ਪਿੰਡ-ਪਿੰਡ ਜਾ ਕੇ ਲੋਕ ਮਸਲੇ ਹੱਲ ਕੀਤੇ ਜਾਣਗੇ: ਪਠਾਣਮਾਜਰਾ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 30 ਅਗਸਤ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਲੋਕਾਂ ਦੇ ਮਸਲਿਆਂ ਨੂੰ ਪਿੰਡਾਂ ਤੋਂ ਦੂਰ ਜਾਣ ਦੀ ਬਿਜਾਏ ਪਿੰਡਾਂ ਦੇ ਨੇੜੇ ਹੀ ਹੱਲ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ, ਜਿਸ ਤਹਿਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਇਸ ਲੋਕ ਦਰਬਾਰ ਵਿੱਚ ਆਉਂਦੇ ਹਨ ਅਤੇ ਲੋਕਾਂ ਦੇ ਮਸਲੇ ਹੱਲ ਕਰਦੇ ਹਨ।
ਇਸੇ ਤਰ੍ਹਾਂ ਹੀ ਅੱਜ ਦੇਵੀਗੜ੍ਹ ਦਫਤਰ ਵਿੱਚ ਇੱਕ ਲੋਕ ਦਰਬਾਰ ਲਗਾਇਆ ਗਿਆ, ਜਿਸ ਵਿੱਚ ਲੋਕਾਂ ਨੇ ਆਪਣੇ ਮਸਲੇ ਵਿਧਾਇਕ ਦੇ ਸਾਹਮਣੇ ਰੱਖੇ। ਉਨ੍ਹਾਂ ’ਚੋਂ ਬਹੁਤ ਸਾਰਿਆਂ ਨੂੰ ਵਿਧਾਇਕ ਪਠਾਣਮਾਜਰਾ ਨੇ ਅਧਿਕਾਰੀਆਂ ਨਾਲ ਮਿਲਕੇ ਮੌਕੇ ’ਤੇ ਹੀ ਹੱਲ ਕੀਤਾ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਲੋਕਾਂ ਦੇ ਮਸਲੇ ਸ਼ਹਿਰ ਤੱਕ ਨਹੀਂ ਜਾਣ ਦਿੱਤੇ ਜਾਣਗੇ, ਉਨ੍ਹਾਂ ਨੂੰ ਅਜਿਹੇ ਲਾਏ ਜਾਂਦੇ ਲੋਕ ਦਰਬਾਰਾਂ ਵਿੱਚ ਹੀ ਹੱਲ ਕੀਤਾ ਜਾਵੇਗਾ, ਜਿਸ ਨਾਲ ਪਿੰਡਾਂ ਦੇ ਲੋਕਾਂ ਨੂੰ ਕਾਫੀ ਲਾਭ ਹੋਵੇਗਾ।
ਸਹਿਕਾਰੀ ਸਭਾ ਵੱਲੋਂ ਪਠਾਣਮਾਜਰਾ ਦਾ ਸਨਮਾਨ
ਦੇਵੀਗੜ੍ਹ: ‘ਦਿ ਦੇਵੀਗੜ੍ਹ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ’ ਦੇ ਨਵੇਂ ਚੁਣੇ ਮੈਂਬਰਾਂ ਵੱਲੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਸਨਮਾਨ ਕੀਤਾ ਗਿਆ। ਇਨ੍ਹਾਂ ਮੈਂਬਰਾਂ ’ਚ ਰੁਪਿੰਦਰ ਕੌਰ ਪਤਨੀ ਜਗਤਾਰ ਸਿੰਘ ਜੱਗਾ, ਬਲਵਿੰਦਰ ਸਿੰਘ, ਆਤਮਾ ਸਿੰਘ, ਭਗਵਾਨ ਸਿੰਘ, ਰਾਮ ਮੂਰਤੀ, ਬਲਵਿੰਦਰ ਸਿੰਘ, ਅਮਰੀਕ ਸਿੰਘ, ਬਲਿਹਾਰ ਸਿੰਘ, ਦਵਿੰਦਰ ਕੌਰ, ਸ਼ਾਮ ਲਾਲ ਅਤੇ ਗਗਨ ਸ਼ਰਮਾ ਸ਼ਾਮਲ ਸਨ। ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਸਭਾ ਦੇ ਪ੍ਰਧਾਨ ਦੀ ਚੋਣ ਪ੍ਰਕਿਰਿਆ 15 ਦਿਨਾਂ ਬਾਅਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਦੀ ਚੋਣ ਵੀ ਸਰਬਸੰਮਤੀ ਨਾਲ ਕਰਾਉਣ ਦਾ ਯਤਨ ਕੀਤਾ ਜਾਵੇਗਾ। -ਪੱਤਰ ਪ੍ਰੇਰਕ