ਵੋਟਰਾਂ ਨੂੰ ਧੋਖਾ ਦੇਣ ਵਾਲੇ ਰਿੰਕੂ ਤੇ ਅੰਗੁਰਾਲ ਨੂੰ ਲੋਕ ਸਬਕ ਸਿਖਾਉਣਗੇ: ਪਾਠਕ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 3 ਅਪਰੈਲ
ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਐਲਾਨੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਭਾਜਪਾ ਜਾਣ ਤੋਂ ਬਾਅਦ ਲੱਗੇ ਝਟਕੇ ਤੋਂ ਪਾਰਟੀ ਵਰਕਰਾਂ ਦਾ ਮਨੋਬਲ ਉਚਾ ਚੁੱਕਣ ਲਈ ‘ਆਪ’ ਦੇ ਕੌਮੀ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਜਲੰਧਰ ਤੇ ਹੁਸ਼ਿਆਰਪੁਰ ਦੇ ਆਗੂਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਸਪੱਸ਼ਟ ਕਿਹਾ ਕਿ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਨੇ ਜਲੰਧਰ ਦੇ ਵੋਟਰਾਂ ਨੂੰ ‘ਧੋਖਾ’ ਦਿੱਤਾ ਹੈ ਤੇ ਉਹੀ ਇਨ੍ਹਾਂ ਨੂੰ ਲੋਕ ਸਭਾ ਦੀਆਂ ਚੋਣਾਂ ਦੌਰਾਨ ਸਬਕ ਸਿਖਾਉਣਗੇ। ਪਾਠਕ ਨੇ ਵਾਪਰੀਆਂ ਘਟਨਾਵਾਂ ਨੂੰ ਭੁੱਲਣ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਵਰਕਰਾਂ ਨੂੰ ਤਿਆਰ ਰਹਿਣ ਦਾ ਸੱਦਾ ਦਿੱਤਾ। ਸੰਦੀਪ ਪਾਠਕ ਦਾ ਜਲੰਧਰ ਦੌਰਾ ਉਦੋਂ ਹੋ ਰਿਹਾ ਹੈ ਜਦੋਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਹਨ ਅਤੇ ਜਲੰਧਰ ਦੇ ਐਮਪੀ ਅਤੇ ਵਿਧਾਇਕ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਸੰਦੀਪ ਪਾਠਕ ਨੇ ਪਾਰਟੀ ਦੇ ਵਰਕਰਾਂ ਨੂੰ ਮੁਖਾਤਬਿ ਹੁੰਦਿਆਂ ਕਿਹਾ ਕਿ ਦੋਵੇਂ ਰਿੰਕੂ ਅਤੇ ਅੰਗੁਰਾਲ ਨੂੰ ਆਪਣੇ ਕਰਮ ਦਾ ਫਲ ਭੁਗਤਣਾ ਪਵੇਗਾ।
ਵਰਕਰਾਂ ਤੇ ਆਗੂਆਂ ਨੇ ਇੱਕਸੁਰ ਹੁੰਦਿਆ ਕਿਹਾ ਕਿ ਜਲੰਧਰ ਤੋਂ ਉਮੀਦਵਾਰ ਪਾਰਟੀ ਦੇ ਅੰਦਰੋਂ ਹੀ ਬਣਾਇਆ ਜਾਵੇ ਜੇਕਰ ਬਾਹਰੋਂ ਉਮੀਦਵਾਰ ਲਿਆਂਦਾ ਤਾਂ ਉਸ ਦਾ ਕੀ ਭਰੋਸਾ ਕਿ ਉਹ ਵੀ ਰਿੰਕੂ ਵਾਂਗ ਛਾਲ ਮਾਰ ਕੇ ਦੂਜੀ ਪਾਰਟੀ ਵਿੱਚ ਚਲਿਆ ਜਾਵੇ।
ਬਲਕਾਰ ਸਿੰਘ ਨੂੰ ਉਮੀਦਵਾਰ ਬਣਾਉਣ ਦਾ ਸੁਝਾਅ
ਨਕੋਦਰ ਤੋਂ ਆਪ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਤੇ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੇ ਸੰਦੀਪ ਪਾਠਕ ਕੋਲੋਂ ਮੰਗ ਕੀਤੀ ਕਿ ਦਲਿਤ ਭਾਈਚਾਰੇ ’ਚ ਮਜ਼ਬੂਤ ਆਧਾਰ ਰੱਖਦੇ ਹਲਕਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਜਾਵੇ। ਹੋਰ ਪਾਰਟੀ ਵਰਕਰਾਂ ਨੇ ਵੀ ਇਹੀ ਸੁਝਾਅ ਦਿੱਤਾ।