ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕਾਂ ਦੀਆਂ ਸਮੱਸਿਆਵਾਂ

07:51 AM Oct 23, 2023 IST

ਕੈਨੇਡਾ ਨੇ ਭਾਰਤ ’ਚ ਸਫ਼ਾਰਤੀ ਅਹੁਦਿਆਂ ’ਤੇ ਕੰਮ ਕਰ ਰਹੇ ਆਪਣੇ 41 ਅਧਿਕਾਰੀ ਵਾਪਸ ਕੈਨੇਡਾ ਸੱਦ ਲਏ। ਭਾਰਤ ਤੇ ਕੈਨੇਡਾ ਵਿਚ ਸਫ਼ਾਰਤੀ ਟਕਰਾਅ ਉਦੋਂ ਸ਼ੁਰੂ ਹੋਇਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਨੇ ਕੈਨੇਡਾ ਵਿਚ ਇਕ ਸਿੱਖ ਵੱਖਵਾਦੀ ਆਗੂ ਦੀ ਹੱਤਿਆ ਨੂੰ ਲੈ ਕੇ ਕੈਨੇਡਾ ਦੀ ਸੰਸਦ ਦੇ ਹੇਠਲੇ ਸਦਨ ਵਿਚ ਇਤਰਾਜ਼ਯੋਗ ਬਿਆਨ ਦਿੱਤਾ। ਕੈਨੇਡਾ ਨੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਕੈਨੇਡਾ ਛੱਡ ਕੇ ਜਾਣ ਦਾ ਹੁਕਮ ਦਿੱਤਾ ਅਤੇ ਵਾਪਸੀ ਕਾਰਵਾਈ ਵਿਚ ਭਾਰਤ ਨੇ ਵੀ ਅਜਿਹਾ ਹੀ ਆਦੇਸ਼ ਦਿੱਤਾ। ਬਾਅਦ ’ਚ ਭਾਰਤ ਨੇ ਕੈਨੇਡਾ ਨੂੰ ਕਿਹਾ ਕਿ ਦੋਹਾਂ ਦੇਸ਼ਾਂ ਦੇ ਸਫ਼ਾਰਤਖਾਨਿਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਗਿਣਤੀ ’ਚ ਸਮਾਨਤਾ (Parity) ਹੋਣੀ ਚਾਹੀਦੀ ਹੈ; ਇਸ ਲਈ ਕੈਨੇਡਾ ਨੂੰ 41 ਅਧਿਕਾਰੀ ਤੇ ਕਰਮਚਾਰੀ ਘਟਾਉਣੇ ਪੈਣਗੇ।
ਚਾਹੀਦਾ ਤਾਂ ਇਹ ਸੀ ਕਿ ਦੋਹਾਂ ਦੇਸ਼ਾਂ ਵਿਚਕਾਰ ਹੋ ਰਹੇ ਇਸ ਸਫ਼ਾਰਤੀ ਤੇ ਕੂਟਨੀਤਕ ਟਕਰਾਅ ਨੂੰ ਵਧਣ ਨਾ ਦਿੱਤਾ ਜਾਂਦਾ ਪਰ ਹੋਇਆ ਇਸ ਦੇ ਉਲਟ ਹੈ। ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ੇ ਦੇਣ ’ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਦੇ ਲੋਕ ਇਸ ਨੂੰ ਲੈ ਕੇ ਵਧੇਰੇ ਫ਼ਿਕਰਮੰਦ ਹਨ। ਕੈਨੇਡਾ ਵਿਚ 7.7 ਲੱਖ ਦੇ ਕਰੀਬ ਪੰਜਾਬੀ ਮੂਲ ਦੇ ਨਾਗਰਿਕ ਅਤੇ ਪੱਕੀ ਰਿਹਾਇਸ਼ (permanent residence) ਦੇ ਹੱਕ ਰੱਖਣ ਵਾਲੇ, ਵਰਕ ਪਰਮਿਟਾਂ ’ਤੇ ਕੰਮ ਕਰਨ ਵਾਲੇ ਅਤੇ ਵਿਦਿਆਰਥੀ ਵੀ ਵੱਡੀ ਗਿਣਤੀ ਵਿਚ ਹਨ। ਕੈਨੇਡੀਅਨ ਨਾਗਰਿਕ ਬਣ ਚੁੱਕੇ ਪੰਜਾਬੀਆਂ ਦਾ ਅਜੇ ਵੀ ਪੰਜਾਬ ਨਾਲ ਗੂੜ੍ਹਾ ਸਬੰਧ ਹੈ। ਉਨ੍ਹਾਂ ਦੇ ਪਰਿਵਾਰ ਤੇ ਰਿਸ਼ਤੇਦਾਰ ਪੰਜਾਬ ਵਿਚ ਰਹਿੰਦੇ ਹਨ। ਲੱਖਾਂ ਪਰਿਵਾਰ ਪੰਜਾਬ ’ਚੋਂ ਰਿਸ਼ਤੇ ਲੱਭ ਕੇ ਆਪਣੇ ਧੀਆਂ-ਪੁੱਤਾਂ ਦੇ ਵਿਆਹ ਪੰਜਾਬ ਵਿਚ ਕਰਦੇ ਹਨ। ਇਸੇ ਤਰ੍ਹਾਂ ਉਹ ਖ਼ੁਸ਼ੀ-ਗ਼ਮੀ ਦੇ ਹੋਰ ਮੌਕਿਆਂ ’ਤੇ ਵੀ ਪੰਜਾਬ ਆਉਂਦੇ ਹਨ। ਉਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਭਾਰਤੀ ਵੀਜ਼ਾ ਉਦੋਂ ਹੀ ਲੈਂਦੇ ਹਨ ਜਦੋਂ ਲੋੜ ਪਵੇ ਕਿਉਂਕਿ ਸਾਰਿਆਂ ਨੇ ਆਪਣੇ ਭਾਰਤੀ ਮੂਲ ਦੇ ਹੋਣ ਬਾਰੇ ਪਛਾਣ ਪੱਤਰ ਜਨਿ੍ਹਾਂ ਨੂੰ ਪਹਿਲਾਂ ਭਾਰਤੀ ਮੂਲ ਦੇ ਵਿਅਕਤੀ (Persons of Indian Origin Cards) ਹੋਣ ਦੇ ਪਛਾਣ ਪੱਤਰ ਅਤੇ ਹੁਣ ਵਿਦੇਸ਼ੀ ਭਾਰਤੀ ਨਾਗਰਿਕ (Overseas Citizens of India) ਪਛਾਣ ਪੱਤਰ ਕਿਹਾ ਜਾਂਦਾ ਹੈ, ਨਹੀਂ ਬਣਾਏ। ਕੈਨੇਡਾ ਵਿਚ ਵੱਡੀ ਗਿਣਤੀ ਉਨ੍ਹਾਂ ਪੰਜਾਬੀਆਂ ਦੀ ਹੈ ਜਨਿ੍ਹਾਂ ਨੂੰ ਕੈਨੇਡਾ ਵਿਚ ਪੱਕੀ ਰਿਹਾਇਸ਼ ਦੇ ਹੱਕ ਮਿਲ ਚੁੱਕੇ ਹਨ ਅਤੇ ਉਨ੍ਹਾਂ ਨੇ ਕੈਨੇਡਾ ਦੀ ਨਾਗਰਿਕਤਾ ਲਈ ਬੇਨਤੀ ਪੱਤਰ ਦਿੱਤੇ ਹੋਏ ਹਨ; ਅਜਿਹੇ ਲੋਕ ਅਜੇ ਵੀ ਭਾਰਤੀ ਨਾਗਰਿਕ ਹਨ; ਉਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਸ਼ਾਦੀਸ਼ੁਦਾ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਹਨ; ਉਨ੍ਹਾਂ ਲਈ ਸਮੱਸਿਆ ਇਹ ਹੈ ਕਿ ਭਾਵੇਂ ਉਹ ਭਾਰਤੀ ਨਾਗਰਿਕ ਹਨ ਪਰ ਉਨ੍ਹਾਂ ਦੇ ਬੱਚੇ ਕੈਨੇਡਾ ਵਿਚ ਜਨਮੇ ਹੋਣ ਕਾਰਨ ਕੈਨੇਡੀਅਨ ਨਾਗਰਿਕ ਹਨ; ਬੱਚਿਆਂ ਦੇ ਓਸੀਆਈ ਕਾਰਡ ਬਣਨ ਵਿਚ ਦੇਰੀ ਹੋਣ ਦੀ ਸੰਭਾਵਨਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਤੋਂ ਵੱਡੀ ਗਿਣਤੀ ਵਿਚ ਵਿਦਿਆਰਥੀ ਕੈਨੇਡਾ ਪੜ੍ਹਾਈ ਲਈ ਜਾਂਦੇ ਰਹੇ ਹਨ। ਕੈਨੇਡਾ ਦੇ ਸਫ਼ਾਰਤਖਾਨਿਆਂ ਦੇ ਅਧਿਕਾਰੀਆਂ ਦੀ ਗਿਣਤੀ ਘਟਾਈ ਜਾਣ ਕਾਰਨ ਉੱਥੇ ਪੜ੍ਹਨ ਜਾਣ ਵਾਲਿਆਂ ਦੇ ਮਨਾਂ ਵਿਚ ਖ਼ਦਸ਼ਾ ਹੈ ਕਿ ਉਨ੍ਹਾਂ ਦੇ ਵੀਜ਼ੇ ਲੇਟ ਹੋਣਗੇ।
ਕੂਟਨੀਤਕ ਤੇ ਸਫ਼ਾਰਤੀ ਟਕਰਾਅ ਸਰਕਾਰਾਂ ਦੀ ਪੱਧਰ ’ਤੇ ਹਨ ਪਰ ਇਹ ਸਮੱਸਿਆਵਾਂ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਹਨ। ਇਨ੍ਹਾਂ ਦਾ ਹੱਲ ਲੱਭਿਆ ਜਾਣਾ ਚਾਹੀਦਾ ਹੈ। ਪੰਜਾਬ ਸਰਕਾਰ ਅਤੇ ਸੂਬੇ ਦੀਆਂ ਸਿਆਸੀ ਪਾਰਟੀਆਂ ਨੂੰ ਕੇਂਦਰ ਸਰਕਾਰ ਤੱਕ ਪਹੁੰਚ ਕਰਨੀ ਚਾਹੀਦੀ ਹੈ ਕਿ ਅਜਿਹੇ ਟਕਰਾਅ ਨੂੰ ਦੂਰ ਕਰ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣ। ਕੁਝ ਵੱਖਵਾਦੀ ਅਨਸਰਾਂ ਦੀਆਂ ਕਾਰਵਾਈਆਂ ਕਾਰਨ ਸਮੂਹਿਕ ਪਾਬੰਦੀਆਂ ਲਗਾਉਣੀਆਂ ਸਹੀ ਨਹੀਂ ਹਨ। ਇਹ ਸਪੱਸ਼ਟ ਹੈ ਕਿ ਕੈਨੇਡਾ ਵਿਚ ਰਹਿੰਦੇ ਪੰਜਾਬੀਆਂ ਅਤੇ ਸਿੱਖਾਂ ਦੀ ਵੱਡੀ ਗਿਣਤੀ ਵੱਖਵਾਦ ਜਾਂ ਖਾਲਿਸਤਾਨ ਦੀ ਹਮਾਇਤ ਨਹੀਂ ਕਰਦੀ; ਅਜਿਹਾ ਕਰਨ ਵਾਲਿਆਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਪੰਜਾਬ ਵਿਚ ਵੀ ਅਜਿਹੀ ਵਿਚਾਰਧਾਰਾ ਨੂੰ ਕੋਈ ਹਮਾਇਤ ਹਾਸਿਲ ਨਹੀਂ ਹੈ। ਅਜਿਹੇ ਹਾਲਾਤ ਵਿਚ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਜਿਹੇ ਕਦਮ ਚੁੱਕਣ ਦੀ ਜ਼ਰੂਰਤ ਹੈ ਜਨਿ੍ਹਾਂ ਨਾਲ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋਣ ਨਾ ਕਿ ਅਜਿਹੇ ਕਦਮ ਜੋ ਹਾਲਾਤ ਨੂੰ ਹੋਰ ਉਲਝਾ ਦੇਣ।

Advertisement

Advertisement