‘ਪੀਪਲਜ਼ ਲਿਟਰੇਰੀ ਫੈਸਟੀਵਲ’ ਦਾ ਆਗ਼ਾਜ਼ ਭਲਕ ਤੋਂ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 23 ਦਸੰਬਰ
ਸਾਹਿਤਕ, ਸੱਭਿਆਚਾਰਕ ਅਤੇ ਸਮਾਜਿਕ ਸਰੋਕਾਰਾਂ ਦਾ ਮੰਚ ‘ਪੀਪਲਜ਼ ਲਿਟਰੇਰੀ ਫੈਸਟੀਵਲ’ 25 ਤੋਂ 28 ਦਸੰਬਰ ਤੱਕ ਇੱਥੇ ਟੀਚਰਜ਼ ਹੋਮ ਵਿਖੇ ਹੋ ਰਿਹਾ ਹੈ। ਮਰਹੂਮ ਸ਼ਾਇਰ ਸੁਰਜੀਤ ਪਾਤਰ ਦੀ ਸਿਮਰਤੀ ਵਿੱਚ ਚਾਰ ਰੋਜ਼ਾ ਇਸ ਸਾਹਿਤਕ ਉਤਸਵ ਵਿੱਚ ਪੱਤਰਕਾਰ ਆਰਫ਼ਾ ਖ਼ਾਨਮ ਸ਼ੇਰਵਾਨੀ ਅਤੇ ਲੇਖਕ ਅਸ਼ੋਕ ਪਾਂਡੇ (ਦਿੱਲੀ) ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਣਗੇ। ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਉਦਘਾਟਨੀ ਸੈਸ਼ਨ ਵਿੱਚ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਸ਼ਾਮਿਲ ਹੋਣਗੇ, ਜਦ ਕਿ ਮੁੱਖ ਮਹਿਮਾਨ ਪ੍ਰੋ. ਜਗਮੋਹਨ ਸਿੰਘ (ਲੁਧਿਆਣਾ) ਹੋਣਗੇੇੇ। ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਅਤੇ ਸਕੱਤਰ ਜਨਰਲ ਗੁਰਬਿੰਦਰ ਸਿੰਘ ਬਰਾੜ ਨੇ ਦੱਸਿਆ ਕਿ ‘ਵਾਇਰ’ ਦੇ ਸੀਨੀਅਰ ਐਡੀਟਰ ਆਰਫ਼ਾ ਖ਼ਾਨਮ ਸ਼ੇਰਵਾਨੀ ਆਪਣੇ ਕੁੰਜੀਵਤ ਭਾਸ਼ਣ ਵਿੱਚ ‘ਅਸੀਂ ਭਾਰਤ ਦੇ ਲੋਕ, ਸੰਵਿਧਾਨ, ਸਮਾਜ ਅਤੇ ਆਜ਼ਾਦ ਪ੍ਰੈਸ’ ਵਿਸ਼ੇ ’ਤੇ ਗੱਲ ਕਰਨਗੇ। ਦੂਜੇ ਸੈਸ਼ਨ ਵਿੱਚ ‘ਪੰਜਾਬੀ ਗੀਤ ਸੰਗੀਤ-ਹਰੀ ਕ੍ਰਾਂਤੀ ਦੇ ਆਰ-ਪਾਰ’ ਵਿਸ਼ੇ ’ਤੇ ਕੁਲਦੀਪ ਸਿੰਘ ਦੀਪ, ਤਸਕੀਨ ਅਤੇ ਰਾਜਿੰਦਰਪਾਲ ਸਿੰਘ ਬਰਾੜ ਚਰਚਾ ਕਰਨਗੇ।