲੀਸ ਨੇ ਮੁਸਤੈਦੀ ਵਿਖਾਉਂਦਿਆਂ ਅੱਜ ਟਰੱਕ ਵਿੱਚ ਤੁੰਨ ਕੇ ਬੁੱਚੜਖਾਨੇ ਲਿਜਾਏ ਜਾ ਰਹੇ 14 ਬਲਦਾਂ ਸਮੇਤ ਇੱਕ ਵਿਅਕਤੀ ਨੂੰ ਮੌਕੇ ‘ਤੇ ਕਾਬੂ ਕਰਦਿਆਂ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਵੱਖ-ਵੱਖ ਥਾਵਾਂ ਤੋਂ ਪੁੱਜੇ ਗਉ ਰੱਖਿਆ ਦਲ ਦੇ ਕਾਰਕੁਨਾਂ ਨੇ ਪੁਲੀਸ ਕਾਰਵਾਈ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ। ਸ਼ੇਰਪੁਰ ਪੁਲੀਸ ਦੇ ਮੁਨਸ਼ੀ ਰਾਮ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ਮਿਲੀ ਕਿ ਜੱਸਾ ਸਿੰਘ ਮਸਹੀ ਵਾਸੀ ਸ਼ਾਮਨਗਰ ਥਾਣਾ ਮਜੀਠਾ ਜ਼ਿਲ੍ਹਾ ਅਮ੍ਰਿਤਸਰ ਬੇਸਹਾਰਾ ਗਊਵੰਸ਼ (ਬਲਦ,ਢੱਠੇ) ਲੱਦ ਕੇ ਕਥਿਤ ਤੌਰ ਤੇ ਬੁੱਚੜਖਾਨੇ ਲਿਜਾ ਕੇ ਵੇਚਣ ਦਾ ਕੰਮ ਕਰਦਾ ਹੈ। ਇਸ ਤਹਿਤ ਅੱਜ ਵੀ ਉਹ ਟਰੱਕ ਨੰਬਰ ਪੀਬੀ-10-ਡੀਸੀ-6259 (ਬਾਰਾ ਚੱਕੀ) ਰਾਹੀਂ ਹੇੜੀਕੇ ਵਿੱਚੋਂ ਦੀ ਹੁੰਦਾ ਹੋਇਆ ਮਾਲੇਰਕੋਟਲਾ ਵੱਲ ਜਾਵੇਗਾ। ਪੁਲੀਸ ਨੇ ਟੀ-ਪੁਆਇੰਟ ਈਨਾਬਾਜਵਾ ਰੋਡ ਹੇੜੀਕੇ ਵਿੱਚ ਯੋਜਨਾਬੱਧ ਤਰੀਕੇ ਨਾਲ ਨਾਕਾਬੰਦੀ ਕਰਕੇ ਮੁਲਜ਼ਮ ਨੂੰ 14 ਬਲਦਾਂ ਸਮੇਤ ਕਾਬੂ ਕਰ ਲਿਆ। ਪੁਲੀਸ ਨੇ ਟਰੱਕ ਵਿੱਚ ਸਮਰੱਥਾ ਤੋਂ ਵੱਧ ਬੜੀ ਬੇਰਹਿਮੀ ਨਾਲ ਬਲਦਾਂ ਨੂੰ ਲੱਦਣਾ ਅਤੇ ਅੱਗੇ ਬੁੱਚੜਖਾਨੇ ਵਿੱਚ ਵੇਚਣਾ ਜੁਰਮ 11 ਪਸ਼ੂ ਕਰੂਰਤਾ ਐਕਟ 1960, 4-ਏ, 4-ਬੀ, 8, ਕਾਓ ਸਲੱਟਰ ਐਕਟ 1955 ਦੀ ਤਾਰੀਫ ਨੂੰ ਪੂਰਾ ਕੀਤਾ ਹੈ। ਉਧਰ, ਮੌਕੇ ‘ਤੇ ਪੁੱਜੇ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ, ਸੂਬਾਈ ਪ੍ਰਧਾਨ ਸੰਦੀਪ ਵਰਮਾ ਅਤੇ ਸਮਾਜ ਸੇਵੀ ਪਿਆਰਾ ਸਿੰਘ ਇੰਸਾਂ ਨੇ ਗਊ ਵੰਸ਼ (ਬਲਦਾਂ) ਨੂੰ ਮਨਾਲ ਗਊਸ਼ਾਲਾ ਲਿਜਾ ਕੇ ਛੱਡਿਆ ਅਤੇ ਪੁਲੀਸ ਕਾਰਵਾਈ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਵੱਖਰੇ ਬਿਆਨ ਰਾਹੀਂ ਸਮਾਜ ਸੇਵੀ ਪਿਆਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਿੱਥੇ ਰਾਜਪੁਰਾ, ਰਾਮਪੁਰਾ, ਪਾਤੜਾਂ, ਟੋਹਾਣਾ ਆਦਿ ਥਾਵਾਂ ਤੋਂ ਆਏ ਗਊ ਰੱਖਿਆ ਦੇ ਕਾਰਕੁਨਾਂ ਦੇ ਸਨਮਾਨ ਦਾ ਖੁਲਾਸਾ ਕੀਤਾ ਉੱਥੇ ਮੁਸਤੈਦੀ ਦੇ ਮੱਦੇਨਜ਼ਰ ਸ਼ੇਰਪੁਰ ਪੁਲੀਸ ਨੂੰ ਸਿਲਵਰ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ।