For the best experience, open
https://m.punjabitribuneonline.com
on your mobile browser.
Advertisement

ਈਥਾਨੋਲ ਫੈਕਟਰੀ ਖ਼ਿਲਾਫ਼ ਲੋਕਾਂ ਦਾ ਰੋਹ ਬਰਕਰਾਰ

06:32 AM May 03, 2024 IST
ਈਥਾਨੋਲ ਫੈਕਟਰੀ ਖ਼ਿਲਾਫ਼ ਲੋਕਾਂ ਦਾ ਰੋਹ ਬਰਕਰਾਰ
Advertisement

ਬਲਵਿੰਦਰ ਰੈਤ
ਨੂਰਪੁਰ ਬੇਦੀ, 2 ਮਈ
ਵਿਵਾਦਤ ਈਥਾਨੋਲ ਕੈਮੀਕਲ ਫੈਕਟਰੀ ਵਿਰੁੱਧ ਅੱਜ ਤੀਜੇ ਦਿਨ ਵੀ ਪਿੰਡ ਕੂਕੋਵਾਲ (ਰੋੜੂਆਣਾ ਕਲਵਾਂ) ਵਿੱਚ ਵੱਡੀ ਗਿਣਤੀ ਲੋਕਾਂ ਨੇ ਧਰਨਾ ਜਾਰੀ ਰੱਖਿਆ। ਇਸ ਧਰਨੇ ਵਿੱਚ ਅੱਜ ਅੰਬੂਜਾ ਘਨੌਲੀ ਪ੍ਰਦੂਸ਼ਣ ਸੰਘਰਸ਼ ਕਮੇਟੀ ਦੇ ਆਗੂਆਂ ਰਾਜਿੰਦਰ ਸਿੰਘ ਘਨੋਲਾ ਤੇ ਪਰਮਜੀਤ ਸਿੰਘ ਪੰਮਾ ਵੱਲੋਂ ਸਾਥੀਆਂ ਸਮੇਤ ਸੰਘਰਸ਼ ਨੂੰ ਸਮਰਥਨ ਦਿੱਤਾ ਗਿਆ। ਉੱਧਰ ਅੱਜ ਇਲਾਕੇ ਦੀਆਂ ਵੱਡੀ ਗਿਣਤੀ ਬੀਬੀਆਂ ਦਾ ਵੀ ਫੈਕਟਰੀ ਖ਼ਿਲਾਫ਼ ਇਕੱਤਰ ਹੋਣਾ ਸ਼ੁਰੂ ਹੋ ਗਿਆ। ਧਰਨੇ ਦੌਰਾਨ ਸਮੂਹ ਸੰਘਰਸ਼ਕਾਰੀ ਲੋਕਾਂ ਨੇ ਇੱਕ ਸੁਰ ਵਿੱਚ ਕਿਹਾ ਕਿ ਇਸ ਫੈਕਟਰੀ ਨਾਲ ਇਲਾਕੇ ਦਾ ਵੱਡਾ ਘਾਣ ਹੋਵੇਗਾ। ਉਨ੍ਹਾਂ ਕਿਹਾ ਕਿ ਨਾ ਹੀ ਇੱਥੇ ਕੋਈ ਵਿਵਾਦਤ ਮਿਲਕ ਪਲਾਂਟ ਲੱਗੇਗਾ ਤੇ ਨਾ ਹੀ ਉਹ ਈਥਾਨੋਲ ਫੈਕਟਰੀ ਲੱਗਣ ਦੇਣਗੇ। ਉਨ੍ਹਾਂ ਕਿਹਾ ਕਿ ਕੰਪਨੀ ਦੇ ਮਾਲਕਾਂ ਵੱਲੋਂ ਪਾਣੀ ਦੇ ਕੁਦਰਤੀ ਬਹਾਅ ਨੂੰ ਰੋਕ ਕੇ ਉਸ ਦਾ ਰਾਹ ਬਦਲਿਆ ਗਿਆ ਹੈ। ਪਾਣੀ ਦੇ ਕੁਦਰਤੀ ਰਾਹ ਉੱਤੇ ਹੀ ਨਿਰਮਾਣ ਕੀਤਾ ਗਿਆ ਹੈ, ਇਸ ਕਰ ਕੇ ਇਸ ਸਾਰੇ ਗੈਰ-ਕਾਨੂੰਨੀ ਨਿਰਮਾਣ ਨੂੰ ਪ੍ਰਸ਼ਾਸਨ ਤੁਰੰਤ ਹਟਾਏ। ਇਸ ਧਰਨੇ ਨੂੰ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਕਮਲਜੀਤ ਰੋੜੂਆਣਾ, ਬਾਬਾ ਸੁੱਚਾ ਸਿੰਘ ਕਲਵਾਂ, ਸੁਖਵਿੰਦਰ ਸਿੰਘ ਬੜਵਾ, ਗੁਰਜੀਤ ਸਿੰਘ ਗੋਲਡੀ ਕਲਵਾਂ ਆਦਿ ਨੇ ਸੰਬੋਧਨ ਕੀਤਾ। ਲੋਕਾਂ ਨੇ ਇਲਾਕੇ ਵਿੱਚ ਕੋਈ ਫੈਕਟਰੀ ਦੀ ਮਨਜ਼ੂਰੀ ਨਾ ਦੇਣ ਅਤੇ ਇਸ ਨੂੰ ਗਰੀਨ ਜ਼ੋਨ ਐਲਾਨਣ ਦੀ ਮੰਗ ਰੱਖੀ। ਇਸੇ ਦੌਰਾਨ ਅੱਜ ਮਾਈਨਿੰਗ ਵਿਭਾਗ ਦੇ ਐੱਸਡੀਓ ਵੱਲੋਂ ਪੁਲੀਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਪਹਾੜੀ ਏਰੀਏ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਕਾਰਵਾਈ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ। ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਪੱਤਰ ਦਿੱਤਾ ਗਿਆ।

Advertisement

ਲਾਲਪੁਰਾ ਵੀ ਧਰਨੇ ’ਚ ਪਹੁੰਚੇ

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੀ ਅੱਜ ਧਰਨੇ ਵਿੱਚ ਪੁੱਜੇ। ਉਨ੍ਹਾਂ ਧਰਨੇ ’ਤੇ ਬੈਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਸ ਇਲਾਕੇ ਵਿੱਚ ਕਦੇ ਵੀ ਅਜਿਹਾ ਪਲਾਂਟ ਨਹੀਂ ਲੱਗਣ ਦੇਣਗੇ। ਉਨ੍ਹਾਂ ਕਿਹਾ ਕਿ ਬੀਤੇ ਦਿਨ ਉਨ੍ਹਾਂ ਨੂੰ ਇਸ ਸਮੱਸਿਆ ਬਾਰੇ ਜਾਣਕਾਰੀ ਮਿਲੀ ਸੀ, ਜਿਸ ਮਗਰੋਂ ਉਨ੍ਹਾਂ ਤੁਰੰਤ ਡਿਪਟੀ ਕਮਿਸਨਰ ਰੂਪਨਗਰ ਕੋਲੋਂ ਸਾਰੀ ਰਿਪੋਰਟ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਦਿੱਲੀ ਵਿੱਜ ਇਸ ਮੁੱਦੇ ਸਬੰਧੀ ਕੌਮੀ ਗਰੀਨ ਟ੍ਰਿਬਿਊਨਲ ਨਾਲ ਰਾਬਤਾ ਕਾਇਮ ਕਰਨਗੇ ਅਤੇ ਪੰਜਾਬ ਸਰਕਾਰ ਤੋਂ ਵੀ ਰਿਪੋਰਟ ਤਲਬ ਕਰਨਗੇ।

ਵਿਧਾਇਕ ਨੇ ਫੈਕਟਰੀ ਨੂੰ ਮਨਜ਼ੂਰੀਆਂ ਨਾ ਦੇਣ ਸਬੰਧੀ ਮੁੱਖ ਸਕੱਤਰ ਨੂੰ ਪੱਤਰ ਲਿਖਿਆ

ਰੂਪਨਗਰ (ਜਗਮੋਹਨ ਸਿੰਘ): ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਕੋਕੋਵਾਲ ਵਿੱਚ ਲਗਾਈ ਜਾ ਰਹੀ ਈਥਾਨੋਲ ਫੈਕਟਰੀ ਨੂੰ ਪੰਜਾਬ ਸਰਕਾਰ ਵੱਲੋਂ ਲੋੜੀਂਦੀਆਂ ਮਨਜ਼ੂਰੀਆਂ ਨਾ ਦੇਣ ਅਤੇ ਇਸ ਖੇਤਰ ਨੂੰ ਗਰੀਨ ਜ਼ੋਨ ਐਲਾਨਣ ਸਬੰਧੀ ਪੱਤਰ ਲਿਖਿਆ ਹੈ। ਮੁੱਖ ਸਕੱਤਰ ਨੂੰ ਲਿਖੇ ਗਏ ਪੱਤਰ ਰਾਹੀਂ ਵਿਧਾਇਕ ਚੱਢਾ ਨੇ ਲਿਖਿਆ ਹੈ ਕਿ ਇੱਥੇ ਇੱਕ ਈਥਾਨੋਲ ਫੈਕਟਰੀ ਲਗਾਉਣ ਦੀ ਇੱਕ ਨਿੱਜੀ ਕੰਪਨੀ ਦੇ ਪ੍ਰਸਤਵਾ ਨੂੰ ਕੇਂਦਰ ਦੇ ਵਾਤਾਵਰਨ ਵਿਭਾਗ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ, ਪਰ ਪੰਜਾਬ ਸਰਕਾਰ ਦੀਆਂ ਮਨਜ਼ੂਰੀਆਂ ਹਾਲੇ ਬਾਕੀ ਹਨ। ਉਨ੍ਹਾਂ ਲਿਖਿਆ ਕਿ ਹਰੇ-ਭਰੇ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਾਲੇ ਇਲਾਕੇ ਅੰਦਰ ਈਥਾਨੋਲ ਵਰਗੀ ਫੈਕਟਰੀ ਚੱਲਣ ਨਾਲ ਇਲਾਕੇ ਦੇ ਲੋਕ ਚਿੰਤਤ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਕੰਪਨੀ ਵੱਲੋਂ ਪ੍ਰਸ਼ਾਸਨ ਨੂੰ ਲਿਖ ਕੇ ਦੇ ਦਿੱਤਾ ਗਿਆ ਹੈ ਕਿ ਕੰਪਨੀ ਇੱਥੇ ਈਥਾਨੋਲ ਦਾ ਪ੍ਰਾਜੈਕਟ ਨਹੀਂ ਲਗਾਏਗੀ, ਪਰ ਭਵਿੱਖ ਵਿੱਚ ਵੀ ਇਹ ਯਕੀਨੀ ਬਣਾਇਆ ਜਾਵੇ ਕਿ ਇਸ ਇਲਾਕੇ ਵਿੱਚ ਈਥਾਨੋਲ ਵਰਗੀ ਪ੍ਰਦੂਸ਼ਣ ਫੈਲਾਉਣ ਵਾਲੀ ਕੋਈ ਵੀ ਇੰਡਸਟਰੀ ਨੂੰ ਮਨਜ਼ੂਰੀ ਨਾ ਮਿਲੇ ਅਤੇ ਉਨ੍ਹਾਂ ਮੰਗ ਕੀਤੀ ਵੀ ਕੀਤੀ ਕਿ ਇਲਾਕੇ ਦੇ ਲੋਕਾਂ ਦੀ ਮੰਗ ਅਨੁਸਾਰ ਇਸ ਇਲਾਕੇ ਦੀ ਵਾਤਾਵਰਨ ਪੱਖੋਂ ਮਹੱਤਤਾ ਨੂੰ ਦੇਖਦੇ ਹੋਏ ਇਸ ਇਲਾਕੇ ਨੂੰ ਗਰੀਨ ਜ਼ੋਨ ਐਲਾਨਿਆ ਜਾਵੇ।

Advertisement
Author Image

joginder kumar

View all posts

Advertisement
Advertisement
×