ਅਕਾਲੀ, ਭਾਜਪਾ ਤੇ ‘ਆਪ’ ਨੂੰ ਮੂੰਹ ਨਹੀਂ ਲਾਉਣਗੇ ਲੋਕ: ਜੀਤ ਮਹਿੰਦਰ ਸਿੱਧੂ
ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 5 ਮਈ
ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਬਠਿੰਡਾ (ਦਿਹਾਤੀ) ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਿਆ। ਅੱਜ ਉਨ੍ਹਾਂ ਨੇ ਬਹਿਮਣ ਦੀਵਾਨਾ, ਦਿਉਣ, ਬੁਰਜ ਮਹਿਮਾ, ਬੱਲੂਆਣਾ, ਚੁੱਘੇਕਲਾਂ, ਤਿਉਣਾ, ਨਰੂਆਣਾ, ਧੁੰਨੀਕੇ, ਨੰਦਗੜ੍ਹ, ਚੱਕ ਅਤਰ ਸਿੰਘ ਵਾਲਾ, ਕਾਲਝਰਾਣੀ, ਬੰਬੀਹਾ ਤੇ ਬਾਜ਼ਕ ਆਦਿ ਪਿੰਡਾਂ ’ਚ ਇਕੱਠਾਂ ਨੂੰ ਸੰਬੋਧਨ ਕੀਤਾ। ਚੋਣ ਮੀਟਿੰਗਾਂ ਮੌਕੇ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਤੇ ਭਾਜਪਾਈ ਅੱਜ ਵੀ ਅੰਦਰੋਂ ਇੱਕ ਹਨ ਤੇ ਅਕਾਲੀ ਦਲ ਨੂੰ ਪਾਇਆ ਵੋਟ ਵੀ ਭਾਜਪਾ ਦੇ ਖ਼ਾਤੇ ’ਚ ਜਾਵੇਗਾ। ਕਾਂਗਰਸੀ ਉਮੀਦਵਾਰ ਨੇ ਅਕਾਲੀ ਦਲ ਦੀ ਉਮੀਦਵਾਰ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਭਾਜਪਾ ਨਾਲੋਂ ਅਲੱਗ ਹੋਣ ਦਾ ਨਾਟਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਹਾਲੇ ਭੁੱਲੇ ਨਹੀਂ ਕਿ ਤਿੰਨ ਕਿਸਾਨ ਵਿਰੋਧੀ ਖੇਤੀ ਬਿੱਲਾਂ ਨੂੰ ਵਾਪਸ ਕਰਨ ਲਈ ਉਨ੍ਹਾਂ ਨੂੰ ਅਪਣੇ 700 ਕਿਸਾਨ ਭਰਾਵਾਂ ਦੀਆਂ ਸ਼ਹੀਦੀਆਂ ਦੇਣੀਆਂ ਪਈਆਂ ਤੇ ਇਨ੍ਹਾਂ ਖੇਤੀ ਬਿੱਲਾਂ ਦੇ ਹੱਕ ਵਿਚ ਖੜ੍ਹਨ ਵਾਲਾ ਪੰਜਾਬ ਦੇ ਵਿਚ ਸਭ ਤੋਂ ਪਹਿਲਾਂ ਬਾਦਲ ਪਰਿਵਾਰ ਸੀ, ਜਿਸ ਨੇ ਬਾਹਾਂ ਖ਼ੜ੍ਹੀਆਂ ਕਰਕੇ ਕਿਸਾਨਾਂ ਦਾ ਵਿਰੋਧ ਕੀਤਾ ਸੀ ਤੇ ਬਿੱਲਾਂ ਨੂੰ ਫ਼ਾਇਦੇਮੰਦ ਦੱਸਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ੇ ਦੀ ਇੱਕ ਫੁੱਟੀ ਕੌਡੀ ਨਹੀਂ ਦਿੱਤੀ, ਜਿਸ ਦੇ ਚੱਲਦੇ ਅੱਜ ਬਠਿੰਡਾ ਦੇ ਲੋਕ ‘ਆਪ’, ਅਕਾਲੀ ਦਲ ਤੇ ਭਾਜਪਾ ਨੂੰ ਮੂੰਹ ਨਹੀਂ ਲਾਉਣਗੇ। ਇਸ ਦੌਰਾਨ ਚੱਕ ਅਤਰ ਸਿੰਘ ਵਾਲਾ ਤੇ ਬੱਲੂਆਣਾ ’ਚ ਕਈ ਵਿਅਕਤੀ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ।
ਦੇਸ਼ ਨੂੰ ਬਚਾਉਣ ਲਈ ਮੋਦੀ ਸਰਕਾਰ ਨੂੰ ਚਲਦਾ ਕਰਨਾ ਜ਼ਰੂਰੀ: ਸਾਹੋਕੇ
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਆਪਣੇ ਦਸ ਸਾਲ ਦੇ ਕਾਰਜਕਾਲ ਦੌਰਾਨ ਜਿੱਥੇ ਕਿਸਾਨਾਂ ਨਾਲ ਵੱਡਾ ਧੱਕਾ ਕੀਤਾ ਹੈ, ਉਥੇ ਦੇਸ਼ ਵਿਚ ਵਧੀ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਨੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਉਹ ਪਿੰਡ ਜਲਾਲ ਵਿੱਚ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਹੋਈ ਹਲਕਾ ਰਾਮਪੁਰਾ ਫੂਲ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਬੀਬੀ ਸਾਹੋਕੇ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਅਜਿਹੇ ਹਾਲਾਤ ਵਿਚ ਦੇਸ਼ ਨੂੰ ਬਚਾਉਣ ਲਈ ਮੋਦੀ ਸਰਕਾਰ ਨੂੰ ਚਲਦਾ ਕਰਕੇ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਾਉਣਾ ਬਹੁਤ ਜ਼ਰੂਰੀ ਹੈ। ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਬੀਬੀ ਸਾਹੋਕੇ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ‘ਆਪ’ ਨੇ ਪੰਜਾਬ ‘ਚ ਝੂਠੀਆਂ ਗਰੰਟੀਆਂ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਇਸੇ ਦੌਰਾਨ ‘ਆਪ’ ਵਿਧਾਇਕ ਬਲਕਾਰ ਸਿੱਧੂ ਦੇ ਸਾਬਕਾ ਪੀਏ ਸੀਰਾ ਮੱਲੂਆਣਾ ਜੋ ਕਿ ਕੁਝ ਸਮਾਂ ਪਹਿਲਾਂ ਪੰਜਾਬ ਕਾਂਗਰਸ ਦੇ ਬੁਲਾਰੇ ਜਸ਼ਨਦੀਪ ਸਿੰਘ ਚਹਿਲ ਦੀ ਪ੍ਰੇਰਨਾ ਸਦਕਾ ਕਾਂਗਰਸ ’ਚ ਸ਼ਾਮਲ ਹੋ ਗਏ ਸਨ, ਅੱਜ ਮੀਟਿੰਗ ਦੌਰਾਨ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੀ ਹਾਜ਼ਰੀ ‘ਚ ਉਨ੍ਹਾਂ ਦੇ ਧੜੇ ‘ਚ ਸ਼ਾਮਲ ਹੋ ਗਏ। ਬੀਬੀ ਸਾਹੋਕੇ ਤੇ ਕਾਂਗੜ ਨੇ ਸੀਰਾ ਮੱਲੂਆਣਾ ਦਾ ਸਵਾਗਤ ਕੀਤਾ।