ਲੋਕਪੱਖੀ ਖੇਤੀ ਨੀਤੀ ਨਾਲ ਹੀ ਹੋ ਸਕਦਾ ਦੇਸ਼ ਵਾਸੀਆਂ ਦਾ ਭਲਾ: ਉਗਰਾਹਾਂ
ਪੱਤਰ ਪ੍ਰੇਰਕ
ਸ਼ਾਹਕੋਟ,23 ਸਤੰਬਰ
‘ਲੋਕ ਪੱਖੀ ਖੇਤੀ ਨੀਤੀ ਨੂੰ ਅਮਲ ਵਿੱਚ ਲਿਆਉਣ ਨਾਲ ਹੀ ਦੇਸ਼ ਵਾਸੀਆਂ ਦਾ ਭਲਾ ਹੋ ਸਕਦਾ ਹੈ।’ ਇਹ ਗੱਲ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਪਿੰਡ ਮੂਲੇਵਾਲ ਅਰਾਈਆਂ ਵਿੱਚ ਮੂਲੇਵਾਲ ਅਰਾਈਆਂ, ਬ੍ਰਾਹਮਣਾਂ ਅਤੇ ਮੂਲੇਵਾਲ ਖਹਿਰਾ ਦੇ ਕਿਸਾਨਾਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ।
ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਲਿਆਂਦੀਆਂ ਜਾ ਰਹੀਆਂ ਨੀਤੀਆਂ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਸਮੇਤ ਹਰੇਕ ਗਰੀਬ ਵਰਗ ਆਰਥਿਕ ਪੱਖੋਂ ਕੰਗਾਲ ਹੁੰਦਾ ਜਾ ਰਿਹਾ ਹੈ। ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਲਿਆਦੀਆਂ ਨੀਤੀਆਂ ਨਾਲ ਪਲੀਤ ਹੋਏ ਵਾਤਾਵਰਨ ਲਈ ਵੀ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਚਾਹਲ ਨੇ ਕਿਹਾ ਕਿ ਸਰਕਾਰ ਕੋਲੋਂ ਲੋਕ ਪੱਖੀ ਖੇਤੀ ਨੀਤੀ ਬਣਵਾਉਣ ਲਈ ਉਨ੍ਹਾਂ ਦੀ ਜਥੇਬੰਦੀ ਜਲਦ ਹੀ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੀ ਤਿਆਰੀ ਵਜੋਂ ਉਨ੍ਹਾਂ ਵੱਲੋਂ ਕਿਸਾਨਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਬਲਾਕ ਸਾਹਕੋਟ ਦੇ ਪ੍ਰਧਾਨ ਬਲਕਾਰ ਸਿੰਘ ਫਾਜਿਲਵਾਲ ਨੇ ਵੀ ਇਕੰਠ ਨੂੰ ਸੰਬੋਧਨ ਕੀਤਾ।