ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਡਾਨੀ ਦੇ ਖਾਤਿਆਂ ’ਚ ਸੁਨਾਮੀ ਵਾਂਗ ਜਾ ਰਿਹੈ ਲੋਕਾਂ ਦਾ ਪੈਸਾ: ਰਾਹੁਲ

06:52 AM Oct 01, 2024 IST
ਨਰਾਇਣਗੜ੍ਹ ਵਿਚ ਜਨ ਸਭਾ ਦੌਰਾਨ ਭੁਪਿੰਦਰ ਸਿੰਘ ਹੁੱਡਾ ਤੇ ਕੁਮਾਰੀ ਸ਼ੈਲਜਾ ਦੇ ਹੱਥ ਮਿਲਵਾਉਂਦੇ ਹੋਏ ਰਾਹੁਲ ਗਾਂਧੀ। -ਫੋਟੋ: ਏਐੱਨਆਈ

* ਹਾਲੀਆ ਅਮਰੀਕਾ ਫੇਰੀ ਦੌਰਾਨ ਹਰਿਆਣਾ ਦੇ ਨੌਜਵਾਨਾਂ ਨਾਲ ਮੁਲਾਕਾਤਾਂ ਦਾ ਕੀਤਾ ਜ਼ਿਕਰ

Advertisement

ਫਰਿੰਦਰਪਾਲ ਗੁਲਿਆਣੀ
ਨਰਾਇਣਗੜ੍ਹ, 30 ਸਤੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਨਰਿੰਦਰ ਮੋਦੀ ਸਰਕਾਰ ’ਤੇ ਸਨਅਤੀ ਘਰਾਣਿਆਂ ਲਈ ਕੰਮ ਕਰਨ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਗੌਤਮ ਅਡਾਨੀ ਦੇ ਬੈਂਕ ਖਾਤਿਆਂ ਵਿੱਚ ਪੈਸਾ ਸੁਨਾਮੀ ਵਾਂਗ ਜਾ ਰਿਹਾ ਹੈ, ਜਦਕਿ ਆਮ ਲੋਕਾਂ ਦੀਆਂ ਜੇਬਾਂ ਵਿੱਚੋਂ ਪੈਸਾ ਤੂਫ਼ਾਨ ਵਾਂਗ ਨਿਕਲ ਰਿਹਾ ਹੈ। ਗਾਂਧੀ ਅੰਬਾਲਾ ਜ਼ਿਲ੍ਹੇ ਵਿੱਚ ਨਰਾਇਣਗੜ੍ਹ ਦੇ ਹੁੱਡਾ ਗਰਾਊਂਡ ਵਿੱਚ ਕਾਂਗਰਸ ਦੀ ‘ਵਿਜੈ ਸੰਕਲਪ’ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੜਾਈ ਕਾਂਗਰਸ ਅਤੇ ਭਾਜਪਾ ਤੇ ਉਸ ਦੀ ਵਿਚਾਰਧਾਰਾ ਦਰਮਿਆਨ ਹੈ।
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਭਾਜਪਾ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਸਰਕਾਰ ਵੱਡੇ ਉਦਯੋਗਪਤੀਆਂ ਦੀ ਹੈ। ਉਨ੍ਹਾਂ ਕਿਹਾ, ‘ਹਰਿਆਣਾ ਵਿੱਚ ਅਜਿਹੀ ਸਰਕਾਰ ਨਹੀਂ ਚਾਹੀਦੀ, ਸਗੋਂ ਕਿਸਾਨਾਂ, ਮਜ਼ਦੂਰਾਂ ਅਤੇ ਗ਼ਰੀਬਾਂ ਦੀ ਸਰਕਾਰ ਚਾਹੀਦੀ ਹੈ।’ ਆਪਣੀ ਹਾਲੀਆ ਅਮਰੀਕਾ ਫੇਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਥੇ ਹਰਿਆਣਾ ਦੇ ਕੁਝ ਪਰਵਾਸੀਆਂ ਨਾਲ ਮੁਲਾਕਾਤ ਕੀਤੀ, ਜੋ ਬਿਹਤਰ ਭਵਿੱਖ ਦੀ ਤਲਾਸ਼ ਵਿੱਚ 50-50 ਲੱਖ ਰੁਪਏ ਖਰਚ ਕੇ ਉੱਥੇ ਪਹੁੰਚੇ ਸਨ ਕਿਉਂਕਿ ਉਨ੍ਹਾਂ ਨੂੰ ਆਪਣੇ ਪਿਤਰੀ ਸੂਬੇ ਵਿੱਚ ਰੁਜ਼ਗਾਰ ਦੇ ਮੌਕੇ ਨਹੀਂ ਮਿਲ ਰਹੇ।
ਗਾਂਧੀ ਨੇ ਕਿਹਾ ਕਿ ਇਹ ਦੇਖਣਾ ਅਹਿਮ ਹੈ ਕਿ ਕਿੰਨਾ ਪੈਸਾ ਗ਼ਰੀਬ ਅਤੇ ਆਮ ਲੋਕਾਂ ਦੀਆਂ ਜੇਬਾਂ ਵਿੱਚ ਆ ਰਿਹਾ ਹੈ ਅਤੇ ਕਿੰਨਾ ਬਾਹਰ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਅਡਾਨੀ ਜੀ ਬਾਰੇ ਸੋਚੋ। ਉਹ ਸਵੇਰੇ ਉੱਠਦੇ ਹਨ, ਖੇਤਾਂ ਵਿੱਚ ਕੰਮ ਨਹੀਂ ਕਰਦੇ, ਹਲ਼ ਨਹੀਂ ਚਲਾਉਂਦੇ, ਛੋਟਾ-ਮੋਟਾ ਕੰਮ ਨਹੀਂ ਕਰਦੇ, ਚੰਗਾ ਖਾਣਾ ਖਾਂਦੇ ਹਨ, ਆਲੀਸ਼ਾਨ ਘਰ ਵਿੱਚ ਰਹਿੰਦੇ ਹਨ ਅਤੇ 24 ਘੰਟੇ, ਉਨ੍ਹਾਂ ਦੇ ਬੈਂਕ ਖਾਤੇ ਵਿੱਚ ਬਿਨਾਂ ਰੁਕੇ ਪੈਸੇ ਆਉਂਦੇ ਰਹਿੰਦੇ ਹਨ। ਜਿਵੇਂ ਸੁਨਾਮੀ ਆਉਂਦੀ ਹੈ, ਇਵੇਂ ਹੀ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਪੈਸੇ ਆਉਂਦੇ ਰਹਿੰਦੇ ਹਨ, ਜਦਕਿ ਆਮ ਲੋਕਾਂ ਦੇ ਬੈਂਕ ਖਾਤਿਆਂ ’ਚੋਂ ਪੈਸਾ ਤੂਫਾਨ ਵਾਂਗ ਬਾਹਰ ਜਾ ਰਿਹਾ ਹੈ।’’ ਰਾਹੁਲ ਨੇ ਦਾਅਵਾ ਕੀਤਾ ਕਿ ਕਾਂਗਰਸ ਕਿਸਾਨਾਂ, ਗ਼ਰੀਬਾਂ ਅਤੇ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਕਰਦੀ ਹੈ, ਜਦਕਿ ਭਾਜਪਾ ਵੱਡੇ ਸਨਅਤੀ ਘਰਾਣਿਆਂ ਨੂੰ ਲਾਭ ਪਹੁੰਚਾਉਂਦੀ ਹੈ। ਰੈਲੀ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸੰਸਦ ਮੈਂਬਰ ਕੁਮਾਰੀ ਸ਼ੈਲਜਾ, ਪਾਰਟੀ ਦੇ ਸੂਬਾ ਪ੍ਰਧਾਨ ਉਦੈ ਭਾਨ, ਕਾਰਜਕਾਰੀ ਪ੍ਰਧਾਨ ਰਾਮ ਕਿਸ਼ਨ ਗੁੱਜਰ ਅਤੇ ਨਰਾਇਣਗੜ੍ਹ ਵਿਧਾਨ ਸਭਾ ਤੋਂ ਉਮੀਦਵਾਰ ਸ਼ੈਲੀ ਚੌਧਰੀ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਮੌਜੂਦ ਸਨ।

ਰਾਹੁਲ ਨੇ ਰੈਲੀ ਦੌਰਾਨ ਹੁੱਡਾ ਅਤੇ ਸ਼ੈਲਜਾ ਦੇ ਮਿਲਾਏ ਹੱਥ

ਚੰਡੀਗੜ੍ਹ (ਆਤਿਸ਼ ਗੁਪਤਾ):

Advertisement

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਹਿਸਾਰ ਤੋਂ ਲੋਕ ਸਭਾ ਮੈਂਬਰ ਕੁਮਾਰੀ ਸ਼ੈਲਜਾ ਵਿਚਾਲੇ ਸਾਰੇ ਗ਼ਿਲੇ ਸ਼ਿਕਵੇ ਦੂਰ ਕਰਦਿਆਂ ਦੋਵਾਂ ਆਗੂਆਂ ਦੇ ਹੱਥ ਮਿਲਾ ਦਿੱਤੇ ਹਨ। ਰਾਹੁਲ ਗਾਂਧੀ ਨੇ ਪ੍ਰਿਯੰਕਾ ਗਾਂਧੀ ਵਾਡਰਾ ਦੀ ਮੌਜੂਦਗੀ ਵਿੱਚ ਅੱਜ ਵਿਧਾਨ ਸਭਾ ਹਲਕਾ ਨਾਰਾਇਣਗੜ੍ਹ ਵਿਚ ‘ਹਰਿਆਣਾ ਵਿਜੈ ਸੰਕਲਪ ਯਾਤਰਾ’ ਸ਼ੁਰੂ ਕਰਨ ਤੋਂ ਪਹਿਲਾਂ ਜਨ ਸਭਾ ਵਿੱਚ ਹੁੱਡਾ ਅਤੇ ਸ਼ੈਲਜਾ ਨੂੰ ਇਕ ਮੰਚ ’ਤੇ ਇਕੱਠਾ ਕੀਤਾ। ਉਸ ਤੋਂ ਬਾਅਦ ਦੋਵਾਂ ਆਗੂਆਂ ਦੇ ਹੱਥ ਮਿਲਾ ਕੇ ਹਰਿਆਣਾ ਵਿੱਚ ਕਾਂਗਰਸੀ ਵਰਕਰਾਂ ਨੂੰ ਇਕਜੁੱਟਤਾ ਦਾ ਸੁਨੇਹਾ ਦਿੱਤਾ। ਹਾਲਾਂਕਿ ਨਾਰਾਇਣਗੜ੍ਹ ਵਿੱਚ ਜਨ ਸਭਾ ਦੌਰਾਨ ਦੋਵੇਂ ਆਗੂ ਰਾਹੁਲ ਗਾਂਧੀ ਦੀ ਇਸ ਪੇਸ਼ਕਦਮੀ ਤੋਂ ਹੈਰਾਨ ਦਿਸੇ। ਕੁਮਾਰੀ ਸ਼ੈਲਜਾ ਨੇ ਤਾਂ ਇਕ ਵਾਰ ਆਪਣਾ ਮੂੰਹ ਵੀ ਦੂਜੇ ਪਾਸੇ ਕਰ ਲਿਆ ਸੀ। ਸਾਫ਼ ਸੀ ਕਿ ਦੋਵਾਂ ਆਗੂਆਂ ਦੇ ਹੱਥ ਤਾਂ ਮਿਲਾ ਗਏ, ਪਰ ਦਿਲ ਨਹੀਂ ਮਿਲਾ ਸਕੇ। ਸ਼ੈਲਜਾ ਪਿਛਲੇ ਕੁਝ ਦਿਨਾਂ ਤੋਂ ਹਰਿਆਣਾ ’ਚ ਵੱਖ-ਵੱਖ ਵਿਧਾਨ ਸਭਾ ਸੀਟਾਂ ’ਤੇ ਪਹੁੰਚ ਕੇ ਕਾਂਗਰਸੀ ਉਮੀਦਵਾਰਾਂ ਦੀ ਹਮਾਇਤ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਹਰਿਆਣਾ ਦੇ ਮੁੱਖ ਮੰਤਰੀ ਦੀ ਕੁਰਸੀ ’ਤੇ ਦਾਅਵਾ ਪੇਸ਼ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਹਰਿਆਣਾ ਵਿੱਚ ਅਨੁਸੂਚਿਤ ਜਾਤੀ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ। ਕੁਮਾਰੀ ਸ਼ੈਲਜਾ ਦੇ ਇਸ ਦਾਅਵੇ ਤੋਂ ਭੁਪਿੰਦਰ ਸਿੰਘ ਹੁੱਡਾ ਤੇ ਉਨ੍ਹਾਂ ਦੇ ਹਮਾਇਤੀ ਨਾਰਾਜ਼ ਹੋ ਗਏ ਸਨ। ਪਾਰਟੀ ਹਾਈਕਮਾਂਡ ਨੇ ਹਾਲਾਂਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਾ ਕਰਨ ਦਾ ਫੈਸਲਾ ਕੀਤਾ ਸੀ। ਟਿਕਟਾ ਦੀ ਵੰਡ ਸਮੇਂ ਨਜ਼ਰਅੰਦਾਜ਼ ਕਰਕੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਤਰਜੀਹ ਦਿੱਤੇ ਜਾਣ ਕਰਕੇ ਵੀ ਕੁਮਾਰੀ ਸ਼ੈਲਜਾ ਪਾਰਟੀ ਤੋਂ ਨਾਰਾਜ਼ ਸੀ।

ਸੰਵਿਧਾਨ ਬਦਲਣ ਦੀ ਗੱਲ ਕਰਨ ਵਾਲਿਆਂ ਨੂੰ ਬਦਲ ਦਿਓ: ਪ੍ਰਿਯੰਕਾ

ਰੈਲੀ ਦੌਰਾਨ ਕੁਮਾਰੀ ਸ਼ੈਲਜਾ ਮੰਚ ’ਤੇ ਪ੍ਰਿਯੰਕਾ ਗਾਂਧੀ ਨਾਲ ਕੋਈ ਨੁਕਤਾ ਸਾਂਝਾ ਕਰਦੀ ਹੋਈ। -ਫੋਟੋ: ਪੀਟੀਆਈ

ਨਰਾਇਣਗੜ੍ਹ (ਪੱਤਰ ਪ੍ਰੇਰਕ):

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਹਰਿਆਣਾ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੂਬੇ ਦੇ ਲੋਕ ਉਨ੍ਹਾਂ ਨੂੰ ਬਦਲ ਦੇਣ ਜੋ ਸੰਵਿਧਾਨ ਬਦਲਣ ਦੀ ਗੱਲ ਕਰਦੇ ਹਨ ਅਤੇ ਹਰ ਪੱਧਰ ’ਤੇ ਉਨ੍ਹਾਂ ਦਾ ਅਪਮਾਨ ਕਰਦੇ ਹਨ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਰੈਲੀ ਕਰਨ ਪੁੱਜੀ ਪਿ੍ਯੰਕਾ ਨੇ ਨਾਲ ਹੀ ਕਿਹਾ ਕਿ ਸੂਬੇ ਦੇ ਲੋਕਾਂ ਨੇ ਹਮੇਸ਼ਾ ਦੇਸ਼ ਦੀ ਰੱਖਿਆ ਕੀਤੀ ਹੈ। ਉਨ੍ਹਾਂ ਕਿਹਾ, ‘ਇੱਥੋਂ ਦੇ ਕਿਸਾਨਾਂ, ਫੌਜੀਆਂ ਅਤੇ ਖਿਡਾਰੀਆਂ ਨੇ ਪੂਰੇ ਦੇਸ਼ ਦਾ ਸਨਮਾਨ ਬਰਕਰਾਰ ਰੱਖਿਆ ਹੈ। ਦੇਸ਼ ਦੇ ਹਿੱਤਾਂ ਦਾ ਸਤਿਕਾਰ ਤੇ ਰੱਖਿਆ ਕੀਤੀ ਹੈ। ਭਾਜਪਾ ਪਿਛਲੇ ਦਸ ਸਾਲਾਂ ਤੋਂ ਹਰਿਆਣਾ ਵਿੱਚ ਸੱਤਾ ਵਿੱਚ ਹੈ। ਉਨ੍ਹਾਂ ਨੇ ਇਸ ਸਨਮਾਨ ਦੀ ਰਾਖੀ ਬਦਲੇ ਤੁਹਾਨੂੰ ਕੀ ਦਿੱਤਾ? ਭਾਜਪਾ ਨੇ ਹਰ ਪੱਧਰ ’ਤੇ ਤੁਹਾਡਾ ਅਪਮਾਨ ਕੀਤਾ ਹੈ। ਕਿਸਾਨਾਂ ਨੂੰ ਉਨ੍ਹਾਂ ਦੇ ਅੰਦੋਲਨ ਬਦਲੇ ਲਾਠੀਆਂ ਅਤੇ ਅੱਥਰੂ ਗੈਸ ਦੇ ਗੋਲੇ ਮਿਲੇ ਹਨ।’’

Advertisement