ਲੋਕਾਂ ਨੂੰ ਰਾਸ਼ਨ ਲੈਣ ਲਈ ਖੱਜਲ-ਖੁਆਰ ਨਹੀਂ ਹੋਣਾ ਪਵੇਗਾ: ਕਟਾਰੂਚੱਕ
ਐਨ ਪੀ ਧਵਨ
ਪਠਾਨਕੋਟ, 11 ਫਰਵਰੀ
ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਤਕ ਵੰਡ ਪ੍ਰਣਾਲੀ ਤਹਿਤ ਲਾਭਪਾਤਰੀਆਂ ਨੂੰ ਘਰ-ਘਰ ਰਾਸ਼ਨ ਪਹੁੰਚਾਉਣ ਦੀ ਜੋ ਸ਼ੁਰੂਆਤ ਕੀਤੀ ਗਈ ਹੈ, ਇਸ ਨਾਲ ਲਾਭਪਾਤਰੀ ਪਰਿਵਾਰਾਂ ਨੂੰ ਰਾਸ਼ਨ ਲੈਣ ਲਈ ਹੁਣ ਡਿਪੂਆਂ ਉਪਰ ਨਹੀਂ ਜਾਣਾ ਪਵੇਗਾ ਅਤੇ ਨਾ ਹੀ ਲਾਈਨਾਂ ਵਿੱਚ ਖੜ੍ਹਾ ਹੋਣਾ ਪਵੇਗਾ। ਉਨ੍ਹਾਂ ਪਿੰਡ ਬਕਨੌਰ ਵਿਚ ਡਾ. ਬੀ ਆਰ ਅੰਬੇਦਕਰ ਵੈਲਫੇਅਰ ਚੇਤਨਾ ਮੰਚ ਤਾਰਾਗੜ੍ਹ ਵੱਲੋਂ 15 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਨਵੀਂ ਪਬਲਿਕ ਲਾਇਬਰੇਰੀ ਦਾ ਉਦਘਾਟਨ ਕੀਤਾ। ਇਸ ਮੌਕੇ ਸੁਆਮੀ ਗੁਰਦੀਪ ਗਿਰੀ ਅਤੇ ਹੋਰ ਵੀ ਆਗੂ ਹਾਜ਼ਰ ਸਨ। ਉਨ੍ਹਾਂ ਚੇਤਨਾ ਮੰਚ ਨੂੰ 5 ਲੱਖ ਰੁਪਏ ਦੀ ਗਰਾਂਟ ਹੋਰ ਦੇਣ ਦਾ ਐਲਾਨ ਵੀ ਕੀਤਾ।ਕੈਬਨਿਟ ਮੰਤਰੀ ਦਾ ਕਹਿਣਾ ਸੀ ਕਿ ਪਿਛਲੇ ਸਮਿਆਂ ਵਿੱਚ ਰਾਸ਼ਨ ਲੈਣ ਲਈ ਆਪਣੀਆਂ ਦਿਹਾੜੀਆਂ ਤੋੜ ਕੇ ਡਿਪੂਆਂ ਉਪਰ ਜਾਣਾ ਪੈਂਦਾ ਸੀ ਪਰ ਹੁਣ ਸਰਕਾਰ ਉਨ੍ਹਾਂ ਦੇ ਘਰਾਂ ਵਿੱਚ ਰਾਸ਼ਨ ਦੇਣ ਜਾਵੇਗੀ, ਜਿਸ ਨਾਲ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸਾਰੇ ਪੰਜਾਬ ਵਿੱਚ ਮਾਰਕਫੈਡ ਵੱਲੋਂ ਇਸ ਕੰਮ ਲਈ 627 ਮਾਡਲ ਦੁਕਾਨਾਂ ਖੋਲ੍ਹੀਆਂ ਗਈਆਂ ਹਨ।