ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕਤੰਤਰ ਨੂੰ ਬਚਾਉਣ ਲਈ ਭਾਜਪਾ ਨੂੰ ਸਬਕ ਸਿਖਾਉਣਗੇ ਲੋਕ: ਕੁਮਾਰੀ ਸ਼ੈਲਜਾ

10:15 AM May 08, 2024 IST
ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਕੁਮਾਰੀ ਸ਼ੈਲਜਾ। -ਫੋਟੋ: ਪ੍ਰਭੂ

ਨਿੱਜੀ ਪੱਤਰ ਪ੍ਰੇਰਕ
ਸਿਰਸਾ, 7 ਮਈ
ਹਲਕਾ ਸਿਰਸਾ ਤੋਂ ਇੰਡੀਆ ਅਲਾਇੰਸ ਦੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਸਮਾਜ ਦੇ ਹਰ ਵਰਗ ’ਤੇ ਪਿਛਲੇ 10 ਸਾਲਾਂ ਤੋਂ ਜ਼ੁਲਮ ਹੋ ਰਹੇ ਹਨ। ਕਿਸਾਨਾਂ, ਮਜ਼ਦੂਰਾਂ, ਦਲਿਤਾਂ, ਪਛੜੀਆਂ ਸ਼੍ਰੇਣੀਆਂ, ਨੌਜਵਾਨਾਂ, ਔਰਤਾਂ ਤੇ ਵਪਾਰੀਆਂ ਸਭ ਨਾਲ ਭਾਜਪਾ ਸਰਕਾਰ ਨੇ ਧੋਖਾ ਕੀਤਾ ਹੈ। ਮੋਦੀ ਸਰਕਾਰ ਨੇ ਆਪਣੇ ਰਾਜ ਦੌਰਾਨ ਇੱਕ ਵੀ ਅਜਿਹਾ ਕੰਮ ਨਹੀਂ ਕੀਤਾ ਜਿਸ ਦੇ ਸਹਾਰੇ ਉਹ ਲੋਕਾਂ ਕੋਲੋਂ ਵੋਟ ਮੰਗ ਸਕੇ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਹੁਣ ਲੋਕਤੰਤਰ ਨੂੰ ਬਚਾਉਣ ਅਤੇ ਸਿਸਟਮ ਨੂੰ ਬਦਲਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਵੋਟਾਂ ਦੀ ਅਪੀਲ ਕਰਦਿਆਂ ਕਿਹਾ ਕਿ ਝੂਠ ਅਤੇ ਬਿਆਨਬਾਜ਼ੀ ਨਾਲ ਸ਼ੁਰੂ ਹੋਈ ਮੋਦੀ-ਭਾਜਪਾ ਸਰਕਾਰ ਨੂੰ ਉਖਾੜ ਸੁੱਟਣ ਦੀ ਲੋੜ ਹੈ। ਕਾਂਗਰਸ ਦੇ ਮਨੋਰਥ ਪੱਤਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਨੂੰ ਨਿਆਂ ਪੱਤਰ ਦਾ ਨਾਂ ਦਿੱਤਾ ਹੈ। ਇਸ ਵਿੱਚ ਮਜ਼ਦੂਰਾਂ, ਕਿਸਾਨਾਂ ਨੌਜਵਾਨਾਂ, ਮਹਿਲਵਾਂ ਨੂੰ ਇਨਸਾਫ ਦੇਣ ਦੀ ਗੱਲ ਕਹੀ ਗਈ ਹੈ। ਕੁਮਾਰੀ ਸ਼ੈਲਜਾ ਨੇ ਕਿਹਾ ਕਿ 10 ਸਾਲਾਂ ਵਿੱਚ ਇੱਕ ਵਾਰ ਵੀ ਕਿਸਾਨ ਨੂੰ ਉਨ੍ਹਾਂ ਦੀ ਫਸਲ ਦੀ ਲਾਗਤ ਦਾ 50 ਫੀਸਦੀ ਮੁਨਾਫਾ ਨਹੀਂ ਮਿਲਿਆ। ਭਾਜਪਾ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦਾ ਇੱਕ ਪੈਸੇ ਦਾ ਕਰਜ਼ਾ ਮੁਆਫ਼ ਨਹੀਂ ਕੀਤਾ ਜਦੋਂਕਿ ਵੱਡੇ ਪੂੰਜੀਪਤੀਆਂ ਦਾ 14.5 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇੰਡੀਆ ਅਲਾਇੰਸ ਦੀ ਸਰਕਾਰ ਬਣਨ ਮਗਰੋਂ ਜਿੱਥੇ ਸਾਰੇ ਕਿਸਾਨਾਂ ਦੇ ਕਰਜ਼ੇ ’ਤੇ ਲੀਕ ਮਾਰੀ ਜਾਵੇਗੀ, ਉੱਥੇ ਹੀ ਉਨ੍ਹਾਂ ਦੀਆਂ ਫ਼ਸਲਾਂ ਲਈ ਐੱਮਐੱਸਪੀ ’ਤੇ ਖਰੀਦਣ ਦਾ ਕਾਨੂੰਨ ਬਣਾਇਆ ਜਾਵੇਗਾ। ਮਹਿਲਾਵਾਂ ਨੂੰ ਨੌਕਰੀਆਂ ’ਚ ਪੰਜਾਹ ਫੀਸਦੀ ਕੋਟਾ ਤੇ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇਗੀ। ਇਸ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਚੰਦਰਮੋਹਨ ਬਿਸ਼ਨੋਈ, ਸਾਬਕਾ ਗ੍ਰਹਿ ਮੰਤਰੀ ਸੁਭਾਸ਼ ਬੱਤਰਾ ਤੇ ਸਾਬਕਾ ਸੀਪੀਐੱਸ ਪ੍ਰਹਿਲਾਦ ਸਿੰਘ ਗਿੱਲਖੇੜਾ ਸਮੇਤ ਕਈ ਕਾਂਗਰਸੀ ਆਗੂ ਮੌਜੂਦ ਸਨ।

Advertisement

ਕਾਂਗਰਸ ਆਗੂਆਂ ਵੱਲੋਂ ਕੁਮਾਰੀ ਸ਼ੈਲਜਾ ਦੇ ਹੱਕ ’ਚ ਚੋਣ ਪ੍ਰਚਾਰ

ਏਲਨਾਬਾਦ (ਜਗਤਾਰ ਸਮਾਲਸਰ): ਸਾਬਕਾ ਵਿਧਾਇਕ ਭਰਤ ਸਿੰਘ ਬੈਨੀਵਾਲ ਅਤੇ ਵਿਧਾਇਕ ਸਮਸ਼ੇਰ ਸਿੰਘ ਗੋਗੀ ਸਹਿਤ ਕਾਂਗਰਸ ਪਾਰਟੀ ਦੇ ਅਨੇਕ ਸੀਨੀਅਰ ਨੇਤਾਵਾਂ ਨੇ ਏਲਨਾਬਾਦ ਹਲਕੇ ਦੇ ਪਿੰਡਾਂ ਮਿਰਜ਼ਾਪੁਰ, ਅੰਮ੍ਰਿਤਸਰ ਕਲਾਂ, ਪ੍ਰਤਾਪ ਨਗਰ, ਬੁੱਢੀਮਾੜੀ ਤੇ ਰੱਤਾਖੇੜਾ ਵਿੱਚ ਚੋਣ ਪ੍ਰਚਾਰ ਕਰਦਿਆਂ ਸਿਰਸਾ ਲੋਕ ਸਭਾ ਹਲਕੇ ਤੋਂ ਇੰਡੀਆ ਗੱਠਜੋੜ ਦੀ ਉਮੀਦਵਾਰ ਕੁਮਾਰੀ ਸ਼ੈਲਜਾ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਦੌਰਾਨ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਭਰਤ ਸਿੰਘ ਬੈਨੀਵਾਲ ਅਤੇ ਸ਼ਮਸ਼ੇਰ ਸਿੰਘ ਗੋਗੀ ਨੇ ਆਖਿਆ ਕਿ ਅੱਜ ਹਰ ਵਰਗ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕਾ ਹੈ। ਲੋਕਾਂ ਦੇ ਮਨਾਂ ਵਿੱਚ ਭਾਜਪਾ ਪ੍ਰਤੀ ਭਾਰੀ ਗੁੱਸਾ ਹੈ। ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਪੂਰੇ ਹਰਿਆਣਾ ਵਿੱਚ ਭਾਜਪਾ ਦੀ ਵੱਡੀ ਹਾਰ ਹੋਵੇਗੀ। ਇਸ ਮੌਕੇ ਏਲਨਾਬਾਦ ਨਗਰਪਾਲਿਕਾ ਚੇਅਰਮੈਨ ਰਾਮ ਸਿੰਘ ਸੋਲੰਕੀ, ਜੈਪਾਲ ਮਾਨ, ਸੁਮਿਤ ਬੈਨੀਵਾਲ ਤੇ ਗੁਰਮੇਲ ਸਿੰਘ ਬਾਜਵਾ ਸਮੇਤ ਅਨੇਕ ਪਾਰਟੀ ਵਰਕਰ ਮੌਜੂਦ ਸਨ।

Advertisement
Advertisement
Advertisement