For the best experience, open
https://m.punjabitribuneonline.com
on your mobile browser.
Advertisement

ਲੋਕ ਫ਼ਤਵੇ ਦਾ ਨਿਰਾਦਰ ਕਰਨ ਵਾਲਿਆਂ ਨੂੰ ਪੰਜਾਬੀ ਸਬਕ ਸਿਖਾਉਣਗੇ: ਭਗਵੰਤ ਮਾਨ

06:56 AM Apr 28, 2024 IST
ਲੋਕ ਫ਼ਤਵੇ ਦਾ ਨਿਰਾਦਰ ਕਰਨ ਵਾਲਿਆਂ ਨੂੰ ਪੰਜਾਬੀ ਸਬਕ ਸਿਖਾਉਣਗੇ  ਭਗਵੰਤ ਮਾਨ
ਬਾਘਾਪੁਰਾਣਾ ’ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਹੀਦ ਭਗਤ ਸਿੰਘ ਦੀ ਤਸਵੀਰ ਨਾਲ ਸਨਮਾਨਿਤ ਕਰਦੇ ਪਾਰਟੀ ਆਗੂ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਲੋਕਾਂ ਦੇ ਫ਼ਤਵੇ ਦਾ ਨਿਰਾਦਰ ਕਰਨ ਵਾਲਿਆਂ ਨੂੰ ਪੰਜਾਬੀ ਹੁਣ ਲੋਕ ਸਭਾ ਚੋਣਾਂ ’ਚ ਵੀ ਸਬਕ ਸਿਖਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਤੋਂ ਬਾਅਦ ਦਿੱਲੀ ’ਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ ਜਿਸ ਵਿਚ ‘ਆਪ’ ਦੀ ਸ਼ਮੂਲੀਅਤ ਵੀ ਹੋਵੇਗੀ। ਫ਼ਰੀਦਕੋਟ ਤੋਂ ‘ਆਪ’ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ’ਚ ਬਾਘਾਪੁਰਾਣਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਸਿਆਸੀ ਟੋਟਕਿਆਂ ਨਾਲ ਵਿਰੋਧੀ ਧਿਰਾਂ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ‘ਆਪ’ ਦੀ ਲਹਿਰ ਨੂੰ ਦੇਖ ਕੇ ਭਾਜਪਾ ਡਰ ਗਈ ਅਤੇ ਉਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ’ਚ ਡੱਕ ਦਿੱਤਾ ਹੈ ਪਰ ਉਨ੍ਹਾਂ ਦੀ ਸੋਚ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਹੈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ, ਅਦਾਕਾਰ ਬੀਨੂੰ ਢਿੱਲੋਂ, ਅਦਾਕਾਰ ਦੇਵ ਖਰੌੜ, ਡਾ. ਅਮਨਦੀਪ ਕੌਰ ਅਰੋੜਾ, ਦਵਿੰਦਰਜੀਤ ਸਿੰਘ ਲਾਡੀ ਢੋਸ, ਮਨਜੀਤ ਸਿੰਘ ਬਿਲਾਸਪੁਰ, ਅੰਮ੍ਰਿਤਪਾਲ ਸਿੰਘ ਸੁਖਾਨੰਦ, ਅਮਲੋਕ ਸਿੰਘ ਅਤੇ ਹੋਰ ਪਾਰਟੀ ਆਗੂ ਮੌਜੂਦ ਸਨ। ਰੈਲੀ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ,‘‘13 ਬਾਹਾਂ ਅਤੇ 13 ਜ਼ੁਬਾਨਾਂ ਮੈਨੂੰ ਦੇ ਦਿਓ, ਸੂਬੇ ਦੇ ਵਿਕਾਸ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ। ਲੋਕਾਂ ਦੇ ਫ਼ਤਵੇ ਦਾ ਨਿਰਾਦਰ ਕਰਨ ਵਾਲਿਆਂ ਨੂੰ ਹੁਣ ਇਨ੍ਹਾਂ ਚੋਣਾਂ ਵਿਚ ਵੀ ਪੰਜਾਬੀ ਸਬਕ ਸਿਖਾਉਣਗੇ। ਰਵਾਇਤੀ ਪਾਰਟੀਆਂ ਨੂੰ ਸਾਡੀ ਨਹੀਂ ਸਗੋਂ ਲੋਕਾਂ ਦੀ ਹਾਅ ਲੱਗੀ ਹੈ।’’ ਉਨ੍ਹਾਂ ਰਵਾਇਤੀ ਪਾਰਟੀਆਂ ਦੀ ਹਕੂਮਤ ਦੌਰਾਨ ਬੇਰੁਜ਼ਗਾਰੀ ਅਤੇ ਨਸ਼ਿਆਂ ਨਾਲ ਮੌਤਾਂ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਚੁੱਕਿਆ। ਫ਼ਰੀਦਕੋਟ ’ਚ ਭਾਜਪਾ ਉਮੀਦਵਾਰ ਹੰਸਰਾਜ ਹੰਸ ਦਾ ਨਾਮ ਲਏ ਬਿਨਾਂ ਉਨ੍ਹਾਂ ਆਖਿਆ ਕਿ ਢਾਈ ਕਿਲੋ ਦੇ ਹੱਥ ਵਾਲੇ ਸੰਸਦ ਮੈਂਬਰ ਸਨੀ ਦਿਓਲ ਨੇ ਗੁਰਦਾਸਪੁਰ ’ਚ ਲੋਕਾਂ ਨੂੰ ਮੂੰਹ ਤੱਕ ਨਹੀਂ ਵਿਖਾਇਆ ਸੀ ਅਤੇ ਇਸੇ ਤਰ੍ਹਾਂ ਭਾਜਪਾ ਦੇ ਇਥੋਂ ਉਮੀਦਵਾਰ ਤੋਂ ਵੀ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਬੇਸ਼ੁਮਾਰ ਪਿਆਰ ਅਤੇ ਬਜ਼ੁਰਗਾਂ ਦਾ ਆਸ਼ੀਰਵਾਦ ਮਿਲਦਾ ਹੈ ਤਾਂ ਥਕੇਵਾਂ ਲੱਥ ਜਾਂਦਾ ਹੈ। ਇਸ ਵਾਰ ਲੋਕ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਰਿਕਾਰਡ ਤੋੜ ਜਿੱਤ ਦਿਵਾ ਕੇ ‘ਆਪ’ ਨੂੰ ਹੋਰ ਮਜ਼ਬੂਤ ਬਣਾਉਣਗੇ। ਉਨ੍ਹਾਂ ਸਰਕਾਰ ਦੇ ਦੋ ਸਾਲ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ‘ਆਪ’ ਉਮੀਦਵਾਰ ਅਦਾਕਾਰ ਕਰਮਜੀਤ ਅਨਮੋਲ ਨੂੰ ਜਿਤਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਜਿੱਤ-ਹਾਰ ਦੀ ਲੜਾਈ ਨਹੀਂ, ਸਗੋਂ ਸੱਤਾ, ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਨਫ਼ਰਤ ਫੈਲਾਉਣ ਵਾਲੇ ਸੱਤਾ ਵਿਚ ਮੁੜ ਆਏ ਤਾਂ ਉਹ ਲੋਕਤੰਤਰ ਖ਼ਤਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ, ਕਰਤਾਰ ਸਿੰਘ ਸਰਾਭਾ ਵਰਗੇ ਨੌਜਵਾਨਾਂ ਨੇ ਆਪਣੇ ਹੱਕ ਲੈਣ ਲਈ ਹੀ ਸ਼ਹਾਦਤਾਂ ਦਿੱਤੀਆਂ ਸਨ। ਉਨ੍ਹਾਂ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨ ਦਾ ਸੱਦਾ ਦਿੰਦਿਆਂ ਆਖਿਆ ਕਿ ਇਸ ਵਾਰ ‘ਇੰਡੀਆ’ ਗੱਠਜੋੜ ਦੀ ਕੇਂਦਰ ’ਚ ਸਰਕਾਰ ਬਣਨ ਤੋਂ ਬਾਅਦ ਪੰਜਾਬ ਤਰੱਕੀ ਦੀ ਰਾਹ ’ਤੇ ਹੋਰ ਅਗਾਂਹ ਵਧੇਗਾ।

Advertisement

ਭਗਵੰਤ ਮਾਨ ਵੱਲੋਂ ਫ਼ਿਰੋਜ਼ਪੁਰ ਵਿੱਚ ਕਾਕਾ ਬਰਾੜ ਦੇ ਹੱਕ ’ਚ ਰੋਡ ਸ਼ੋਅ

ਫ਼ਿਰੋਜ਼ਪੁਰ ’ਚ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ। -ਫੋਟੋ: ਏਐੱਨਆਈ

ਫ਼ਿਰੋਜ਼ਪੁਰ (ਸੰਜੀਵ ਹਾਂਡਾ): ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ‘ਆਪ’ ਦੇ ਫ਼ਿਰੋਜ਼ਪੁਰ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਵਿੱਚ ਇਥੋਂ ਦੇ ਬਾਬਾ ਨਾਮਦੇਵ ਚੌਕ ਤੋਂ ਦਿੱਲੀ ਗੇਟ ਤੱਕ ਰੋਡ ਸ਼ੋਅ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਾਂਗ ਲੋਕ ਇਸ ਵਾਰ ਵੀ ਨਵਾਂ ਇਤਿਹਾਸ ਰਚਣਗੇ ਅਤੇ ਮਿਸ਼ਨ 13-0, 4 ਜੂਨ ਨੂੰ ਪੂਰਾ ਹੋ ਜਾਵੇਗਾ। ਰੋਡ ਸ਼ੋਅ ਦੌਰਾਨ ਉਨ੍ਹਾਂ ਲੋਕਾਂ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਦੀ ਤਸਵੀਰ ਦਿਖਾਈ ਅਤੇ ਕਿਹਾ ਕਿ ਭਾਜਪਾ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਸਿਰਫ਼ ਪ੍ਰਧਾਨ ਮੰਤਰੀ ਅਤੇ ਸੰਸਦ ਮੈਂਬਰ ਚੁਣਨ ਲਈ ਨਹੀਂ ਸਗੋਂ ਲੋਕਤੰਤਰ ਅਤੇ ਸੰਵਿਧਾਨ ਬਚਾਉਣ ਲਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਭਾਜਪਾ ਇਸ ਵਾਰ ਫਿਰ ਜਿੱਤ ਗਈ ਤਾਂ ਦੇਸ਼ ਵਿਚ ਮੁੜ ਕਦੇ ਚੋਣਾਂ ਨਹੀਂ ਹੋਣਗੀਆਂ। ਉਹ ਰੂਸ ਅਤੇ ਚੀਨ ਵਰਗੇ ਦੇਸ਼ਾਂ ਵਾਂਗ ਇਥੇ ਵੀ ਇੱਕ ਪਾਰਟੀ ਸਿਸਟਮ ਲਾਗੂ ਕਰ ਦੇਵੇਗੀ ਅਤੇ ਲੋਕਾਂ ਦੇ ਅਧਿਕਾਰ ਖੋਹ ਲਏ ਜਾਣਗੇ। ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਵੀ ਤਿੱਖੇ ਸ਼ਬਦੀ ਹਮਲੇ ਕਰਦਿਆਂ ਆਖਿਆ ਕਿ ਉਹ ਹਾਰ ਦੇ ਡਰੋਂ ਮੈਦਾਨ ਛੱਡ ਕੇ ਭੱਜ ਗਏ ਹਨ ਅਤੇ ਜਨਤਾ ਉਨ੍ਹਾਂ ਨੂੰ ਦੁਬਾਰਾ ਕਦੇ ਮੌਕਾ ਨਹੀਂ ਦੇਵੇਗੀ। ‘ਬਾਦਲ ਪਰਿਵਾਰ ਕਈ ਵਾਰ ਕੇਂਦਰ ਦਾ ਹਿੱਸਾ ਰਿਹਾ ਪਰ ਉਨ੍ਹਾਂ ਪੰਜਾਬ ਦੇ ਹੱਕਾਂ ਲਈ ਕੋਈ ਆਵਾਜ਼ ਨਹੀਂ ਉਠਾਈ। ਉਹ ਹਮੇਸ਼ਾ ਆਪਣਾ ਹੀ ਫ਼ਾਇਦਾ ਦੇਖਦੇ ਰਹੇ।’ ਉਨ੍ਹਾਂ ਇਹ ਵੀ ਕਿਹਾ ਕਿ ਦੂਜੇ ਗੇੜ ਦੀ ਵੋਟਿੰਗ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਸ ਵਾਰ ਦੇਸ਼ ’ਚ ਗੱਠਜੋੜ ਦੀ ਹੀ ਸਰਕਾਰ ਬਣੇਗੀ ਅਤੇ ‘ਆਪ’ ਉਸ ਦਾ ਹਿੱਸਾ ਹੋਵੇਗੀ ਜਿਸ ਮਗਰੋਂ ਕੇਂਦਰ ਸਰਕਾਰ ਪੰਜਾਬ ਦਾ ਇੱਕ ਰੁਪੱਈਆ ਵੀ ਨਹੀਂ ਰੋਕ ਸਕੇਗੀ।
ਭਗਵੰਤ ਮਾਨ ਨੇ ਭਾਜਪਾ ਉਪਰ ਦੇਸ਼ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਵਿਗਾੜਨ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਪੰਜਾਬ ’ਚ ਲੋਕ ਗੁਰਪੁਰਬ, ਈਦ ਅਤੇ ਰਾਮਨੌਮੀ ਰਲ ਕੇ ਮਨਾਉਂਦੇ ਹਨ ਜਿਸ ਕਰਕੇ ਇਥੋਂ ਦੇ ਲੋਕ ਨਫ਼ਰਤ ਦੀ ਰਾਜਨੀਤੀ ਨੂੰ ਕਦੇ ਸਵੀਕਾਰ ਨਹੀਂ ਕਰਨਗੇ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਕੇਜਰੀਵਾਲ ਤੋਂ ਬਹੁਤ ਡਰੀ ਹੋਈ ਹੈ। ਇਸ ਲਈ ਕੇਜਰੀਵਾਲ ਨੂੰ ਝੂਠੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਸਰਹੱਦੀ ਖੇਤਰ ਦੇ ਕਿਸਾਨਾਂ ਨੂੰ ਹਰ ਕੋਨੇ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਦਾਅਵਾ ਵੀ ਕੀਤਾ। ਬਾਬਾ ਨਾਮਦੇਵ ਚੌਕ ਤੋਂ ਕਰੀਬ ਸੌ ਮੀਟਰ ਦੀ ਦੂਰੀ ’ਤੇ ਕੁਝ ਕਿਸਾਨਾਂ ਵੱਲੋਂ ਮੁੱਖ ਮੰਤਰੀ ਦਾ ਵਿਰੋਧ ਵੀ ਕੀਤਾ ਗਿਆ।

Advertisement
Author Image

sukhwinder singh

View all posts

Advertisement
Advertisement
×