ਨਾਟਕ ਸ੍ਰੰਗਹਿ ‘ਤਾਲਾਬੰਦੀ’ ਦਾ ਲੋਕ ਅਰਪਣ
ਸਮਰਾਲਾ, 9 ਸਤੰਬਰ
ਲੇਖਕ ਮੰਚ ਸਮਰਾਲਾ ਵੱਲੋਂ ਨਾਟਕਕਾਰ ਜਗਦੀਸ਼ ਖੰਨਾ (ਇਪਟਾ) ਦਾ ਨਾਟਕ ਸੰਗ੍ਰਹਿ ‘ਤਾਲਾਬੰਦੀ’ ਨਨਕਾਣਾ ਸਾਹਿਬ ਪਬਲਿਕ ਸਕੂਲ ਵਿੱਚ ਰਿਲੀਜ਼ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਭਾਸ਼ਾ ਵਿਗਿਆਨੀ ਅਤੇ ਨਾਟਕਕਾਰ ਅਮਰਜੀਤ ਗਰੇਵਾਲ, ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਸਵਰਨਜੀਤ ਸਵੀ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਲੇਖਕ ਡਾ. ਦਵਿੰਦਰ ਕੁਮਾਰ ਅਤੇ ਡਾ. ਹਰਪ੍ਰੀਤ ਸਿੰਘ ਡੀ.ਏ.ਵੀ. ਕਾਲਜ ਹੁਸ਼ਿਆਰਪੁਰ, ਐਡਵੋਕੇਟ ਪਰਮਜੀਤ ਸਿੰਘ ਖੰਨਾ, ਕਹਾਣੀਕਾਰ ਬਲਵਿੰਦਰ ਸਿੰਘ ਬੂਥਗੜ੍ਹ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਹੇਠ ਅਕਸ ਰੰਗਮੰਚ ਦੇ ਕਲਾਕਾਰਾਂ ਨੇ ਨਾਟਕ ‘ਤਾਲਾਬੰਦੀ’ ਅਤੇ ਨਾਟਕ ‘ਪਿੰਜਰਾ’ ਵਿੱਚੋਂ ਕੁਝ ਅੰਸ਼ ਪੇਸ਼ ਕੀਤੇ ਅਤੇ ਅਦਾਕਾਰਾ ਕਮਲਜੀਤ ਤੇ ਦੂਜੇ ਕਲਾਕਾਰਾਂ ਨੇ ਚੰਗੀ ਛਾਪ ਛੱਡੀ। ਮੰਚ ਦੇ ਜਨਰਲ ਸਕੱਤਰ ਹਰਬੰਸ ਮਾਲਵਾ ਨੇ ਗੀਤ ‘ਇੱਕ ਪੱਖ ਮੇਰਾ ਟੀ.ਵੀ. ’ਤੇ ਹੈ’ ਪੇਸ਼ ਕੀਤਾ। ਇਸ ਉਪਰੰਤ ਡਾ. ਦਵਿੰਦਰ ਕੁਮਾਰ, ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ੍ਹ ਨੇ ਪਰਚਾ ਪੇਸ਼ ਕੀਤਾ ਅਤੇ ‘ਤਾਲਾਬੰਦੀ’ ਪੁਸਤਕ ਨੂੰ ਸਫ਼ਲ ਨਾਟ-ਸੰਗ੍ਰਹਿ ਕਿਹਾ। ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਨਾਟਕ ਇਤਿਹਾਸਕ ਨਾਟਕ ਹੈ।