For the best experience, open
https://m.punjabitribuneonline.com
on your mobile browser.
Advertisement

ਨਸ਼ਾ ਤਸਕਰਾਂ ਖਿ਼ਲਾਫ਼ ਲੋਕ ਲਾਮਬੰਦੀ

08:43 AM Sep 16, 2023 IST
ਨਸ਼ਾ ਤਸਕਰਾਂ ਖਿ਼ਲਾਫ਼ ਲੋਕ ਲਾਮਬੰਦੀ
Advertisement

ਮੋਹਨ ਸ਼ਰਮਾ

ਪੰਜਾਬ ਇਸ ਸਮੇਂ ਬਹੁ-ਪਰਤੀ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਕਿਸਾਨੀ ਸੰਕਟ, ਬੇਰੁਜ਼ਗਾਰੀ, ਪਰਵਾਸ, ਰਿਸ਼ਵਤਖੋਰੀ, ਮਹਿੰਗਾਈ ਦੇ ਨਾਲ ਨਾਲ ਨਸ਼ਿਆਂ ਨੇ ਪੰਜਾਬੀਆਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਓਂ ਪਤਲੀ ਕਰ ਦਿੱਤੀ ਹੈ। 2 ਅਗਸਤ 2023 ਨੂੰ ਪਾਰਲੀਮੈਂਟ ਦੀ ਸਥਾਈ ਕਮੇਟੀ ਨੇ ਪੰਜਾਬ ਵਿਚ ਨਸ਼ਿਆਂ ਦੀ ਮਾਰ ਸਬੰਧੀ ਜੋ ਰਿਪੋਰਟ ਪੇਸ਼ ਕੀਤੀ, ਉਸ ਨੇ ਪੰਜਾਬੀਆਂ ਦੇ ਭਵਿੱਖ ’ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਸੁੰਨ ਕਰ ਦੇਣ ਵਾਲੀ ਰਿਪੋਰਟ ਵਿਚ ਪ੍ਰਗਟਾਵਾ ਕੀਤਾ ਗਿਆ ਕਿ 10-17 ਸਾਲਾਂ ਦੀ ਉਮਰ ਵਰਗ ਦੇ ਅੰਦਾਜ਼ਨ ਸੱਤ ਲੱਖ ਲੜਕੇ ਨਸ਼ੇ ਦੀ ਬੁਰੀ ਤਰ੍ਹਾਂ ਲਪੇਟ ਵਿਚ ਆ ਗਏ ਹਨ ਅਤੇ 66 ਲੱਖ ਤੋਂ ਜ਼ਿਆਦਾ ਸ਼ਖ਼ਸ ਵੱਖ ਵੱਖ ਨਸ਼ਿਆਂ ਦੀ ਵਰਤੋਂ ਕਰਦੇ ਹੋਏ ਮਾਨਸਿਕ, ਸਰੀਰਕ, ਆਰਥਿਕ ਅਤੇ ਬੌਧਿਕ ਤੌਰ ’ਤੇ ਖੁੰਘਲ ਹੋ ਰਹੇ ਹਨ। ਹਰ ਰੋਜ਼ 144 ਅਪਰਾਧਕ ਮਾਮਲੇ, ਦੋ ਕਾਤਲਾਨਾ ਹਮਲੇ, ਵੀਹ ਚੋਰੀ ਦੀਆਂ ਵਾਰਦਾਤਾਂ, ਦੋ ਦਿਨਾਂ ਵਿਚ ਪੰਜ ਔਰਤਾਂ ਦਾ ਬਲਾਤਕਾਰ, ਚੇਨ ਝਪਟਮਾਰੀ, ਗੈਂਗਵਾਰਾਂ ਵੱਲੋਂ ਦਿਨ ਦਿਹਾੜੇ ਕਤਲ ਕਰਨ ਦੀਆਂ ਧਮਕੀਆਂ ਦੇ ਨਾਲ ਨਾਲ ਉਨ੍ਹਾਂ ਨੂੰ ਸਮੇਂ ਸਮੇਂ ਸਿਰ ਅਮਲੀ ਜਾਮਾ ਦੇਣ ਦੇ ਨਾਲ ਨਾਲ ਥਾਣਿਆਂ ਦੇ ਰੋਜ਼ਨਾਮਚੇ ਭਰੇ ਜਾ ਰਹੇ ਹਨ। ਪੰਜਾਬੀਆਂ ਅੰਦਰ ਖੌਫ਼ ਦੀਆਂ ਦੀਵਾਰਾਂ ਉਸਰਨ ਦੇ ਨਾਲ ਨਾਲ ਸਿਵਿਆਂ ਦੀ ਅੱਗ ਹੋਰ ਪ੍ਰਚੰਡ ਹੋਣ ਨਾਲ ਹਰ ਪੰਜਾਬੀ ਬੇਵਸੀ ਦੀ ਹਾਲਤ ਵਿਚ ਕਦੇ ਘਰ ਅੰਦਰ ਪਸਰੇ ਸੰਨਾਟੇ ਕਾਰਨ ਅਸਮਾਨ ਵੱਲ ਦੇਖ ਲੈਂਦਾ ਹੈ, ਕਦੇ ਘੁਣ ਖਾਧੀਆਂ ਛੱਤਾਂ ਵੱਲ, ਕਦੇ ਹੱਡੀਆਂ ਦੀ ਮੁੱਠ ਬਣੀ ਪਤਨੀ ਵੱਲ ਅਤੇ ਕਦੇ ਰੀਝਾਂ ਤੇ ਛਿਕਲੀ ਪਾਈ ਧੀਆਂ ਵੱਲ। ਚੁੱਲ੍ਹਾ ਬਾਲਣ ਲਈ ਲੋੜੀਂਦਾ ਸਮਾਨ ਲਿਆਉਣ ਵਾਸਤੇ ਇੱਕਠੇ ਕੀਤੇ ਪੈਸੇ ਇਕਲੌਤਾ ਪੁੱਤ ਖੌਰੂ ਪਾ ਕੇ ਧੱਕੇ ਨਾਲ ਨਸ਼ੇ ਡੱਫਣ ਲਈ ਲੈ ਜਾਂਦਾ ਹੈ ਅਤੇ ਸਾਰਾ ਪਰਿਵਾਰ ਰੋਜ਼ ਦੇ ਇਸ ਖਲਜਗਣ ਤੋਂ ਪੋਟਾ ਪੋਟਾ ਦੁਖੀ ਹੈ। ਇਹ ਕਹਾਣੀ ਇੱਕ ਘਰ ਦੀ ਨਹੀਂ। ਕਿਸੇ ਵਿਰਲੇ ਘਰ ਨੂੰ ਛੱਡ ਕੇ ਹਰ ਘਰ ਵਿਚ ਪੀੜਤ ਪਰਿਵਾਰ ਦਮ ਘੋਟੂ ਮਾਹੌਲ ਵਿਚ ਰਹਿ ਰਿਹਾ ਹੈ।
ਦੂਜੇ ਪਾਸੇ ਨਸ਼ਾ ਵੇਚਣ ਵਾਲਿਆਂ ਦੀ ਚੜ੍ਹ ਮੱਚੀ ਹੈ। ਮਹਿੰਗੀ ਕਾਰ, ਵੱਡੀ ਕੋਠੀ, ਉਂਗਲਾਂ ਵਿਚ ਸੋਨੇ ਦੀਆਂ ਪਾਈਆਂ ਛਾਪਾਂ, ਗਲ ਵਿਚ ਪਾਈ ਸੋਨੇ ਦੀ ਚੈਨੀ ਅਤੇ ਨੋਟਾਂ ਨਾਲ ਭਰੀ ਜੇਬ ਕਾਰਨ ਉਹ ਆਪਣੇ ਆਪ ਨੂੰ ਖੱਬੀ ਖਾਨ ਸਮਝਦੇ ਹਨ। ਸੱਥ ਵਿਚ ਨਿੰਮੋਝੂਣ ਬੈਠੇ ਬਜ਼ੁਰਗ ਅਤੇ ਘਰਾਂ ਦੀਆਂ ਦਿਹਲੀਆਂ ’ਤੇ ਬੁੱਤ ਜਿਹਾ ਬਣੀਆਂ ਔਰਤਾਂ ਕੋਲ ਦੀ ਜਦੋਂ ਉਨ੍ਹਾਂ ਦੀ ਕਾਰ ਗੁਜ਼ਰਦੀ ਹੈ ਤਾਂ ਉਹ ਕਚੀਚੀਆਂ ਜ਼ਰੂਰ ਵੱਟਦੀਆਂ ਹਨ ਪਰ ਨਸ਼ਾ ਵੇਚਣ ਵਾਲਿਆਂ ਦੀ ਥਾਣੇ ਅਤੇ ਅਸਰ ਰਸੂਖ ਵਾਲਿਆਂ ਨਾਲ ਪਹੁੰਚ ਕਰ ਕੇ ਉਹ ਹੌਕਾ ਭਰ ਕੇ ਸੋਚਦੀਆਂ ਹਨ, “ਖੋਟਾ ਸਿੱਕਾ ਆਪਣਾ, ਦੂਜਿਆਂ ਨੂੰ ਕੀ ਦੋਸ਼।” ਉਂਝ, ਲੋਕ ਇਨ੍ਹਾਂ ਮਲਿਕ ਭਾਗੋਆਂ ਪ੍ਰਤੀ ਨੱਕੋ-ਨੱਕ ਨਫ਼ਰਤ ਨਾਲ ਭਰੇ ਪਏ ਹਨ।
ਨਸ਼ਿਆਂ ਕਾਰਨ ਦੁਖੀ ਲੋਕ ਪਿੰਡ ਦੇ ਸਰਪੰਚ ਕੋਲ ਜਾਂਦੇ ਹਨ। ਸਰਪੰਚ ਪੰਚਾਂ ਨੂੰ ਨਾਲ ਲੈ ਕੇ ਥਾਣੇ ਵਿਚ ਜਾ ਕੇ ਪਿੰਡ ਵਿਚ ਨਸ਼ਾ ਵੇਚਣ ਵਾਲਿਆਂ ’ਤੇ ਸ਼ਿਕੰਜਾ ਕਸਣ ਲਈ ਕਹਿੰਦਾ ਹੈ ਪਰ ਉਨ੍ਹਾਂ ਦੀ ਗੱਲ ਖਾਨਾ ਪੂਰਤੀ ਤੱਕ ਸੀਮਤ ਰਹਿ ਜਾਂਦੀ ਹੈ। ਦਰਅਸਲ ਜਦੋਂ ਮਾਲੀ ਦਗ਼ਾਬਾਜ਼ ਹੋ ਜਾਣ ਤਾਂ ਮਹਿਕਾਂ ਦੀ ਪੱਤ ਰੁਲ ਜਾਂਦੀ ਹੈ; ਜਦੋਂ ਦਰਬਾਨਾਂ ਦੀ ਅੱਖ ਚੋਰਾਂ ਨਾਲ ਮਿਲ ਜਾਵੇ ਤਾਂ ਜਾਨ ਤੇ ਮਾਲ ਸੁਰੱਖਿਅਤ ਨਹੀਂ ਰਹਿੰਦੇ। ਪੁਲੀਸ ਦੀਆਂ ਬਹੁਤ ਸਾਰੀਆਂ ਕਾਲੀਆਂ ਭੇਡਾਂ ਕਾਰਨ ਪੰਚਾਇਤਾਂ ਅਤੇ ਲੋਕਾਂ ਦੀ ਨਸ਼ਿਆਂ ਵਿਰੁੱਧ ਦੁਹਾਈ ਦਾ ਕੋਈ ਅਸਰ ਨਹੀਂ ਹੋਇਆ ਤੇ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹੁੰਦੇ ਗਏ। ਚੋਣਾਂ ਸਮੇਂ ਸਿਆਸੀ ਆਗੂਆਂ ਦੇ ਕੀਤੇ ਵਾਅਦੇ ਅਤੇ ਦਾਅਵੇ ਵੀ ਖੋਖਲੇ ਹੀ ਸਾਬਤ ਹੋਏ। ਹਾਂ, ਕਦੇ ਕਦੇ ਸਿਆਸੀ ਆਗੂਆਂ ਦੇ ਬਿਆਨ, “ਨਸ਼ਾ ਕਰਨ ਵਾਲਿਆਂ ਨੂੰ ਬਖ਼ਸ਼ਾਂਗੇ ਨਹੀਂ, ਸਭ ਸਲਾਖਾਂ ਪਿੱਛੇ ਹੋਣਗੇ” ਜ਼ਰੂਰ ਸਾਹਮਣੇ ਆਉਂਦੇ ਰਹੇ।
ਆਖ਼ਰ ਅੱਕੇ ਹੋਏ ਲੋਕਾਂ ਨੇ ਆਪੋ-ਆਪਣੇ ਪਿੰਡਾਂ ਵਿਚ ਨਸ਼ਾ ਤਸਕਰਾਂ ਨੂੰ ਠੀਕ ਰਾਹ ’ਤੇ ਲਿਆਉਣ ਲਈ ਦ੍ਰਿੜ ਇਰਾਦਾ ਕਰ ਲਿਆ। ਪਿੰਡ ਦੇ ਅਗਾਂਹ ਵਧੂ ਨੌਜਵਾਨ, ਕਿਸਾਨ-ਮਜ਼ਦੂਰ ਜੱਥੇਬੰਦੀਆਂ ਅਤੇ ਪੰਚਾਇਤਾਂ ਨੇ ਆਪੋ-ਆਪਣੇ ਪਿੰਡ ਵਿਚ ਨਸ਼ਾ ਵਿਰੋਧੀ ਕਮੇਟੀਆਂ ਬਣਾ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਬੀੜਾ ਚੁੱਕ ਲਿਆ। ਅਜਿਹੀਆਂ ਨਸ਼ਾ ਵਿਰੋਧੀ ਕਮੇਟੀਆਂ ਹੋਂਦ ਵਿਚ ਆਉਣ ਦੇ ਸੰਕੇਤ ਉਸ ਸਮੇਂ ਹੀ ਸਾਹਮਣੇ ਆ ਗਏ ਸਨ ਜਦੋਂ 21 ਜੁਲਾਈ 2023 ਨੂੰ ਮਾਨਸਾ ਵਿਚ ਪੰਜਾਬ ਦੇ ਵੱਖ ਵੱਖ ਪਿੰਡਾਂ ਤੋਂ ਆਏ ਦਸ ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਨੇ ਸ਼ਰੇਆਮ ਨਸ਼ਾ ਤਸਕਰਾਂ ਅਤੇ ਪੁਲੀਸ ਦੀਆਂ ਬਹੁਤ ਸਾਰੀਆਂ ਕਾਲੀਆਂ ਭੇਡਾਂ ਦੀ ਮਿਲੀ ਭੁਗਤ ਦਾ ਖੁੱਲ੍ਹੇ ਤੌਰ ’ਤੇ ਪ੍ਰਗਟਾਵਾ ਕੀਤਾ; ਨਾਲ ਗਿਲਾ ਵੀ ਕੀਤਾ ਕਿ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਅਜਿਹਾ ਕੁਝ ਸੰਭਵ ਹੀ ਨਹੀਂ। ਨਸ਼ੇ ਵਿਰੁੱਧ ਬੁਲੰਦ ਆਵਾਜ਼ ਉਠਾਉਣ ਵਾਲੇ ਪਰਮਿੰਦਰ ਝੋਟਾ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਵੀ ਉਸ ਸਮੇਂ ਹੀ ਉਠਾਈ ਗਈ।
ਮਾਲਵੇ ਤੋਂ ਉੱਠੀ ਇਹ ਚੰਗਿਆੜੀ ਹੁਣ ਭਾਂਬੜ ਦੇ ਰੂਪ ਵਿਚ ਮਾਲਵੇ ਦੇ ਬਹੁਤ ਸਾਰੇ ਪਿੰਡਾਂ ਦੇ ਨਾਲ ਨਾਲ ਮਾਝੇ ਅਤੇ ਦੋਆਬੇ ਦੇ ਇਲਾਕੇ ਵਿਚ ਫੈਲ ਗਈ ਹੈ। ਨਸ਼ਿਆਂ ਵਿਰੁੱਧ ਇਸ ਲੜਾਈ ਵਿਚ ਪੰਜਾਬ ਦੀਆਂ ਮੁਟਿਆਰਾਂ ਅਤੇ ਔਰਤਾਂ ਵੀ ਕੁੱਦ ਪਈਆਂ ਹਨ। ਭਰੇ ਪੀਤੇ ਲੋਕਾਂ ਨੂੰ ਹੁਣ ਇੰਨੀ ਸੂਝ ਆ ਗਈ ਹੈ ਕਿ ਸਮਾਜਿਕ, ਆਰਥਿਕ, ਸਿਆਸੀ ਅਤੇ ਹੋਰ ਤਬਦੀਲੀਆਂ ਲੋਕਾਂ ਵੱਲੋਂ ਲਿਆਂਦੀਆਂ ਜਾਂਦੀਆਂ ਹਨ ਤੇ ਲੋਕਾਂ ਦਾ ਏਕਾ ਸਮਾਜਿਕ ਦਬਾਅ, ਨਾਮੋਸ਼ੀ ਅਤੇ ਪਹਿਰੇਦਾਰੀ, ਨਸ਼ੇ ਦੇ ਖ਼ਾਤਮੇ ਲਈ ਵਰਦਾਨ ਸਾਬਤ ਹੋਣਗੀਆਂ। ਉਨ੍ਹਾਂ ਨੇ ਸਰਬ ਸੰਮਤੀ ਨਾਲ ਹੇਠ ਲਿਖੇ ਫੈਸਲਿਆਂ ਤੇ ਤੁਰੰਤ ਅਮਲੀ ਜਾਮਾ ਵੀ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ:
ਆਪੋ-ਆਪਣੇ ਪਿੰਡ ਵਿਚ ਠੀਕਰੀ ਪਹਿਰਾ ਦੇ ਕੇ ਕਿਸੇ ਨਸ਼ਾ ਵੇਚਣ ਵਾਲੇ ਨੂੰ ਪਿੰਡ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ, ਨਾ ਹੀ ਪਿੰਡ ਦੇ ਕਿਸੇ ਨਸ਼ਾ ਵੇਚਣ ਵਾਲੇ ਨੂੰ ਨਸ਼ੇ ਸਮੇਤ ਬਾਹਰ ਜਾਣ ਦਿੱਤਾ ਜਾਵੇਗਾ। ਇਸ ਤਰੀਕੇ ਨਾਲ ਸਪਲਾਈ ਲਾਇਨ ’ਤੇ ਸੱਟ ਮਾਰੀ ਜਾਵੇਗੀ। ਪਿੰਡ ਦੀ ਨਸ਼ਾ ਵਿਰੋਧੀ ਕਮੇਟੀ ਵੱਲੋਂ ਨਸ਼ਾ ਵੇਚਣ ਵਾਲਿਆਂ ਨੂੰ ਪਹਿਲਾਂ ਬੇਨਤੀ ਕਰ ਕੇ ਇਹ ਕੰਮ ਛੱਡਣ ਲਈ ਕੁਝ ਸਮਾਂ ਦਿੱਤਾ ਜਾਵੇਗਾ; ਜੇ ਫਿਰ ਵੀ ਇਹ ਕੰਮ ਨਹੀਂ ਛੱਡਦੇ ਤਾਂ ਉਨ੍ਹਾਂ ਨਾਲ ਪਿੰਡ ਵਾਲਿਆਂ ਦੀ ਰੋਟੀ-ਬੇਟੀ ਦੀ ਸਾਂਝ ਖ਼ਤਮ ਹੋ ਜਾਵੇਗੀ।
ਨਸ਼ਾ ਵੇਚਣ ਵਾਲੇ ਦੀਆਂ ਲਿਸਟਾਂ ਸਬੰਧਿਤ ਥਾਣੇ ਵਿਚ ਪਹੁੰਚਾ ਕੇ ਉਨ੍ਹਾਂ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਜਾਵੇਗਾ। ਨਿਸ਼ਚਿਤ ਸਮੇਂ ਤੋਂ ਬਾਅਦ ਜੇ ਉਹ ਪਹਿਲਾਂ ਵਾਂਗ ਕੋਈ ਕਾਰਵਾਈ ਨਹੀਂ ਕਰਦੇ ਤਾਂ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਨਸ਼ਾ ਵੇਚਣ ਵਾਲਿਆਂ ਦੀ ਗ੍ਰਿਫਤਾਰੀ ਮਗਰੋਂ ਪਿੰਡ ਵਾਲੇ ਉਸ ਦੀ ਜ਼ਮਾਨਤ ਨਹੀਂ ਕਰਵਾਉਣਗੇ। ਜੇ ਪੁਲੀਸ ਪ੍ਰਸ਼ਾਸਨ ਕਿਸੇ ਕਮੇਟੀ ਮੈਂਬਰ ’ਤੇ ਕੇਸ ਪਾਉਂਦਾ ਹੈ ਤਾਂ ਸਾਰਾ ਪਿੰਡ ਉਸ ਦੇ ਨਾਲ ਡਟ ਕੇ ਖੜ੍ਹੇਗਾ ਅਤੇ ਕੇਸ ਦੀ ਪੈਰਵੀ ਵੀ ਪਿੰਡ ਵਾਲੇ ਕਰਨਗੇ।
ਨਸ਼ਾ ਵੇਚਣ ਵਾਲਿਆਂ ’ਤੇ ਕਤਲ ਜਾਂ ਇਰਾਦਾ ਕਤਲ ਦੀਆਂ ਧਾਰਾਵਾਂ ਲਾਈਆਂ ਜਾਣ, ਕਿਉਂਕਿ ਉਨ੍ਹਾਂ ਵੱਲੋਂ ਨਸ਼ੇ ਦੀ ਸਪਲਾਈ ਕਾਰਨ ਹੀ ਨੌਜਵਾਨਾਂ ਦੇ ਸਿਵੇ ਬਲਦੇ ਹਨ। ਨਸ਼ਾ ਕਰਨ ਵਾਲੇ ਪੀੜਤ ਹਨ। ਉਨ੍ਹਾਂ ਪੀੜਤਾਂ ਦਾ ਇਲਾਜ ਪਿੰਡ ਵਾਸੀਆਂ ਵੱਲੋਂ ਕਰਵਾ ਕੇ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਂਦਾ ਜਾਵੇਗਾ। ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਕਿਸੇ ਸਿਆਸੀ ਸ਼ਖ਼ਸ ਦਾ ਹੱਥ ਠੋਕਾ ਨਹੀਂ ਬਣਨਗੇ।
ਨਸ਼ਾ ਵਿਰੋਧੀ ਕਮੇਟੀ ਅਤੇ ਲੋਕਾਂ ਦੇ ਸਰਗਰਮ ਹੋਣ ਕਾਰਨ ਨਸ਼ਾ ਤਸਕਰ ਬੁਖਲਾਹਟ ਵਿਚ ਆ ਗਏ ਹਨ। ਇਸ ਬੁਖਲਾਹਟ ਕਾਰਨ ਹੀ ਫਰੀਦਕੋਟ ਲਾਗੇ ਢਿਲਵਾਂ ਪਿੰਡ ਵਿਚ ਇੱਕ ਤਸਕਰ ਨੇ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਹਰਭਗਵਾਨ ਸਿੰਘ ’ਤੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਇੱਕ ਹੋਰ ਪਿੰਡ ਤੁੰਗਵਾਲੀ ਵਿਚ ਵੀ ਕਮੇਟੀ ਦੇ ਮੈਂਬਰ ’ਤੇ ਤਲਵਾਰ ਨਾਲ ਜਾਨਲੇਵਾ ਹਮਲਾ ਕੀਤਾ। ਇਹ ਸਭ ਕੁਝ ਦੇ ਬਾਵਜੂਦ ਲੋਕ ਅੱਗੇ ਨਾਲੋਂ ਵੀ ਜ਼ਿਆਦਾ ਰੋਹ ਵਿਚ ਆ ਕੇ ਇੱਕਜੁੱਟ ਹੋ ਗਏ ਹਨ। ਮੁਲਜ਼ਮਾਂ ਨੂੰ ਪੁਲੀਸ ਨੇ ਤੁਰੰਤ ਗ੍ਰਿਫ਼ਤਾਰ ਕਰ ਲਿਆ। ਹਰਭਗਵਾਨ ਸਿੰਘ ਦੇ ਪਰਿਵਾਰ ਨੂੰ ਪ੍ਰਸ਼ਾਸਨ ਵੱਲੋਂ ਆਰਥਿਕ ਸਹਾਇਤਾ ਦੇਣ ਦੇ ਨਾਲ ਨਾਲ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਦਾ ਐਲਾਨ ਵੀ ਲੋਕ ਰੋਹ ਨੂੰ ਦੇਖਦਿਆਂ ਕੀਤਾ ਗਿਆ ਹੈ।
ਪਿੰਡਾਂ ਵਿਚ ਰੋਸ ਰੈਲੀਆਂ, ਡਾਂਗ ਮਾਰਚ ਅਤੇ ਨਸ਼ਿਆਂ ਵਿਰੁੱਧ ਗੂੰਜਦੇ ਨਾਅਰੇ ਜਾਗ੍ਰਿਤੀ ਦਾ ਸੁਨੇਹਾ ਦਿੰਦੇ ਹਨ। ਇਕ ਪਿੰਡ ਦੇ ਇਕੱਠ ਵਿਚ ਜਾਗਰੂਕ ਧੀਆਂ ਸਟੇਜ ’ਤੇ ਜਾ ਕੇ ਪੁੱਤ ਬਚਾਉਣ ਦਾ ਇੰਝ ਹੋਕਾ ਦਿੰਦੀਆਂ ਹਨ:
ਕਿਉਂ ਨਸ਼ਿਆਂ ਦੀ ਵਰਤੋਂ ਕਰਦੈਂ
ਧਰਤੀ ਮਾਂ ਕਿਉਂ ਗਹਿਣੇ ਧਰਦੈਂ?
ਤੇਰੇ ਵਰਗੇ ਠੀਕ ਕਰਨ ਲਈ
ਅਸਾਂ ਨੇ ਲਹਿਰ ਚਲਾਈ ਐ
ਬਈ ਹੁਣ ਜਾਗੋ ਆਈ ਐ।
ਮੁੰਡਿਆ ਜਾਗ ਬਈ, ਹੁਣ ਜਾਗੋ ਆਈ ਐ।
ਸ਼ਾਲਾ! ਜਾਗੋ ਦੀ ਇਹ ਲਾਟ ਲੋਕਾਂ ਦੇ ਮਨਾਂ ਅੰਦਰ ਬਲਦੀ ਰਹੇ ਅਤੇ ਨਸ਼ਾ ਤਸਕਰ ਇਹਦੇ ਸਾਹਮਣੇ ਢਹਿ ਢੇਰੀ ਹੋ ਜਾਣ। ਇੱਥੇ ਇਹ ਵੀ ਵਰਨਣਯੋਗ ਹੈ ਕਿ ਨਸ਼ਾ ਵਿਰੋਧੀ ਕਮੇਟੀਆਂ ਵੱਲੋਂ ਸਰਗਰਮ ਭੂਮਿਕਾ ਨਿਭਾਉਣ ਕਾਰਨ ਬਹੁਤ ਸਾਰੇ ਨਸ਼ਾ ਤਸਕਰ ਇਸ ਵੇਲੇ ਕੀਮਤੀ ਕਾਰਾਂ ਵਿਚ ‘ਮਾਲ’ ਸਪਲਾਈ ਕਰਨ ਦੀ ਥਾਂ ਘਰਾਂ ਵਿਚ ਬੈਠੇ ਹਨ। ਲੋਕਾਂ ਦੇ ਰੋਹ ਕਾਰਨ ਪੁਲੀਸ ਪ੍ਰਸ਼ਾਸਨ ਵੀ ਕੁਝ ਸਰਗਰਮ ਹੋਇਆ ਹੈ।
ਸੰਪਰਕ: 94171-48866

Advertisement

Advertisement
Advertisement
Author Image

joginder kumar

View all posts

Advertisement