ਰੰਗਲੇ ਪੰਜਾਬ ਦਾ ਸੁਫ਼ਨਾ ਸਾਕਾਰ ਕਰਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ: ਅਨਮੋਲ ਗਗਨ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 18 ਦਸੰਬਰ
ਇੱਥੇ ਸਰਕਾਰੀ ਕਾਲਜ ਵਿੱਚ ਕਰਵਾਇਆ ਗਿਆ ਚਾਰ ਰੋਜ਼ਾ ਸੂਫ਼ੀ ਮੇਲੇ ਦੇ ਆਖ਼ਰੀ ਦਿਨ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਨੂੰ ਸਹੀ ਅਰਥਾਂ ਵਿੱਚ ਰੰਗਲਾ ਪੰਜਾਬ ਬਣਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਇਸ ਪੰਜਾਬ ਵਿੱਚ ਸੂਫ਼ੀ ਸੰਗੀਤ, ਸਾਡਾ ਵਿਰਸਾ, ਵਿਰਾਸਤ, ਸੱਭਿਆਚਾਰ, ਪੁਰਾਤਨ ਖੇਡਾਂ ਅਤੇ ਭਾਈਚਾਰਕ ਸਾਂਝ ਵਰਗੇ ਹਰੇਕ ਰੰਗ ਹੋਣਗੇ। ਇਸ ਸੁਫਨੇ ਨੂੰ ਹਕੀਕਤ ਵਿੱਚ ਬਦਲਣ ਲਈ ਪੰਜਾਬ ਸਰਕਾਰ ਨੂੰ ਲੋਕਾਂ ਦੇ ਸਹਿਯੋਗ ਦੀ ਸਖ਼ਤ ਲੋੜ ਹੈ। ਉਨ੍ਹਾਂ ਐਲਾਨ ਕੀਤਾ ਕਿ ਸੂਫ਼ੀ ਮੇਲਾ ਹਰ ਸਾਲ ਮਾਲੇਰਕੋਟਲਾ ਸ਼ਹਿਰ ਵਿੱਚ ਹੋਇਆ ਕਰੇਗਾ।
ਕੈਬਨਿਟ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਚੰਗਾ ਸੰਗੀਤ ਸੁਣਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੈਰ ਸਪਾਟੇ ਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਐਡਵੈਂਚਰ ਟੂਰਿਜ਼ਮ ਪਾਲਿਸੀ- 2023 ਅਤੇ ਪੰਜਾਬ ਵਾਟਰ ਟੂਰਿਜ਼ਮ ਪਾਲਿਸੀ- 2023 ਲਾਂਚ ਕੀਤੀ ਗਈ। ਇਸ ਦੇ ਨਾਲ ਹੀ ਸੂਬੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਾਲ ਭਰ ਸੂਬੇ ਵਿੱਚ 24 ਮੇਲੇ ਲਗਾਏ ਜਾਣਗੇ। ਉਨ੍ਹਾਂ ਨੇ ਵੱਖ ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਕਲਾਕਾਰਾਂ ਦੀ ਕਲਾ ਦੀ ਤਾਰੀਫ਼ ਕੀਤੀ। ਇਸ ਤੋਂ ਪਹਿਲਾਂ ਮਾਲੇਰਕੋਟਲਾ ਦੇ ਵਿਧਾਇਕ ਡਾਕਟਰ ਜ਼ਮੀਲ ਓਰ ਰਹਿਮਾਨ ਨੇ ਕੈਬਨਿਟ ਮੰਤਰੀ ਅਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਇਸ ਫੈਸਟੀਵਲ ਦੀ ਮੇਜ਼ਬਾਨੀ ਰਿਆਸਤੀ ਸ਼ਹਿਰ ਮਾਲੇਰਕੋਟਲਾ ਨੂੰ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਜਸ਼ਨ-ਏ-ਸੂਫ਼ੀਆਨਾ ਕਲਾਮ ਦੌਰਾਨ ਮਾਸਟਰ ਸਲੀਮ, ਸਰਦਾਰ ਅਲੀ, ਪਰਵੇਜ਼ ਝਿੰਜਰ, ਆਬਿਦ ਅਲੀ, ਅਰਹਮ ਇਕਬਾਲ ਅਤੇ ਮੁਹੰਮਦ ਅਨੀਸ਼ ਨੇ ਲੋਕਾਂ ਦਾ ਮਨੋਰੰਜਨ ਕੀਤਾ।