ਚੋਣਾਂ ’ਚ ਲੋਕ ਕਾਂਗਰਸ ਦਾ ਸਾਥ ਦੇਣਗੇ: ਜੋਗਿੰਦਰ ਪਾਲ
ਪੱਤਰ ਪ੍ਰੇਰਕ
ਪਠਾਨਕੋਟ, 6 ਅਕਤੂਬਰ
ਬੁੱਢਾ ਨਗਰ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਵੇਲੇ ਭੋਆ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਘਟੀਆ ਕਾਰਗੁਜ਼ਾਰੀ ਨੂੰ ਮੁੱਖ ਰੱਖ ਕੇ ਹਲਕਾ ਭੋਆ ਦੇ ਲੋਕ ਪੰਚਾਇਤੀ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਸਾਥ ਦੇ ਕੇ ਇੱਕ ਨਵਾਂ ਇਤਿਹਾਸ ਸਿਰਜਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ ਇੰਨੀ ਖ਼ਰਾਬ ਹੈ ਕਿ ਹਰ ਨਾਗਰਿਕ ਡਰ ਦੇ ਮਾਹੌਲ ਵਿੱਚ ਜੀ ਰਿਹਾ ਹੈ। ਭ੍ਰਿਸ਼ਟਾਚਾਰ ਸਿਖ਼ਰ ’ਤੇ ਹੈ, ਹਲਕਾ ਭੋਆ ਦੀਆਂ ਸੜਕਾਂ ਟੋਇਆਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ ਅਤੇ ਪਿੰਡਾਂ ਵਿੱਚ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ। ਕਾਂਗਰਸ ਦੇ ਰਾਜ ਵਿੱਚ ਜੋ ਵਿਕਾਸ ਹੋਇਆ ਹੈ, ਉਸ ਤੋਂ ਬਾਅਦ ਹਲਕਾ ਭੋਆ ਵਿੱਚ ਕੋਈ ਵੀ ਵਿਕਾਸ ਕਾਰਜ ਨਹੀਂ ਹੋਇਆ। ਤਹਿਸੀਲਾਂ, ਥਾਣਿਆਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਗ਼ਰੀਬਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਲੋਕ ਇਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਮੁੜ ਕਾਂਗਰਸ ਪਾਰਟੀ ਦੇ ਰਾਜ ਨੂੰ ਯਾਦ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਉਹ ਹਲਕਾ ਭੋਆ ਦੇ ਲੋਕਾਂ ਨੂੰ ਆਪਣਾ ਪਰਿਵਾਰ ਸਮਝਦੇ ਹਨ ਅਤੇ ਇਨ੍ਹਾਂ ਦੀ ਸੇਵਾ ਵਿੱਚ ਹਮੇਸ਼ਾਂ ਉਪਲਭਧ ਹਨ।
ਇਸ ਮੌਕੇ ਬ੍ਰਿਜ ਮਹਾਜਨ ਬਿੱਟੂ, ਦੀਪਕ ਮਹਾਜਨ, ਕਿਸ਼ਨ ਚੰਦਰ ਮਹਾਜਨ ਅਤੇ ਦੀਪਾਂਸ਼ ਮਹਾਜਨ ਵੀ ਹਾਜ਼ਰ ਸਨ।