ਲੋਕ ਸਮੱਸਿਆਵਾਂ ਵਿਧਾਨ ਸਭਾ ਵਿੱਚ ਚੁੱਕਾਂਗੀ: ਸ਼ੈਲੀ ਚੌਧਰੀ
ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 13 ਅਕਤੂਬਰ
ਇੱਥੋਂ ਦੇ ਮਿਲਨ ਪੈਲੇਸ ਵਿੱਚ ਕਾਂਗਰਸ ਪਾਰਟੀ ਵਰਕਰਾਂ ਦਾ ਧੰਨਵਾਦ ਕਰਨ ਲਈ ਸਮਾਗਮ ਕਰਵਾਇਆ ਗਿਆ। ਇਸ ਵਿੱਚ ਨਵੇਂ ਚੁਣੇ ਗਏ ਵਿਧਾਇਕ ਸ਼ੈਲੀ ਚੌਧਰੀ ਅਤੇ ਕਾਰਜਕਾਰੀ ਪ੍ਰਧਾਨ ਰਾਮ ਕਿਸ਼ਨ ਗੁੱਜਰ ਨੇ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਵਿੱਚ ਉਠਾਉਣਗੇ ਅਤੇ ਉਨ੍ਹਾਂ ਦਾ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਨੇ ਉਨ੍ਹਾਂ ਨੂੰ ਦੂਜੀ ਵਾਰ ਸੱਤਾ ਵਿੱਚ ਲਿਆ ਕੇ ਜੋ ਪਿਆਰ ਦਿਖਾਇਆ ਹੈ, ਉਸ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਰਾਮ ਕਿਸ਼ਨ ਗੁੱਜਰ ਨੇ ਕਿਹਾ ਕਿ ਉਹ ਆਪਣੇ ਤੇ ਪਰਿਵਾਰ ਵੱਲੋਂ ਆਪ ਸਭ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਇੱਕ ਸਾਲ ਤੱਕ ਦੇਖਣਗੇ ਕਿ ਸਰਕਾਰ ਨਾਰਾਇਣਗੜ੍ਹ ਦੇ ਲੋਕਾਂ ਲਈ ਕੀ ਕਰਦੀ ਹੈ ਕਿਉਂਕਿ ਮੁੱਖ ਮੰਤਰੀ ਦੇ ਵੀ ਨਰਾਇਣਗੜ੍ਹ ਨਾਲ ਸਬੰਧ ਹਨ ਅਤੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਉਹ ਮਹੀਨੇ ਦੇ ਦੂਜੇ ਅਤੇ ਆਖਰੀ ਬੁੱਧਵਾਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਵਿਧਾਇਕ ਸ਼ੈਲੀ ਚੌਧਰੀ ਨੇ ਕਿਹਾ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਬਣੀ, ਜਿਸ ਕਾਰਨ ਲੋਕ ਨਿਰਾਸ਼ ਹਨ ਪਰ ਜੇ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਨਰਾਇਣਗੜ੍ਹ ਹਲਕੇ ਦੇ ਲੋਕਾਂ ਦਾ ਕਰਜ਼ਾ ਜ਼ਰੂਰ ਚੁਕਾਉਣਗੇ ਅਤੇ ਹਲਕੇ ਨੂੰ ਤਰੱਕੀ ਦੇ ਰਾਹ ’ਤੇ ਲਿਜਾਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਗੁਰਵਿੰਦਰ ਬਰਖੇੜੀ, ਦੇਸ਼ ਬੰਧੂ ਜਿੰਦਲ, ਅਮਿਤ ਵਾਲੀਆ, ਨਰਿੰਦਰ ਦੇਵ ਸ਼ਰਮਾ, ਜਤਿੰਦਰ ਅਬਦੁੱਲਾ, ਗੁਰਮੇਲ ਪੰਜੇਟੋ, ਰਵਿੰਦਰ ਬਰੌਲੀ, ਰਾਜੇਸ਼ ਲਾਡੀ ਹਾਜ਼ਰ ਸਨ।