‘ਪੰਜਾਬ ਬੰਦ’ ਦੇ ਸੱਦੇ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ
ਜਗਜੀਤ ਕੁਮਾਰ
ਖਮਾਣੋਂ, 30 ਦਸੰਬਰ
ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ, ਗੈਰ ਰਾਜਨੀਤਿਕ ਵੱਲੋਂ ਕਿਸਾਨੀ ਮੰਗਾਂ ਦੀ ਪੂਰਤੀ ਲਈ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਵਿੱਚ ਦਿੱਤੇ ਗਏ ਬੰਦ ਦੇ ਸੱਦੇ ਨੂੰ ਖਮਾਣੋਂ ਸ਼ਹਿਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਸਾਰੇ ਬਾਜ਼ਾਰ ਪੂਰਨ ਰੂਪ ਵਿੱਚ ਬੰਦ ਰਹੇ ਅਤ ਰੇਹੜੀਆਂ ਫੜ੍ਹੀਆਂ ਵਾਲਿਆਂ ਨੇ ਵੀ ਆਪਣੇ ਕਾਰੋਬਾਰ ਬੰਦ ਰੱਖੇ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਹੋਰਨਾਂ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਵੱਖ-ਵੱਖ ਰਾਜਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਨਜ਼ਦੀਕੀ ਪਿੰਡ ਰਾਣਵਾਂ ਵਿਖੇ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ ਰਾਣਵਾਂ ਸਾਹਿਬ ਅੱਗੇ ਸੜਕ ਜਾਮ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਮੋਹਣ ਸਿੰਘ ਭੁੱਟਾ, ਦਰਸ਼ਨ ਸਿੰਘ ਰਾਣਵਾਂ, ਦਰਸ਼ਨ ਸਿੰਘ ਭਾਮੀਆਂ, ਰਾਜੂ ਰਾਣਵਾਂ,ਹਰਨੇਕ ਸਿੰਘ ਭਾਮੀਆਂ, ਕਸ਼ਮੀਰਾ ਸਿੰਘ ਬਿਲਾਸਪੁਰ, ਡਾ. ਜਗਦੀਪ ਸਿੰਘ ਰਾਣਾ, ਕੁਲਵਿੰਦਰ ਸਿੰਘ ਬਿਲਾਸਪੁਰ, ਅਵਤਾਰ ਸਿੰਘ ਮਨੈਲੀ, ਰਣਜੀਤ ਸਿੰਘ ਧਨੌਲਾ ਭਾਂਬਰੀ ਹਾਜ਼ਰ ਸਨ।
ਕੁਰਾਲੀ (ਮਿਹਰ ਸਿੰਘ):
ਅੱਜ ਕਿਸਾਨ ਜੱਥੇਬੰਦੀਆਂ ਦੇ ਸੱਦੇ ‘ਤੇ ਅੱਜ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ। ਕਿਸਾਨ ਜਥੇਬੰਦੀਆਂ ਵਲੋਂ ਸ਼ਹਿਰ ਦੇ ਮੇਨ ਚੌਕ ਵਿੱਚ ਪ੍ਰਦਰਸ਼ਨ ਕਰਕੇ ਚੱਕਾ ਜਾਮ ਕੀਤਾ ਗਿਆ ਜਦਕਿ ਦੁਕਾਨਦਾਰਾਂ, ਆਮ ਲੋਕਾਂ,ਵਪਾਰਕ ਅਦਾਰੇ ਬੰਦ ਕਰਕੇ ਹਰ ਵਰਗ ਦੇ ਲੋਕਾਂ ਨੇ ਇਸ ਬੰਦ ਨੂੰ ਸਮਰਥਨ ਦਿੱਤਾ। ਇਸ ਮੌਕੇ ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਜੀਤਾ ਫਾਂਟਵਾ, ਚਰਨਜੀਤ ਸਿੰਘ ਕਾਲੇਵਾਲ, ਅਵਤਾਰ ਸਿੰਘ ਸਲੇਮਪੁਰ ਹਾਜ਼ਰ ਸਨ। ਇਸੇ ਦੌਰਾਨ ਕੁਰਾਲੀ-ਸੀਸਵਾਂ ਸੜਕ ’ਤੇ ਬੜੌਦੀ ਟੌਲ ਪਲਾਜ਼ਾ ’ਤੇ ਲੋਕ ਹਿੱਤ ਮਿਸ਼ਨ ਵੱਲੋਂ ਚੱਕਾ ਜਾਮ ਕੀਤਾ ਗਿਆ।
ਕਿਸਾਨਾਂ ਦੇ ਹੱਕ ਵਿੱਚ ਨਿੱਤਰੀਆਂ ਮੁਲਾਜ਼ਮ ਜੱਥੇਬੰਦੀਆਂ
ਨੰਗਲ (ਰਾਕੇਸ਼ ਸੈਣੀ):
ਕਿਸਾਨ ਜੱਥੇਬਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਨੰਗਲ ਸ਼ਹਿਰ ਵਿੱਚ ਹੁੰਗਾਰਾ ਦੇਖਣ ਨੂੰ ਨਹੀਂ ਮਿਲਿਆ। ਲਗਪਗ ਸਾਰੇ ਬਾਜ਼ਾਰ ਆਮ ਵਾਂਗ ਖੁਲ੍ਹੇ ਰਹੇ| ਦੂਜੇ ਪਾਸੇ ਇਲਾਕੇ ਦੀਆਂ ਵੱਖ ਵੱਖ ਮੁਲਾਜ਼ਮ ਜੱਥੇਬਦੀਆਂ ਅਤੇ ਕੁਝ ਕਿਸਾਨਾਂ ਨੇ ਨੰਗਲ ਚੰਡੀਗੜ੍ਹ ਮੁੱਖ ਮਾਰਗ ’ਤੇ ਜਵਾਹਰ ਮਾਰਕੀਟ ਨੇੜੇ ਧਰਨਾ ਪ੍ਰਦਰਸ਼ਨ ਕੀਤਾ ਤੇ ਜਾਮ ਲਗਾਈ ਰੱਖਿਆ। ਇਸ ਕਾਰਨ ਇਸ ਮਾਰਗ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ| ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਵਿੱਚੋਂ ਕਰਮ ਸਿੰਘ ਬੇਲਾ, ਗੱਜਣ ਸਿੰਘ, ਅਮਰੀਕ ਸਿੰਘ, ਜਸਵੀਰ ਸਿੰਘ, ਕਸ਼ਮੀਰ ਸਿੰਘ, ਅਤੇ ਪਨਬੱਸ ਆਗੂ ਰਾਮ ਦਿਆਲ ਨੇ ਧਰਨੇ ਨੂੰ ਸੰਬੋਧਨ ਕੀਤਾ ਅਤੇ ਪੰਜਾਬ ਅਤੇ ਕੇਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਸਮੇਂ ਰਹਿੰਦੇ ਪੂਰਾ ਕਰਨ ਦੀ ਮੰਗ ਕੀਤੀ ਗਈ।
ਪੰਜਾਬ ਰੋਡਵੇਜ਼, ਪਨਬੱਸ ਠੇਕਾ ਮੁਲਾਜ਼ਮਾਂ ਸਣੇ ਪ੍ਰਾਈਵੇਟ ਬੱਸ ਮਾਲਕਾਂ ਵੱਲੋਂ ਬੱਸਾਂ ਦਾ ਚੱਕਾ ਜਾਮ
ਚਮਕੌਰ ਸਾਹਿਬ (ਸੰਜੀਵ ਬੱਬੀ):
ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ’ਤੇ ਇੱਥੋਂ ਦੇ ਸਮੂਹ ਬਾਜ਼ਾਰ ਬੰਦ ਰਹੇ। ਬੰਦ ਦੇ ਸੱਦੇ ’ਤੇ ਚਮਕੌਰ ਸਾਹਿਬ ਨੇੜਲੇ ਕਸਬੇ ਬੇਲਾ, ਬਹਿਰਾਮਪੁਰ ਬੇਟ ਅਤੇ ਲੁਠੇੜੀ ਸਣੇ ਪਿੰਡਾਂ ਵਿੱਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਰੱਖ ਕੇ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ। ਇਸ ਤਹਿਤ ਭਾਰਤੀ ਕਿਸਾਨ ਯੂਨੀਅਨ , ਸ਼ੇਰੇ ਪੰਜਾਬ ਯੂਨੀਅਨ ਅਤੇ ਮਜ਼ਦੂਰ ਯੂਨੀਅਨ ਦੇ ਆਗੂਆਂ ਅਤੇ ਮੈਂਬਰਾਂ ਵਲੋਂ ਸਾਂਝੇ ਤੌਰ ’ਤੇ ਕਿਸਾਨ ਆਗੂ ਗੁਰਨਾਮ ਸਿੰਘ ਜੱਸੜਾ, ਭਾਈ ਪਰਮਿੰਦਰ ਸਿੰਘ ਸੇਖੋਂ ਅਤੇ ਬਲਵਿੰਦਰ ਸਿੰਘ ਸਿਮਰੋ ਦੀ ਅਗਵਾਈ ਹੇਠ ਇੱਥੇ ਨਹਿਰ ਸਰਹਿੰਦ ਦੇ ਪੁਲ ’ਤੇ ਧਰਨਾ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸੇ ਤਰ੍ਹਾਂ ਹੀ ਪੰਜਾਬ ਰੋਡਵੇਜ਼, ਪਨਬੱਸ ਠੇਕਾ ਮੁਲਾਜ਼ਮਾਂ ਸਣੇ ਪ੍ਰਾਈਵੇਟ ਬੱਸ ਮਾਲਕਾਂ ਨੇ ਵੀ ਕਿਸਾਨਾਂ ਦੀ ਹਮਾਇਤ ਵਿੱਚ ਬੱਸਾਂ ਦਾ ਚੱਕਾ ਜਾਮ ਕੀਤਾ, ਜਿਸ ਕਾਰਨ ਸਵਾਰੀਆਂ ਖੱਜਲ ਖੁਆਰ ਹੁੰਦੀਆਂ ਵੇਖੀਆਂ ਗਈਆਂ।
ਮੋਰਿੰਡਾ ਵਿੱਚ ਸਰਕਾਰੀ ਅਤੇ ਨਿੱਜੀ ਬੈਂਕ ਵੀ ਰਹੇ ਬੰਦ
ਮੋਰਿੰਡਾ (ਸੰਜੀਵ ਤੇਜਪਾਲ):
‘ਪੰਜਾਬ ਬੰਦ’ ਦੇ ਸੱਦੇ ’ਤੇ ਸ਼ਹਿਰ ਦੇ ਬਾਜ਼ਾਰ ਮੁਕੰਮਲ ਬੰਦ ਰਹੇ ਇਸ ਦੇ ਨਾਲ ਨਿੱਜੀ ਅਤੇ ਸਰਕਾਰੀ ਬੈਂਕ ਵੀ ਬੰਦ ਰਹੇ। ਸਰਕਾਰੀ ਅਦਾਰਿਆਂ ਵਿੱਚ ਵੀ ਬੰਦ ਵਰਗਾ ਮਾਹੌਲ ਬਣਿਆ ਰਿਹਾ ਕਿਉਂਕਿ ਜ਼ਿਆਦਾਤਰ ਕਰਮਚਾਰੀਆਂ ਨੇ ਛੁੱਟੀ ਲਈ ਹੋਈ ਸੀ ਅਤੇ ਕਈ ਕਰਮਚਾਰੀ ਚੰਡੀਗੜ੍ਹ-ਮੁਹਾਲੀ ਤੋਂ ਆਉਂਦੇ ਹਨ, ਉਹ ਵੀ ਰਾਹ ਵਿੱਚ ਹੀ ਜਾਮ ਵਿੱਚ ਫਸ ਗਏ। ਇੱਥੋਂ ਤੱਕ ਕਿ ਪਿੰਡਾਂ ਵਿੱਚ ਵੀ ਲੋਕਾਂ ਨੇ ਆਪ-ਮੁਹਾਰੇ ਆਪਣੇ ਟਰੈਕਟਰ ਟਰਾਲੀਆਂ ਲਗਾ ਕੇ ਕਿਸੇ ਨੂੰ ਵੀ ਲੰਘਣ ਨਹੀਂ ਦਿੱਤਾ। ਸੰਯੁਕਤ ਕਿਸਾਨ ਮੋਰਚੇ (ਗੈਰ ਰਾਜਨੀਤਿਕ) ਦੇ ਮੈਂਬਰਾਂ ਨੇ ਕਾਈਨੌਰ ਚੌਕ ਮੋਰਿੰਡਾ ਵਿੱਚ ਸਵੇਰ ਤੋਂ ਹੀ ਆਵਾਜਾਈ ਰੋਕ ਦਿੱਤੀ। ਇਸ ਤਰ੍ਹਾਂ ਪਿੰਡ ਸੰਘੋਲ ਵਿੱਚ ਵੀ ਮੁਕੰਮਲ ਬੰਦ ਰੱਖਿਆ ਗਿਆ।