ਭਾਰੀ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਜੁਲਾਈ
ਦਿੱਲੀ-ਐੱਨਸੀਆਰ ਵਿੱਚ ਅੱਜ ਸਵੇਰੇ ਪਏ ਭਾਰੀ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਨਾਲ ਹੀ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਵੇਰ ਸਮੇਂ ਕੰਮ ’ਤੇ ਜਾਣ ਵਾਲਿਆਂ ਅਤੇ ਸਕੂਲੀ ਬੱਚਿਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਤੜਕੇ ਹੀ ਮੀਂਹ ਸ਼ੁਰੂ ਹੋ ਗਿਆ। ਸਵੇਰੇ ਕਰੀਬ 6:15 ਵਜੇ ਸੰਘਣੇ ਬੱਦਲਾਂ ਕਾਰਨ ਜ਼ੋਰਦਾਰ ਮੀਂਹ ਪੈਣਾ ਸ਼ੁਰੂ ਹੋਇਆ, ਜੋ ਕਰੀਬ 7.30 ਤੋਂ 8.00 ਵਜੇ ਤੱਕ ਜਾਰੀ ਰਿਹਾ।
ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਕਈ ਥਾਵਾਂ ’ਤੇ ਟਰੈਫਿਕ ਜਾਮ ਵੀ ਲੱਗ ਗਿਆ, ਜਿਸ ਕਾਰਨ ਸਵੇਰੇ ਦਫ਼ਤਰ ਅਤੇ ਸਕੂਲ ਜਾਣ ਲਈ ਘਰਾਂ ਤੋਂ ਨਿਕਲਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਿੱਲੀ ਦੇ ਜ਼ਖੀਰਾ ਰੇਲਵੇ ਅੰਡਰਪਾਸ ’ਚ ਪਾਣੀ ਭਰ ਗਿਆ। ਅੱਜ ਸਵੇਰੇ-ਸਵੇਰ ਪਏ ਭਾਰੀ ਮੀਂਹ ਕਾਰਨ ਦਿੱਲੀ-ਐੱਨਸੀਆਰ ਵਿੱਚ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ। ਮੀਂਹ ਕਾਰਨ ਹੁੰਮਸ ਭਰੀ ਗਰਮੀ ਤੋਂ ਕੁਝ ਰਾਹਤ ਮਿਲੀ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਗਿਰਾਵਟ ਆਈ। ਅੱਜ ਦਿੱਲੀ ਦਾ ਘੱਟੋ-ਘੱਟ ਤਾਪਮਾਨ 24.8 ਡਿਗਰੀ ਦਰਜ ਕੀਤਾ ਗਿਆ। ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਸੀ, ਜਦਕਿ ਬੀਤੇ ਦਿਨ ਘੱਟੋ-ਘੱਟ ਤਾਪਮਾਨ 27.4 ਡਿਗਰੀ ਸੈਲਸੀਅਸ ਸੀ। ਮੌਸਮ ਵਿਭਾਗ ਨੇ ਵੀਰਵਾਰ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਪੇਸ਼ੀਨਗੋਈ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕਰਦਿਆਂ 28 ਜੁਲਾਈ ਤੱਕ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਹੈ। ਇਸੇ ਤਰ੍ਹਾਂ ਰਾਜਧਾਨੀ ਵਿੱਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ। ਦਿੱਲੀ ਟਰੈਫਿਕ ਪੁਲੀਸ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਦਿੱਲੀ ਦੇ ਸਭ ਤੋਂ ਪੁਰਾਣੇ ਸ਼ਮਸ਼ਾਨਘਾਟ ਨਿਗਮਬੋਧ ਘਾਟ ’ਤੇ ਪਾਣੀ ਭਰਨ ਕਾਰਨ ਆਵਾਜਾਈ ਨੂੰ ਬਦਲਵੇਂ ਰੂਟ ’ਤੇ ਤਬਦੀਲ ਕੀਤਾ ਗਿਆ ਹੈ।
ਪੁਲੀਸ ਨੇ ਦੱਸਿਆ ਕਿ ਰਾਣੀ ਬਾਗ ਸਥਿਤ ਹਰਿਆਣਾ ਮੈਤਰੀ ਭਵਨ ਵਿੱਚ ਪਿੱਪਲ ਦਾ ਦਰੱਖਤ ਡਿੱਗਣ ਕਾਰਨ ਇਲਾਕੇ ਵਿੱਚ ਆਵਾਜਾਈ ਠੱਪ ਹੋ ਗਈ ਹੈ। -ਪੀਟੀਆਈ
ਭਰਵੇਂ ਮੀਂਹ ਕਾਰਨ ਕਈ ਥਾਈਂ ਆਵਾਜਾਈ ’ਚ ਵਿਘਨ ਪਿਆ
ਨੋਇਡਾ ਦੇ ਸੈਕਟਰ-52 ਸਥਿਤ ਐਕਵਾ ਲਾਈਨ ਮੈਟਰੋ ਸਟੇਸ਼ਨ ਦੇ ਥੱਲੇ ਸੜਕ ’ਤੇ ਪਾਣੀ ਭਰ ਗਿਆ ਹੈ। ਦਿੱਲੀ-ਨੋਇਡਾ-ਦਿੱਲੀ (ਡੀਐਨਡੀ) ਰਾਹੀਂ ਨੋਇਡਾ ਤੋਂ ਲਾਜਪਤ ਨਗਰ ਤੱਕ ਸੜਕ ’ਤੇ ਜਾਮ ਲੱਗ ਗਿਆ ਹੈ। ਨੋਇਡਾ ਦੇ ਸੈਕਟਰ 50 ਤੇ 52 ਨੇੜੇ ਮੀਂਹ ਮਗਰੋਂ ਸੜਕ ’ਤੇ ਪਾਣੀ ਭਰ ਗਿਆ ਹੈ। ਲਗਾਤਾਰ ਮੀਂਹ ਕਾਰਨ ਨੋਇਡਾ ਦੇ ਸੈਕਟਰ 62 ਵਿੱਚ ਸੜਕਾਂ ’ਤੇ ਪਾਣੀ ਭਰ ਗਿਆ। ਵਿਸ਼ਾਲ ਮੈਗਾ ਮਾਰਟ ਨੇੜੇ ਇਕ ਬੱਸ ਖਰਾਬ ਹੋਣ ਕਾਰਨ ਬਦਰਪੁਰ ਤੋਂ ਸੰਗਮ ਵਿਹਾਰ ਨੂੰ ਜਾਣ ਵਾਲੀ ਐੱਮਬੀ ਰੋਡ ’ਤੇ ਆਵਾਜਾਈ ਪ੍ਰਭਾਵਿਤ ਹੋਈ। ਟਰੈਫਿਕ ਪੁਲੀਸ ਨੇ ਲੋਕਾਂ ਨੂੰ ਮੌਸਮ ਬਾਰੇ ਜਾਣਨ ਮਗਰੋਂ ਹੀ ਸਫ਼ਰ ਦੀ ਯੋਜਨਾ ਉਲੀਕਣ ਦੀ ਅਪੀਲ ਕੀਤੀ। ਚੱਠਾ ਰੇਲਵੇ ਚੌਕ ’ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਲੋਕ ਨਿਰਮਾਣ ਵਿਭਾਗ ਨੂੰ ਉੱਤਰੀ ਦਿੱਲੀ ਦੇ ਜ਼ਖੀਰਾ, ਰੋਹਿਣੀ ਅਤੇ ਆਨੰਦ ਪਰਬਤ ਤੋਂ ਪਾਣੀ ਭਰਨ ਨਾਲ ਸਬੰਧਿਤ ਲਗਭਗ 48 ਸ਼ਿਕਾਇਤਾਂ ਮਿਲੀਆਂ। ਮਥੁਰਾ ਰੋਡ, ਸਰਾਏ ਕਾਲੇ ਖਾਂ, ਧੌਲਾ ਕੂਆਂ, ਪੰਜਾਬੀ ਬਾਗ, ਆਨੰਦ ਵਿਹਾਰ, ਇੰਦਰਾ ਗਾਂਧੀ ਸਟੇਡੀਅਮ ਅਤੇ ਆਈਟੀਓ ਵਿੱਚ ਪਾਣੀ ਭਰਨ ਦੀ ਸੂਚਨਾ ਮਿਲੀ।