For the best experience, open
https://m.punjabitribuneonline.com
on your mobile browser.
Advertisement

ਨਸ਼ਿਆਂ ਦੇ ਖ਼ਾਤਮੇ ਲਈ ਲੋਕ ਲਹਿਰ ਚਲਾਈ ਜਾਵੇਗੀ: ਕਟਾਰੀਆ

06:55 AM Dec 12, 2024 IST
ਨਸ਼ਿਆਂ ਦੇ ਖ਼ਾਤਮੇ ਲਈ ਲੋਕ ਲਹਿਰ ਚਲਾਈ ਜਾਵੇਗੀ  ਕਟਾਰੀਆ
ਪੈਦਲ ਯਾਤਰਾ ਵਿੱਚ ਸ਼ਾਮਲ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਹੋਰ। -ਫੋਟੋਆਂ: ਸਰਬਜੀਤ ਸਿੰਘ
Advertisement

ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 11 ਦਸੰਬਰ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ‘ਨਸ਼ਾ ਮੁਕਤ-ਰੰਗਲਾ ਪੰਜਾਬ’ ਮੁਹਿੰਮ ਤਹਿਤ ਕੀਤੀ ਪੈਦਲ ਯਾਤਰਾ ਵਿੱਚ ਵੱਡੀ ਗਿਣਤੀ ਔਰਤਾਂ, ਮੁਟਿਆਰਾਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਰੰਗਲੇ ਪੰਜਾਬ ਦੀ ਸਿਰਜਣਾ ਲਈ ਸ਼ੁਭ ਸੰਕੇਤ ਹੈ। ਰਾਜਪਾਲ ਕਟਾਰੀਆ ਅੱਜ ‘ਨਸ਼ਾ ਮੁਕਤ-ਰੰਗਲਾ ਪੰਜਾਬ’ ਮੁਹਿੰਮ ਤਹਿਤ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ ਦੇ ਦੂਜੇ ਤੇ ਆਖ਼ਰੀ ਦਿਨ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸਮਾਪਤੀ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਮੂਹ ਲੋਕਾਂ ਨੂੰ ਜੋੜ ਕੇ ਲੋਕ ਲਹਿਰ ਖੜ੍ਹੀ ਕੀਤੀ ਜਾਵੇਗੀ। ਪਿੰਡ ਭੱਠੇ ਚੱਲ ਕੇ ਇਹ ਯਾਤਰਾ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸਮਾਪਤੀ ਹੋਈ।
ਸ੍ਰੀ ਕਟਾਰੀਆ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ ਅਤੇ ਸ਼ਹੀਦਾਂ ਦੀ ਧਰਤੀ ਹੈ ਜਿਨ੍ਹਾਂ ਸੂਬੇ, ਦੇਸ਼ ਅਤੇ ਕੌਮ ਲਈ ਕੁਰਬਾਨੀਆਂ ਦਿੱਤੀਆਂ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਅਤੇ ਪੰਜਾਬ ਦੀ ਅਮੀਰ ਵਿਰਾਸਤ ਦੀ ਬਹਾਲੀ ਲਈ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਇਸ ਅਲਾਮਤ ’ਤੇ ਕਾਬੂ ਪਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਔਰਤਾਂ ਸਮਾਜ ਵਿੱਚ ਅਹਿਮ ਸਥਾਨ ਰੱਖਦੀਆਂ ਹਨ।

Advertisement

ਫੌਜਾ ਸਿੰਘ ਦਾ ਸਨਮਾਨ ਕਰਦੇ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ। ਫੌਜਾ ਸਿੰਘ (113) ਨੇ ਬੀਤੇ ਦਿਨ ਪੈਦਲ ਮਾਰਚ ’ਚ ਹਿੱਸਾ ਲਿਆ ਸੀ।

ਉਨ੍ਹਾਂ ਕਿਹਾ ਕਿ ਨਸ਼ੇ ਵਿਰੁੱਧ ਜੰਗ ਨੂੰ ਸਿਰਫ਼ ਸਰਕਾਰਾਂ ਦੀਆਂ ਕੋਸ਼ਿਸ਼ਾਂ ਤੱਕ ਹੀ ਸੀਮਤ ਨਹੀਂ ਕੀਤਾ ਜਾ ਸਕਦਾ ਸਗੋਂ ਜਦੋਂ ਲੋਕ ਆਪਸੀ ਸਮਝ ਅਤੇ ਜ਼ਿੰਮੇਵਾਰੀ ਨਾਲ ਇਸ ਲੜਾਈ ਵਿੱਚ ਸ਼ਾਮਲ ਹੁੰਦੇ ਹਨ ਸਫ਼ਲਤਾ ਯਕੀਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਪਰ ਆਉਣ ਵਾਲੀਆਂ ਪੀੜ੍ਹੀਆਂ ਲਈ ਨਸ਼ਾ ਮੁਕਤ ਭਵਿੱਖ ਸਿਰਜਣ ਵਾਸਤੇ ਸਾਨੂੰ ਸਭ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਰਾਜਪਾਲ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਜਲਦ ਹੀ ਅੰਤਰ-ਧਰਮ ਸੰਵਾਦ ਕਰਵਾਇਆ ਜਾਵੇਗਾ। ਸੂਬੇ ਦੀ ਅਮੀਰ ਵਿਰਾਸਤ ਅਤੇ ਸਿਰੜੀ ਤੇ ਉੱਦਮੀ ਲੋਕਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਕਟਾਰੀਆ ਨੇ ਕਿਹਾ ਕਿ ਆਜ਼ਾਦੀ ਸੰਗਰਾਮ ਅਤੇ ਹਰੇ ਇਨਕਲਾਬ ਵਿੱਚ ਪੰਜਾਬ ਦਾ ਮੋਹਰੀ ਰੋਲ ਰਿਹਾ ਹੈ ਅਤੇ ਨਸ਼ਿਆਂ ਨੂੰ ਠੱਲ੍ਹ ਪਾ ਕੇ ਸੂਬਾ ਜਿਥੇ ਦੇਸ਼ ਵਿੱਚ ਹੋਰ ਤਾਕਤਵਰ ਬਣ ਕੇ ਉੱਭਰ ਸਕਦਾ। ਯਾਤਰਾ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦਾ ਰਾਜਪਾਲ ਵੱਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਦੌੜਾਕ ਫੌਜਾ ਸਿੰਘ ਦਾ ਸਨਮਾਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਕਰੀਬ 113 ਸਾਲ ਦੀ ਉਮਰ ਵਿੱਚ ਨਸ਼ਿਆਂ ਖਿਲਾਫ਼ ਜੰਗ ਵਿੱਚ ਨਿੱਤਰ ਕੇ ਮਿਸਾਲ ਪੈਦਾ ਕੀਤੀ ਹੈ। ਇਸ ਦੌਰਾਨ ਉਨ੍ਹਾਂ ਫੌਜਾ ਸਿੰਘ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਤੇ ਲੇਖਕ ਖੁਸ਼ਵੰਤ ਸਿੰਘ ਦਾ ਸਨਮਾਨ ਕੀਤਾ।
ਇਸ ਪੈਦਲ ਯਾਤਰਾ ਵਿੱਚ ਸਕੱਤਰ ਰੈੱਡ ਕਰਾਸ ਸੁਸਾਇਟੀ ਪੰਜਾਬ ਸ਼ਿਵ ਦੁਲਾਰ ਸਿੰਘ ਢਿੱਲੋਂ, ਡਾਇਰੈਕਟਰ ਐੱਮਐੱਚਏ (ਸੈਂਸਜ਼ ਐਂਡ ਸਿਟੀਜ਼ਨਸ਼ਿਪ) ਲਲਿਤ ਜੈਨ, ਲੇਖਕ ਖੁਸ਼ਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਮੇਜਰ ਡਾ. ਅਮਿਤ ਮਹਾਜਨ, ਐੱਸਡੀਐੱਮ ਬਲਬੀਰ ਰਾਜ ਸਿੰਘ ਤੋਂ ਇਲਾਵਾ ਪਿੰਡਾਂ ਦੀਆਂ ਪੰਚਾਇਤਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement