ਮਸਲੇ ਹੱਲ ਕਰਵਾਉਣ ਲਈ ਡਟੇ ਮਜ਼ਦੂਰ
ਗੁਰਬਖਸ਼ਪੁਰੀ
ਤਰਨ ਤਾਰਨ, 11 ਦਸੰਬਰ
ਦਿਹਾਤੀ ਮਜ਼ਦੂਰ ਸਭਾ ਦੀ ਭਿੱਖੀਵਿੰਡ ਦੀ ਤਹਿਸੀਲ ਇਕਾਈ ਵਲੋਂ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਅੱਜ ਭਿੱਖੀਵਿੰਡ ਵਿਖੇ ਐੱਸ ਡੀ ਐਮ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਅਧਿਕਾਰੀ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ| ਸਭਾ ਦੇ ਤਹਿਸੀਲ ਪ੍ਰਧਾਨ ਜਸਵੰਤ ਸਿੰਘ ਭਿੱਖੀਵਿੰਡ ਦੀ ਅਗਵਾਈ ਵਿੱਚ ਦਿੱਤੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰ ਔਰਤਾਂ-ਮਰਦਾਂ ਨੇ ਭਾਗ ਲਿਆ| ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ ਨੇ ਸੰਬੋਧਨ ਕਰਦਿਆਂ ਸਰਕਾਰ ਵਲੋਂ ਮਜ਼ਦੂਰ ਵਰਗਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਨਾਲ ਵਿਸਾਰ ਦੇਣ ਦੀ ਨਿਖੇਧੀ ਕੀਤੀ| ਉਨ੍ਹਾਂ ਮਨਰੇਗਾ ਮਜ਼ਦੂਰਾਂ ਦੇ ਪਰਿਵਾਰ ਨੂੰ ਸਾਰਾ ਸਾਲ ਕੰਮ ਦੇਣ, ਘੱਟੋ ਘੱਟ ਦਿਹਾੜੀ 700 ਰੁਪਏ ਕੀਤੇ ਜਾਣ, ਸ਼ਹਿਰਾਂ ਅੰਦਰ ਵੀ ਮਨਰੇਗਾ ਦਾ ਕੰਮ ਦੇਣ, ਸਮਾਜਿਕ ਸੁਰੱਖਿਆ ਸਕੀਮ ਤਹਿਤ ਵਿਧਵਾ, ਅੰਗਹੀਣ ਆਦਿ ਦੀ ਪੈਨਸ਼ਨ 2500 ਰੁਪਏ ਮਹੀਨਾ ਕਰਨ ਆਦਿ ’ਤੇ ਜ਼ੋਰ ਦਿੱਤਾ| ਇਸ ਮੌਕੇ ਹਰਜਿੰਦਰ ਸਿੰਘ ਚੂੰਘ, ਸਵਿੰਦਰ ਸਿੰਘ ਚੱਕ, ਗੁਰਬੀਰ ਭੱਟੀ ਰਾਜੋਕੇ, ਬਿੱਕਰ ਸਿੰਘ ਭਗਵਾਨਪੁਰਾ, ਲੱਖਾ ਸਿੰਘ ਲਾਖਣਾ ਨੇ ਵੀ ਸੰਬੋਧਨ ਕੀਤਾ|