ਬਠਿੰਡਾ ਲੋਕ ਸਭਾ ਹਲਕੇ ’ਤੇ ਟਿਕੀਆਂ ਲੋਕਾਂ ਦੀਆਂ ਨਜ਼ਰਾਂ
ਸ਼ਗਨ ਕਟਾਰੀਆ
ਬਠਿੰਡਾ, 24 ਮਾਰਚ
ਪਾਰਲੀਮਾਨੀ ਚੋਣਾਂ ਦੇ ਭਖ਼ੇ ਦੌਰ ’ਚ ਰਾਜਨੀਤੀ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੀਆਂ ਨਜ਼ਰਾਂ ਵੀਆਈਪੀ ਹਲਕੇ ਬਠਿੰਡਾ ’ਤੇ ਟਿਕੀਆਂ ਹੋਈਆਂ ਹਨ। ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਐਲਾਨ ਕੇ ਪਹਿਲਕਦਮੀ ਕਰ ਲਈ ਹੈ। ਬਾਕੀ ਪਾਰਟੀਆਂ ਦੇ ਉਮੀਦਵਾਰਾਂ ਬਾਰੇ ਕਿਆਫ਼ਿਆਂ ਦਾ ਬਾਜ਼ਾਰ ਗਰਮ ਹੈ।
ਕਾਂਗਰਸ ਪਾਰਟੀ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਪਿਛਲੇ ਲੰਮੇ ਅਰਸੇ ਤੋਂ ਜਿਸ ਢੰਗ ਨਾਲ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ, ਉਸ ਤੋਂ ਸਪੱਸ਼ਟ ਹੈ ਕਿ ਉਹ ਬਠਿੰਡਾ ਤੋਂ ਚੋਣ ਲੜਨ ਦੇ ਚਾਹਵਾਨ ਹਨ ਹਾਲਾਂਕਿ ਮੀਡੀਆ ਵੱਲੋਂ ਪੁੱਛੇ ਜਾਣ ’ਤੇ ਉਹ ਗੋਲਮੋਲ ਜਵਾਬ ਦੇ ਕੇ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਮੁਹਿੰਮ ’ਚ ਬਠਿੰਡਾ, ਮਾਨਸਾ ਅਤੇ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਬੀਬਾ ਵੜਿੰਗ ਦੇ ਕਦਮਾਂ ਨਾਲ ਆਪਣੇ ਕਦਮ ਮਿਲਾ ਕੇ ਚੱਲ ਰਹੀ ਹੈ। ਜੇ ਕਾਂਗਰਸ ਪਾਰਟੀ ਵੱਲੋਂ ਪੰਜਾਬ ’ਚ ਵੱਡੇ ਚਿਹਰਿਆਂ ਨੂੰ ਚੋਣ ਮੈਦਾਨ ’ਚ ਅੱਗੇ ਲਿਆਉਣ ਦੀ ਗੱਲ ਤੁਰੀ ਤਾਂ ਯਕੀਨਨ ਰਾਜਾ ਵੜਿੰਗ ਵੀ ਇੱਥੋਂ ਚੋਣ ਲੜ ਸਕਦੇ ਹਨ। ਦੂਜਾ ਨੰਬਰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ‘ਘਰ ਵਾਪਸੀ’ ਕਰਨ ਵਾਲੇ ਕਾਂਗਰਸੀ ਆਗੂ ਜੀਤ ਮਹਿੰਦਰ ਸਿੰਘ ਸਿੱਧੂ ਦਾ ਆਉਂਦਾ ਹੈ। ਉਹ ਵੀ ਟਿਕਟ ਲਈ ਕਾਫੀ ਆਸਵੰਦ ਦੱਸੇ ਜਾਂਦੇ ਹਨ। ਅਜਿਹੇ ਹੀ ਯਤਨ ਬਾਦਲ ਖਾਨਦਾਨ ਦੇ ਸ਼ਰੀਕੇ ’ਚੋਂ ਮਹੇਸ਼ਇੰਦਰ ਸਿੰਘ ਲਾਲੀ ਬਾਦਲ ਦੇ ਪੁੱਤਰ ਅਤੇ ਸੁਖਬੀਰ ਸਿੰਘ ਬਾਦਲ ਦੇ ਚਚੇਰੇ ਭਰਾ ਫ਼ਤਿਹ ਸਿੰਘ ਬਾਦਲ ਵੱਲੋਂ ਵੀ ਜੁਟਾਏ ਜਾ ਰਹੇ ਹਨ।
ਜੇਕਰ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਨੇਪਰੇ ਨਾ ਚੜ੍ਹਿਆ ਤਾਂ ਸ਼ਹਿਰ ਦੇ ਉੱਘੇ ਉਦਯੋਗਪਤੀ ਸਰੂਪ ਚੰਦ ਸਿੰਗਲਾ ਨੂੰ ਚੋਣ ਪਿੜ ’ਚ ਉਤਾਰਿਆ ਜਾ ਸਕਦਾ ਹੈ। ਸ੍ਰੀ ਸਿੰਗਲਾ ਅਕਾਲੀ ਦਲ ਦੀ ਟਿਕਟ ’ਤੇ ਬਠਿੰਡਾ (ਸ਼ਹਿਰੀ) ਹਲਕੇ ਤੋਂ ਵਿਧਾਇਕ ਤੇ ਸੰਸਦੀ ਸਕੱਤਰ ਰਹਿ ਚੁੱਕੇ ਹਨ। 2022 ਦੀਆਂ ਚੋਣਾਂ ’ਚ ਹਾਰਨ ਮਗਰੋਂ ਉਨ੍ਹਾਂ ਇਹ ਦੋਸ਼ ਲਾ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ ਕਿ ਬਾਦਲਾਂ ਨੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਦੀ ਅੰਦਰਖਾਤੇ ਮੱਦਦ ਕਰਕੇ, ਉਨ੍ਹਾਂ ਦਾ ਨੁਕਸਾਨ ਕੀਤਾ। ਸ੍ਰੀ ਸਿੰਗਲਾ ਹੁਣ ਜ਼ਿਲ੍ਹਾ ਭਾਜਪਾ ਬਠਿੰਡਾ ਦੇ ਪ੍ਰਧਾਨ ਹਨ। ਅਕਾਲੀ ਦਲ ’ਚੋਂ ਹੀ ਭਾਜਪਾ ’ਚ ਗਏ ਸਾਬਕਾ ਵਿਧਾਇਕ ਤੇ ਸੰਸਦੀ ਸਕੱਤਰ ਰਹੇ ਜਗਦੀਪ ਸਿੰਘ ਨਕੱਈ ਦਾ ਵੀ ਉਮੀਦਵਾਰੀ ’ਚ ਨੰਬਰ ਲੱਗਣ ਬਾਰੇ ਕਿਆਸਰਾਈਆਂ ਜਾਰੀ ਹਨ। ਸ੍ਰੀ ਨਕੱਈ ਇਸ ਵੇਲੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਇਸ ਵਾਰ ਫਿਰ ਇਸੇ ਹਲਕੇ ਤੋਂ ਆਪਣੀ ਕਿਸਮਤ ਅਜ਼ਾਉਣਗੇ। ਸਮਾਂ ਆਉਣ ’ਤੇ ਹੀ ਉਮੀਦਵਾਰਾਂ ਬਾਰੇ ਅਸਲੀ ਸਥਿਤੀ ਸਪੱਸ਼ਟ ਹੋਵੇਗੀ।