For the best experience, open
https://m.punjabitribuneonline.com
on your mobile browser.
Advertisement

ਸੰਘਣੀ ਧੁੰਦ ਕਾਰਨ ਜਨ-ਜੀਵਨ ਪ੍ਰਭਾਵਿਤ

11:04 AM Dec 22, 2023 IST
ਸੰਘਣੀ ਧੁੰਦ ਕਾਰਨ ਜਨ ਜੀਵਨ ਪ੍ਰਭਾਵਿਤ
ਸੰਘਣੀ ਧੁੰਦ ਦੌਰਾਨ ਵਿਰਾਸਤੀ ਮਾਰਗ ’ਤੇ ਘੁੰਮਦੇ ਹੋਏ ਲੋਕ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਦਸੰਬਰ
ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅੱਜ ਸਵੇਰ ਦੀ ਸ਼ੁਰੂਆਤ ਸੰਘਣੀ ਧੁੰਦ ਨਾਲ ਹੋਈ। ਇਸ ਦੌਰਾਨ ਧੁੰਦ ਇੰਨੀ ਸੰਘਣੀ ਸੀ ਕਿ ਕਈ ਥਾਵਾਂ ’ਤੇ ਦੂਰ ਤੱਕ ਕੁਝ ਨਹੀਂ ਸੀ ਦਿਖਾਈ ਦੇ ਰਿਹਾ। ਜਦੋਂ ਕਿ ਮੌਸਮ ਵਿਭਾਗ ਵੱਲੋਂ ਦੂਰ ਤੱਕ ਦੇਖਣ ਦੀ ਸਮਰੱਥਾ 25 ਮੀਟਰ ਦੱਸੀ ਗਈ ਹੈ ਤੇ ਘੱਟੋ-ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਰਿਹਾ। ਸਵੇਰ ਵੇਲੇ ਧੁੰਦ ਨੇ ਨਾ ਸਿਰਫ਼ ਦਿਹਾਤੀ ਇਲਾਕੇ ਸਗੋਂ ਸ਼ਹਿਰੀ ਇਲਾਕੇ ਨੂੰ ਵੀ ਆਪਣੀ ਬੁੱਕਲ ਵਿੱਚ ਲੈ ਲਿਆ ਸੀ। ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਦਿਨ ’ਚ ਵੀ ਵਾਹਨਾਂ ਦੀਆਂ ਲਾਈਟਾਂ ਜਗਾਉਣੀਆਂ ਪਈਆਂ। ਇਹ ਇਸ ਸੀਜ਼ਨ ਦੀ ਪਹਿਲੀ ਸੰਘਣੀ ਧੁੰਦ ਦੱਸੀ ਗਈ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨ ਹੋਰ ਸੰਘਣੀ ਧੁੰਦ ਪੈ ਸਕਦੀ ਹੈ। ਵੇਰਵਿਆਂ ਅਨੁਸਾਰ ਅੱਜ ਹਵਾਈ ਅੱਡੇ ’ਤੇ ਸੰਘਣੀ ਧੁੰਦ ਕਾਰਨ ਕੁਝ ਉਡਾਨਾਂ ਦੇਰ ਨਾਲ ਆਈਆਂ ਤੇ ਦੇਰ ਨਾਲ ਰਵਾਨਾ ਹੋਈਆਂ ਹਨ। ਮੌਸਮ ਵਿਭਾਗ ਮੁਤਾਬਕ ਅੱਜ ਘੱਟੋ-ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਰਿਹਾ। ਭਾਵੇਂ ਬਾਅਦ ਵਿੱਚ ਧੁੰਦ ਖਤਮ ਹੋਣ ਮਗਰੋਂ ਧੁੱਪ ਨਿਕਲ ਆਈ ਸੀ ਪਰ ਅੱਜ ਆਮ ਦਿਨਾਂ ਨਾਲੋਂ ਠੰਢ ਵਧੇਰੇ ਰਹੀ।
ਦੂਜੇ ਪਾਸੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਟਰੈਫਿਕ ਪੁਲੀਸ, ਆਰਟੀਏ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਧੁੰਦ ਦੇ ਮੱਦੇਨਜ਼ਰ ਵਾਹਨਾਂ ਦੀ ਜਾਂਚ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸੰਘਣੀ ਧੁੰਦ ਵਿਚ ਜਿੱਥੇ ਵਾਹਨਾਂ ਦੀਆਂ ਅਗਲੀਆਂ ਲਾਈਟਾਂ ਜ਼ਰੂਰੀ ਹਨ, ਉਸ ਤੋਂ ਵੀ ਵੱਧ ਉਸ ਦੇ ਪਿੱਛੇ ਲੱਗੀ ਲਾਈਟ, ਜਿਸ ਵਿਚ ਬਰੇਕ ਲਾਈਟ ਵੀ ਸ਼ਾਮਲ ਹੋਵੇ, ਹਰ ਹਾਲਤ ਚਾਲੂ ਹੋਣੀ ਬੇਹੱਦ ਜ਼ਰੂਰੀ ਹੈ। ਇਸ ਤੋਂ ਇਲਾਵਾ ਵਾਹਨਾਂ ਪਿੱਛੇ ਰਿਫਲੈਕਟਰ ਹੋਣੇ ਚਾਹੀਦੇ ਹਨ। ਵਧੀਕ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਤੁਰੰਤ ਬਾਅਦ ਹਰਕਤ ਵਿਚ ਆਉਂਦੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਆਪਣੀ ਟੀਮ ਨਾਲ ਸੇਫ ਸਕੂਲ ਵਾਹਨ ਪਾਲਸੀ ਅਧੀਨ ਜ਼ਿਲ੍ਹਾ ਟਾਸਕ ਫੋਰਸ ਨੂੰ ਨਾਲ ਲੈ ਕੇ ਪੁਤਲੀਘਰ ਵਿਖੇ ਨਾਕਾ ਲਗਾ ਕੇ ਸਕੂਲ ਵਾਹਨਾਂ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਦੀ ਸੁਰੱਖਿਆ ਲਈ ਅਜਿਹੀ ਧੁੰਦ ਵਿਚ ਸੇਫ ਵਾਹਨ ਪਾਲਸੀ ਦੀ ਪਾਲਣਾ ਕੀਤੀ ਜਾਵੇ।

Advertisement

Advertisement
Advertisement
Author Image

Advertisement